ਨਵਾਂ ਪ੍ਰਧਾਨ ਤੇ ਹੋਰ ਅਹੁਦੇਦਾਰ ਮੇਰੀ ਸਲਾਹ ਤੋਂ ਬਿਨਾਂ ਬਣਾਏ : ਭਾਈ ਮੋਹਕਮ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਾਰਟੀ ਦੀ ਬੈਠਕ ਸੋਮਵਾਰ ਨੂੰ ਅੰਮ੍ਰਿਤਸਰ ਵਿਚ ਬੁਲਾਈ

Bhai Mohkam Singh

ਚੰਡੀਗੜ੍ਹ : ਅੱਜ ਕਿਸਾਨ ਭਵਨ ਵਿਚ ਯੂਨਾਈਟਿਡ ਅਕਾਲੀ ਦਲ ਦੇ ਨਵੇਂ ਪ੍ਰਧਾਨ ਚੁਣਨ ਅਤੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਉਲੀਕੇ ਪ੍ਰੋਗਰਾਮ ਸਬੰਧੀ ਪਾਰਟੀ ਦੇ ਪੁਰਾਣੇ ਪ੍ਰਧਾਨ, ਭਾਈ ਮੋਹਕਮ ਸਿੰਘ ਨੇ ਕਿਹਾ ਕਿ ਭਾਈ ਗੁਰਦੀਪ ਸਿੰਘ ਨੇ ਕਾਹਲੀ ਨਾਲ ਪਾਰਟੀ ਦੀ ਬੈਠਕ ਬੁਲਾ ਕੇ ਅਹੁਦੇਦਾਰਾਂ ਦੀ ਗ਼ੈਰ ਕਾਨੂੰਨੀ ਢੰਗ ਨਾਲ ਚੋਣ ਕਰਵਾ ਲਈ ਹੈ ਜੋ ਇਸ ਵੱਡੇ ਭਰਾ ਨੂੰ ਸ਼ੋਭਾ ਨਹੀਂ ਦਿੰਦਾ।

ਰੋਜ਼ਾਨਾ ਸਪੋਕਮਸੈਨ ਨਾਲ ਅੰਮ੍ਰਿਤਸਰ ਤੋਂ ਫ਼ੋਨ 'ਤੇ ਗੱਲਬਾਤ ਕਰਦੇ ਹੋਏ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਸੋਮਵਾਰ 15 ਜੁਲਾਈ ਨੂੰ ਅੰਮ੍ਰਿਤਸਰ ਵਿਚ ਯੂਨਾਈਟਿਡ ਅਕਾਲੀ ਦਲ ਦੀ ਬੈਠਕ ਰੱਖੀ ਗਈ ਹੈ ਅਤੇ ਸਾਰੇ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਅਤੇ ਕਾਰਜਕਾਰਨੀ ਦੀ ਬੈਠਕ ਵਿਚ ਖੁਲ੍ਹ ਕੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਦੇ ਹਿਤ ਤੋਂ ਉਪਰ ਸਿੱਖ ਪੰਥ ਦਾ ਹਿਤ ਹੈ ਅਤੇ ਸਮੁੱਚੇ ਪੰਥ ਵਾਸਤੇ ਸਾਰੇ ਸਿੱਖਾਂ ਨੂੰ ਜ਼ੋਰਦਾਰ ਸੰਘਰਸ਼ ਤੇ ਮਿਹਨਤ ਕਰਨੀ ਜ਼ਰੂਰੀ ਹੈ।

ਅੱਜ ਦੀ ਬੈਠਕ ਵਿਚ ਅਹੁਦੇਦਾਰਾਂ ਦੀ ਚੋਣ ਮੌਕੇ ਕਈਆਂ ਨੂੰ ਉਨ੍ਹਾਂ ਦੀ ਗ਼ੈਰ ਹਾਜ਼ਰੀ ਵਿਚ ਅਹੁਦੇਦਾਰ ਚੁਣਨਾ, ਬਿਲਕੁਲ ਗ਼ਲਤ ਅਤੇ ਕਾਹਲੀ ਨਾਲ ਚੁਕਿਆ ਕਦਮ ਹੈ। ਭਾਈ  ਮੋਹਕਮ ਸਿੰਘ ਨੇ ਸਪਸ਼ਟ ਕੀਤਾ ਕਿ ਉਹ ਖ਼ੁਦ ਕਿਸੇ ਅਹੁਦੇ ਦੇ ਭੁੱਖੇ ਨਹੀਂ ਹਨ, ਉਹ ਤਾਂ ਸਮੁੱਚੇ ਪੰਥ ਅਤੇ ਸਿੱਖ ਕੌਮ ਦੀ ਭਲਾਈ ਤੇ ਹੱਕ ਸੱਚ ਦੀ ਲੜਾਈ ਵਾਸਤੇ ਹਮੇਸ਼ਾ ਅਹਿਮ ਭੂਮਿਕਾ ਨਿਭਾਉਣ ਦੇ ਹਾਮੀ ਹਨ।