ਸਿੱਖਜ਼ ਫ਼ਾਰ ਜਸਟਿਸ 'ਤੇ ਪਾਬੰਦੀ ਲਗਾਉਣਾ ਗ਼ਲਤ : ਗੁਰਦੀਪ ਸਿੰਘ ਬਰਾੜ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਰਕਾਰ ਦੀ ਸਿੱਖਾਂ ਨਾਲ ਨਾਇਨਸਾਫ਼ੀ ਲਗਾਤਾਰ ਜਾਰੀ

Sikh for Justice ban is wrong: Gurdeep Singh Brar

ਚੰਡੀਗੜ੍ਹ : ਸਿੱਖਾਂ ਲਈ ਵਖਰਾ ਸੂਬਾ ਅਤੇ ਪੰਜਾਬ ਲਈ ਬਣਦੇ ਅਧਿਕਾਰਾਂ ਨੂੰ ਲੈਣ ਵਾਸਤੇ ਛੇੜੇ ਸੰਘਰਸ਼ ਦੀ ਲੋਅ ਵਿਚ ਵਿਦੇਸ਼ਾਂ ਵਿਚ ਸਿੱਖ ਜਥੇਬੰਦੀ 'ਜਸਟਿਸ ਫ਼ਾਰ ਸਿੱਖਜ਼' ਵਲੋਂ 'ਰੈਡਰੈਂਡਮ 2020' ਦੇ ਕੀਤੇ ਐਲਾਨ 'ਤੇ ਕੇਂਦਰ ਸਰਕਾਰ ਦੀ ਲਾਈ ਪਾਬੰਦੀ ਦਾ ਵਿਰੋਧ ਵੀ ਨਾਲ ਦੀ ਨਾਲ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਨਿੱਕੇ ਜਿਹੇ ਸੂਬੇ ਵਿਚ ਦਰਜਨਾਂ ਹੀ ਸਿੱਖ ਸੰਗਠਨਾਂ ਦੇ ਪ੍ਰਧਾਨਾਂ, ਅਹੁਦੇਦਾਰਾਂ ਅਤੇ ਹੋਰ ਕਾਰਕੁਨਾਂ ਨੇ ਇਸ ਪਾਬੰਦੀ ਵਿਰੁਧ ਬਿਆਨ ਦੇਣੇ ਸ਼ੁਰੂ ਕਰ ਦਿਤੇ ਹਨ। 

ਅੱਜ ਇਥੇ ਕਿਸਾਨ ਭਵਨ ਵਿਚ ਯੂਨਾਈਟਿਡ ਅਕਾਲੀ ਦਲ ਦੇ ਜ਼ਿਲ੍ਹਾ ਅਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਉਪਰੰਤ ਇਸ ਦੇ ਨਵੇਂ ਚੁਣੇ ਪ੍ਰਧਾਨ ਸ. ਗੁਰਦੀਪ ਸਿੰਘ ਬਰਾੜ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਕੇਂਦਰ ਦੀ ਬੀਜੇਪੀ ਸਰਕਾਰ ਵਲੋਂ ਸਿੱਖਜ਼ ਫ਼ਾਰ ਜਸਟਿਸ 'ਤੇ ਪਾਬੰਦੀ ਲਗਾਉਣਾ ਸਰਾਸਰ ਗ਼ਲਤ ਤੇ ਨਾਜਾਇਜ਼ ਫ਼ੈਸਲਾ ਹੈ ਕਿਉਂਕਿ ਸਿੱਖ ਕੌਮ ਅਤੇ ਪੰਜਾਬ ਦੇ ਲੋਕਾਂ ਨਾਲ ਇਹ ਇਕ ਹੋਰ ਵੱਡੀ ਬੇਇਨਸਾਫ਼ੀ ਹੈ। ਗੁਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਕਤਈ ਖ਼ਾਲਿਸਤਾਨ ਦੇ ਹੱਕ ਵਿਚ ਨਹੀਂ ਹੈ ਪਰ ਮੁਲਕ ਦੀ ਵੰਡ ਸਮੇਂ ਸਿੱਖਾਂ ਨਾਲ ਕੀਤੇ ਵਾਅਦੇ ਅੱਜ ਤਕ ਨਿਭਾਏ ਨਹੀਂ ਗਏ ਅਤੇ ਸਿੱਖਾਂ ਵਿਚ ਰੋਸ ਦਿਨੋਂ ਦਿਨ ਵੱਧਦਾ ਜਾ ਰਿਹ ਹੈ।

ਉਨ੍ਹਾਂ ਕਿਹਾ ਕਿ ਦਲ ਖ਼ਾਲਸਾ, ਅਕਾਲੀ ਦਲ ਅੰਮ੍ਰਿਤਸਰ, ਸੰਤ ਸਮਾਜ ਅਤੇ ਹੋਰ ਅਨੇਕਾਂ ਸਿੱਖ ਜਥੇਬੰਦੀਆਂ ਨਾਲ ਉਨ੍ਹਾਂ ਦਾ ਸੰਪਰਕ ਬਣਿਆ ਹੋਇਆ ਹੈ ਅਤੇ ਪੰਜਾਬੀਆਂ ਵਿਸ਼ੇਸ਼ ਕਰ ਕੇ ਸਿੱਖਾਂ ਦੀਆਂ ਪਾਣੀ, ਭਾਸ਼ਾ, ਇਲਾਕਿਆਂ, ਖ਼ੁਦਮੁਖ਼ਤਾਰੀ ਸਬੰਧੀ ਮੰਗਾਂ ਕੇਂਦਰ ਤੋਂ ਮਨਵਾਉਣ ਵਾਸਤੇ ਸੰਘਰਸ਼ ਜ਼ਰੂਰ ਛੇੜਿਆ ਜਾਵੇਗਾ। ਅੱਜ ਦੇ ਭਰਵੇਂ ਇਕੱਠ ਵਿਚ ਯੂਨਾਈਟਿਡ ਅਕਾਲੀ ਦਲ ਨੇ 3 ਮਤੇ ਪ੍ਰਵਾਨ ਕੀਤੇ ਜਿਨ੍ਹਾਂ ਵਿਚ 24 ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਸਿਰਸਾ ਡੇਰਾ ਮੁਖੀ ਅਤੇ ਦੋਸ਼ੀ ਚੇਲਿਆਂ ਵਿਰੁਧ ਸਖ਼ਤ ਸਜ਼ਾਵਾਂ ਦੇਣਾ ਅਤੇ ਸਾਂਝੀ ਰਾਇ ਬਣਾ ਕੇ ਸੰਘਰਸ਼ ਵਿੱਢਣਾ ਸ਼ਾਮਲ ਸਨ। ਇਸ ਇਕੱਠ ਨੇ ਵੀ ਮਤਾ ਪਾਸ ਕੀਤਾ ਕਿ ਕਾਂਗਰਸ ਅਤੇ ਅਕਾਲੀ ਦਲ ਦੋਵੇਂ ਮਿਲ ਕੇ ਸਿੱਖਾਂ ਨਾਲ ਬੇਇਨਸਾਫ਼ੀ ਕਰ ਰਹੇ ਹਨ, ਇਨ੍ਹਾਂ ਦੋਹਾਂ ਦੀ ਕਾਰਗੁਜ਼ਾਰੀ ਦਾ ਪਰਦਾਫ਼ਾਸ਼ ਕਰ ਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿਵਾਉਣ ਲਈ ਦਬਾਅ ਪਾਇਆ ਜਾਵੇ।

ਇਸ ਇਕੱਠ ਨੇ ਬਰਗਾੜੀ ਤੇ ਬਹਿਬਲ ਕਲਾਂ ਵਿਚ 6 ਮਹੀਨੇ ਤੋਂ ਵੱਧ ਚਲਾਏ ਸੰਘਰਸ਼ ਅਤੇ ਇਸ ਤੋਂ ਪਹਿਲਾਂ ਆਯੋਜਤ ਕੀਤੇ ਸਰਬੱਤ ਖ਼ਾਲਸਾ ਦੀ ਕਾਮਯਾਬੀ ਦੀ ਮਿਸਾਲ ਦਿੰਦੇ ਹੋਏ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਅਤੇ ਬਾਦਲ ਪਰਵਾਰ ਦੀ ਮਿਲੀਭੁਗਤ ਨਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਕਰਾਉਣ ਵਿਚ ਦੇਰੀ ਜਾਣ ਬੁਝ ਕੇ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਚੋਣਾਂ 2016 ਵਿਚ ਅਪਣੀ ਪੂਰੀ ਮਿਆਦ ਖ਼ਤਮ ਕਰ ਚੁਕੀਆਂ ਹਨ ਅਜੇ ਤਕ ਚੀਫ਼ ਕਮਿਸ਼ਨਰ ਗੁਰਦਵਾਰਾ ਚੋਣਾਂ ਦੀ ਨਿਯੁਕਤੀ ਨਹੀਂ ਕੀਤੀ ਗਈ ਜਿਸ ਵਾਸਤੇ ਕੇਂਦਰ ਸਰਕਾਰ 'ਤੇ ਦਬਾਅ ਪਾਇਆ ਜਾਵੇਗਾ। ਭਾਈ ਮੋਹਕਮ ਸਿੰਘ, ਜੋ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਹਨ, ਦੀ ਗ਼ੈਰ ਹਾਜ਼ਰੀ ਵਿਚ ਅੱਜ ਇਸ ਇਕੱਠ ਨੇ ਸ. ਗੁਰਦੀਪ ਸਿੰਘ ਬਰਾੜ ਨੂੰ ਅਪਣਾ ਨਵਾਂ ਪ੍ਰਧਾਨ ਅਤੇ ਸ. ਜਤਿੰਦਰ ਸਿੰਘ ਈਸੜੂ ਨੂੰ ਪਾਰਟੀ ਦਾ ਸਕੱਤਰ ਜਨਰਲ ਸਰਬ ਸੰਮਤੀ ਨਾਲ ਚੁਣ ਲਿਆ।

ਪਾਰਟੀ ਦੇ ਧਾਰਮਕ ਵਿੰਗ ਦਾ ਨਵਾਂ ਮੁਖੀ ਬਾਬਾ ਚਮਕੌਰ ਸਾਹਿਬ ਭਾਈ ਰੂਪਾ ਨੂੰ ਬਣਾਇਆ ਗਿਆ। ਤਿੰਨ ਸੀਨੀਅਰ ਮੀਤ ਪ੍ਰਧਾਨ ਡਾ. ਅਨਵਰ ਅਹਿਮਦ, ਸੀਤਾ ਰਾਮ ਦੀਪਕ, ਬਹਾਦਰ ਸਿੰਘ ਰਾਹੋਂ ਚੁਣੇ ਗਏ ਹਨ ਜਦੋਂ ਕਿ 4 ਮੀਤ ਪ੍ਰਧਾਨ ਕੁਲਵੰਤ ਸਿੰਘ ਮਾਛੀਕੇ, ਜਸਵਿੰਦਰ ਸਿੰਘ ਘੋਲੀਆਂ, ਭਾਈ ਕੁਲਵਿੰਦਰ ਸਿੰਘ ਤੇ ਸੁਖਜੀਤ ਸਿੰਘ ਡਾਲਾ ਨੂੰ ਨਿਯੁਕਤ ਕੀਤਾ ਗਿਆ। ਬਾਅਦ ਵਿਚ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਸ. ਗੁਰਦੀਪ ਸਿੰਘ ਨੇ ਦਸਿਆ ਕਿ ਭਾਈ ਮੋਹਕਮ ਸਿੰਘ ਨਾਲ ਸਲਾਹ ਮਸ਼ਵਰਾ ਕਰ ਕੇ ਉਨ੍ਹਾਂ ਨੂੰ ਪਾਰਟੀ ਦੇ ਧਾਰਮਕ ਵਿੰਗ ਦਾ ਹੈੱਡ ਵੀ ਲਗਾਇਆ ਜਾ ਸਕਦਾ ਹੈ।