ਸਿਆਸਤਦਾਨਾਂ ਅਤੇ ਪੁਜਾਰੀਆਂ ਦਾ ਗਠਜੋੜ ਅੱਜ ਵੀ ਬਰਕਰਾਰ : ਭਾਈ ਢਡਰੀਆਂ
ਕਿਹਾ, ਪੁਜਾਰੀਆਂ ਨੇ ਅਪਣੇ ਅਨੁਸਾਰੀ ਹੀ ਕਰ ਲਏ ਗੁਰਬਾਣੀ ਦੇ ਅਰਥ
ਕੋਟਕਪੂਰਾ : ਪੁਜਾਰੀਵਾਦ ਨੇ ਮਨੁੱਖਤਾ ਨੂੰ ਰਾਮ-ਰਾਮ, ਅੱਲ੍ਹਾ-ਅੱਲ੍ਹਾ ਜਾਂ ਵਾਹਿਗੁਰੂ-ਵਾਹਿਗੁਰੂ ਜਪਣ ਨਾਲ ਪ੍ਰਮਾਤਮਾ ਮਿਲ ਜਾਣ ਦਾ ਦਾਅਵਾ ਕਰ ਦਿਤਾ ਪਰ ਇਹ ਨਾ ਸਮਝਾਇਆ ਕਿ ਸਿਰਫ਼ ਜਪਣ ਨਾਲ ਨਹੀਂ ਬਲਕਿ ਸਮਝਣ ਨਾਲ ਹੀ ਕੋਈ ਪ੍ਰਾਪਤੀ ਹੋ ਸਕਦੀ ਹੈ। ਗੁਰੂ ਮਾਨਿਉ ਗ੍ਰੰਥ ਲੜੀ ਤਹਿਤ ਫ਼ਰੀਦਕੋਟ ਵਿਖੇ ਹੋ ਰਹੇ ਤਿੰਨ ਰੋਜ਼ਾ ਧਾਰਮਕ ਦੀਵਾਨਾਂ ਦੇ ਦੂਜੇ ਦਿਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਈ ਰਣਜੀਤ ਸਿੰਘ ਢਡਰੀਆਂ ਨੇ ਅਫ਼ਸੋਸ ਜ਼ਾਹਰ ਕੀਤਾ ਕਿ ਗੁਰਬਾਣੀ ਜਿਨ੍ਹਾਂ ਗੱਲਾਂ ਨੂੰ ਨਹੀਂ ਮੰਨਦੀ ਜਾਂ ਦਲੀਲਾਂ ਨਾਲ ਜਿਨ੍ਹਾਂ ਕਰਮਕਾਂਡਾਂ ਦਾ ਖੰਡਨ ਕਰਦੀ ਹੈ, ਉਨ੍ਹਾਂ ਨੂੰ ਹੀ ਪੁਜਾਰੀਵਾਦ ਨੇ ਆਮ ਲੋਕਾਈ 'ਚ ਪ੍ਰਚਾਰ ਕੇ ਗੁਮਰਾਹ ਕਰਨਾ ਜਾਰੀ ਰਖਿਆ ਹੋਇਆ ਹੈ। ਮੰਦਰਾਂ ਦੀ ਤਰ੍ਹਾਂ ਪੁਜਾਰੀਆਂ ਨੇ ਗੁਰਦਵਾਰਿਆਂ 'ਚ ਵੀ ਗੋਲਕਾਂ ਦਾ ਰੌਲਾ ਪਾ ਕੇ ਭੰਬਲਭੂਸਾ ਖੜਾ ਕਰ ਦਿਤਾ ਹੈ।
ਉਨ੍ਹਾਂ ਦਲੀਲਾਂ ਨਾਲ ਦਸਿਆ ਕਿ ਅਖੌਤੀ ਸਾਧਾਂ-ਸੰਤਾਂ ਅਤੇ ਪੁਜਾਰੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਗ਼ਲਤ ਅਰਥ ਜਾਂ ਟੀਕੇ ਵੀ ਅਪਣੇ ਅਨੁਸਾਰੀ ਕਰ ਲਏ, ਗੁਰੂ ਸਾਹਿਬਾਨ ਦਾ ਨਾਮ ਲੈ ਲੈ ਕੇ ਆਖਣਾ ਕਿ ਗੁਰੂ ਜੀ ਇਹ ਕਹਿੰਦੇ ਜਾਂ ਇੰਝ ਕਰਦੇ ਸਨ, ਸੰਗਤਾਂ ਨੂੰ ਕਰਮਾਂ, ਭਾਗਾਂ, ਕਿਸਮਤ ਆਦਿ ਨਾਲ ਜੋੜ ਦਿਤਾ। ਪੁਜਾਰੀਆਂ ਨੇ ਰੱਬ ਦਾ ਡਰ ਦਿਖਾ ਕੇ ਲੋਕਾਂ ਨੂੰ ਲੁੱਟਣ ਦਾ ਸਿਲਸਿਲਾ ਜਾਰੀ ਰਖਿਆ ਹੋਇਆ ਹੈ ਪਰ ਅਸੀ ਖ਼ੁਦ ਵੀ ਅਪਣੀ ਜ਼ਿੰਮੇਵਾਰੀ ਤੋਂ ਭੱਜਦੇ ਪ੍ਰਤੀਤ ਹੋ ਰਹੇ ਹਾਂ ਕਿਉਂਕਿ ਸਦੀਆਂ ਤੋਂ ਚਲਦਾ ਆ ਰਿਹਾ ਪੁਜਾਰੀਆਂ ਅਤੇ ਸਿਆਸਤਦਾਨਾਂ ਦਾ ਗਠਜੋੜ ਅੱਜ ਵੀ ਬਰਕਰਾਰ ਹੈ।
ਸਿਆਸੀ ਲੋਕ ਸੱਚ ਬੋਲਣ ਵਾਲਿਆਂ ਨੂੰ ਪੁਜਾਰੀਆਂ ਦੇ ਪੈਰਾਂ 'ਚ ਸੁੱਟਣ ਲਈ ਯਤਨਸ਼ੀਲ ਰਹਿੰਦੇ ਹਨ ਜਦਕਿ ਪੁਜਾਰੀਵਾਦ ਅਜਿਹੇ ਲੋਕਾਂ ਨੂੰ ਸਿਆਸਤਦਾਨਾਂ ਦੀ ਅਧੀਨਗੀ ਮੰਨਣ ਲਈ ਵਿਉਂਤਬੰਦੀਆਂ 'ਚ ਲੱਗਾ ਰਹਿੰਦਾ ਹੈ। ਉਨ੍ਹਾਂ ਅਖੌਤੀ ਸਾਧਾਂ ਨੂੰ ਰੱਬ ਦੇ ਝੂਠੇ ਦਲਾਲ ਗਰਦਾਨਦਿਆਂ ਆਖਿਆ ਕਿ ਸਾਡੀ ਲਾਪ੍ਰਵਾਹੀ ਤੇ ਅਣਗਹਿਲੀ ਕਰ ਕੇ ਅਖੌਤੀ ਸਾਧ ਲੋਕਾਂ ਨੂੰ ਦੋਹੀਂ ਹੱਥੀਂ ਲੁੱਟ ਰਹੇ ਹਨ।