ਚੀਫ ਖਾਲਸਾ ਦੀਵਾਨ ਵਲੋਂ ਗਿਆਨੀ ਰਣਜੀਤ ਸਿੰਘ ਗੌਹਰ ਨੂੰ ਜੱਥੇਦਾਰ ਨਿਯੁਕਤ ਹੋਣ 'ਤੇ ਵਧਾਈ
ਸਿੱਖੀ ਪ੍ਰਚਾਰ ਪ੍ਰਸਾਰ ਪ੍ਰਚੰਡ ਕਰਨ ਅਤੇ ਸਿੱਖ ਪ੍ਰਚਾਰਕ ਵਜੋਂ ਵੱਧ ਤੋਂ ਵੱਧ ਸੰਗਤਾਂ ਨੂੰ ਗੁਰਮਤਿ ਗਿਆਨ ਨਾਲ ਜੋੜਨ ਵਿਚ ਗਿਆਨੀ ਗੌਹਰ ਦਾ ਅਹਿਮ ਯੋਗਦਾਨ ਰਿਹਾ
ਅੰਮ੍ਰਿਤਸਰ : ਚੀਫ ਖਾਲਸਾ ਦੀਵਾਨ ਵਲੋਂ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੂੰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜੱਥੇਦਾਰ ਨਿਯੁਕਤ ਹੋਣ ਤੇ ਵਧਾਈ ਦਿੱਤੀ ਗਈ। ਅੱਜ ਚੀਫ ਖਾਲਸਾ ਦੀਵਾਨ ਦੇ ਮੁੱਖ ਦਫਤਰ ਵਿਖੇ ਹੋਈ ਮੀਟਿੰਗ ਦੌਰਾਨ ਪ੍ਰਧਾਨ ਸ: ਨਿਰਮਲ ਸਿੰਘ ਨੇ ਕਿਹਾ ਕਿ ਧਾਰਮਿਕ ਬਿਰਤੀ ਦੇ ਮਾਲਕ, ਪ੍ਰਸਿੱਧ ਕਥਾਵਾਚਕ ਨਵਨਿਯੁਕਤ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਗੁਰਮਤਿ ਅਤੇ ਗੁਰਬਾਣੀ ਦਾ ਡੂੰਘਾ ਗਿਆਨ ਰੱਖਦੇ ਹਨ । ਸਿੱਖੀ ਪ੍ਰਚਾਰ ਪ੍ਰਸਾਰ ਪ੍ਰਚੰਡ ਕਰਨ ਅਤੇ ਸਿੱਖ ਪ੍ਰਚਾਰਕ ਵਜੋਂ ਵੱਧ ਤੋਂ ਵੱਧ ਸੰਗਤਾਂ ਨੂੰ ਗੁਰਮਤਿ ਗਿਆਨ ਨਾਲ ਜੋੜਨ ਵਿਚ ਗਿਆਨੀ ਗੌਹਰ ਦਾ ਅਹਿਮ ਯੋਗਦਾਨ ਰਿਹਾ ਹੈ।
ਉਨਾਂ ਦੀਆਂ ਪੰਥ ਪ੍ਰਤੀ ਨਿਭਾਈਆਂ ਵੱਡਮੁੱਲ਼ੀਆਂ ਸੇਵਾਵਾਂ ਨੂੰ ਧਿਆਨ ਵਿਚ ਰੱਖਦਿਆਂ ਚੀਫ ਖਾਲਸਾ ਦੀਵਾਨ ਵਲੋਂ ਉਹਨਾਂ ਦਾ ਨਾਂ ਤਖਤ ਸ੍ਰੀ ਪਟਨਾ ਸਾਹਿਬ ਦੇ ਜੱਥੇਦਾਰ ਦੀ ਨਾਮਜਦਗੀ ਵਿਚ ਤਜਵੀਜ ਕੀਤਾ ਗਿਆ ਸੀ।ਗੁਰੂ ਸਾਹਿਬ ਦੀ ਅਪਾਰ ਕਿਰਪਾ ਸਦਕਾ ਗਿਆਨੀ ਰਣਜੀਤ ਸਿੰਘ ਗੌਹਰ ਨੂੰ ਇਕ ਅਹਿਮ ਅਹੁਦੇ ਤੇ ਪੰਥਕ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ। ਉਹਨਾਂ ਦਸਿਆ ਕਿ ਨਿਯੁਕਤੀ ਵੇਲੇ ਸ੍ਰੀ ਪਟਨਾ ਸਾਹਿਬ ਵਿਖੇ ਆਨਰੇਰੀ ਸਕੱਤਰ ਸ: ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਨੇ ਚੀਫ ਖਾਲਸਾ ਦੀਵਾਨ ਵਲੋਂੇ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਸਿਰੋਪਾਓ ਭੇਂਟ ਕਰਕੇ ਨਵੇਂ ਅਹੁਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਅਤੇ ਨਵਨਿਯੁਕਤ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਵਲੋਂ ਚੀਫ ਖਾਲਸਾ ਦੀਵਾਨ ਅਹੁਦੇਦਾਰਾਂ ਲਈ ਗੁਰੂ ਕੀ ਬਖਸ਼ਿਸ਼ ਸਿਰੋਪਾਓ ਅਤੇ ਪ੍ਰਸ਼ਾਦਿ ਭੇਜੇ ਗਏ ਹਨ।
ਇਸ ਮੌਕੇ ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਵਲੋਂ ਆਸ ਪ੍ਰਗਟ ਕੀਤੀ ਗਈ ਕਿ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਜੱਥੇਦਾਰ ਸ੍ਰੀ ਪਟਨਾ ਸਾਹਿਬ ਵਜੋਂ ਸੇਵਾ ਨਿਭਾਉਂਦਿਆਂ ਖਾਲਸਾ ਪੰਥ ਨੂੰ ਸਮਰਪਿਤ ਹੋਕੇ ਕੌਮ ਦੀ ਚੜ•ਦੀ ਕਲਾ ਲਈ ਕੰਮ ਕਰਣਗੇ ਅਤੇ ਪੰਥ ਨੂੰ ਇਕ ਸਕਰਾਤਮਕ ਨਵੀਂ ਸੇਧ ਦੇਣ ਵਿਚ ਸਫਲ ਹੋਣਗੇ । ਮੀਟਿੰਗ ਵਿਚ ਆਨਰੇਰੀ ਸਕੱਤਰ ਸ: ਸਵਿੰਦਰ ਸਿੰਘ ਕੱਥੁਨੰਗਲ ਅਤੇ ਸ: ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਮੀਤ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ, ਆਨਰੇਰੀ ਸਕੱਤਰ ਐਜੂਕੇਸ਼ਨ ਕਮੇਟੀ ਡਾ: ਜਸਵਿੰਦਰ ਸਿੰਘ ਢਿੱਲੋਂ, ਐਡੀਸ਼ਨਲ ਆਨਰੇਰੀ ਸਕੱਤਰ ਸ: ਅਵਤਾਰ ਸਿੰਘ, ਸ: ਸੁਖਜਿੰਦਰ ਸਿੰਘ ਪ੍ਰਿੰਸ਼, ਸ: ਇਬਾਦਤ ਸਿੰਘ ਤੇ ਹੋਰ ਮੈਂਬਰ ਸਾਹਿਬਾਨ ਹਾਜਰ ਸਨ।