ਲਾਈਟ ਐਂਡ ਸਾਊਂਡ ਸ਼ੋਅ ਵਿਚ ਹਜਾਰਾਂ ਸੰਗਤਾਂ ਨੇ ਵੇਖੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਿਰਤਾਂਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰੂ ਜੀ ਦੀਆਂ ਸ਼ਾਖੀਆਂ ਤੋਂ ਮਿਲਦੀ ਹੈ ਆਦਰਸ਼ ਜੀਵਨ ਜਾਚ ਦੀ ਸੋਝੀ ਜਸਬੀਰ ਸਿੰਘ ਡਿੰਪਾ

550th Parkash Purb: Historic Light and Sound Show on Guru Nanak leaves audience mesmerised in Sultanpur Lodhi

ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਇੱਥੇ ਕਰਵਾਏ ਜਾ ਰਹੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਵਿਚ ਮੰਗਲਵਾਰ ਦੀ ਸ਼ਾਮ ਹਜਾਰਾਂ ਸੰਗਤਾਂ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਸਾਖ਼ੀਆਂ ਨੂੰ ਸਟੇਜ ਤੇ ਰੂਪਮਾਨ ਹੁੰਦਾ ਵੇਖਿਆ। ਆਵਾਜ਼ ਤੇ ਰੌਸ਼ਨੀਆਂ ਤੇ ਅਧਾਰਤ ਇਸ ਪ੍ਰੋਗਰਾਮ ਦੇ ਅੱਜ ਦੋ ਸ਼ੋਅ ਹੋਏ ਅਤੇ ਦੋਨਾਂ ਸ਼ੋਆਂ ਵਿਚ ਹੀ ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਜੀ ਦੇ ਜੀਵਨ ਦੇ ਪ੍ਰੇਰਕ ਪ੍ਰਸੰਗ ਵੇਖੇ।

ਇਸ ਮੌਕੇ ਲੋਕ ਸਭਾ ਮੈਂਬਰ ਸ੍ਰੀ ਜਸਬੀਰ ਸਿੰਘ ਡਿੰਪਾ ਨੇ ਅੱਜ ਦੇ ਸ਼ੋਅ ਦੌਰਾਨ ਨਿਮਾਣੇ ਸਿੱਖ ਵਜੋਂ ਸ਼ਿਰਕਤ ਕਰਦਿਆਂ ਸੰਗਤਾਂ ਦੇ ਨਾਲ ਬੈਠ ਕੇ ਇਹ ਸ਼ੋਅ ਵੇਖਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਗੁਰੂ ਜੀ ਦੇ ਸਮੁੱਚੇ ਜੀਵਨ ਤੋਂ ਸਾਨੂੰ ਆਦਰਸ਼ ਜੀਵਨ ਜਾਚ ਦੀ ਸੋਝੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਦੇ ਜੀਵਨ ਦੀ ਹਰੇਕ ਘਟਨਾ ਤੋਂ ਸਾਨੂੰ ਸਿੱਖਿਆ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਾਡੀਆਂ ਨਵੀਂਆਂ ਪੀੜ੍ਹੀਆਂ ਨੂੰ ਗੁਰੂ ਜੀ ਦੇ ਜੀਵਨ ਫਲਸਫੇ, ਉਨ੍ਹਾਂ ਦੀਆਂ ਸਿੱਖਿਆਵਾਂ ਦੀ ਜਾਣਕਾਰੀ ਦੇਣ ਲਈ ਇਹ ਸ਼ੋਅ ਤਿਆਰ ਕਰਵਾਇਆ ਗਿਆ ਹੈ ਜੋ ਕਿ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਧਰਤੀ ਤੇ 15 ਨਵੰਬਰ ਤੱਕ ਜਾਰੀ ਰਹੇਗਾ ਜਦ ਕਿ ਇਸ ਤੋਂ ਬਾਅਦ ਸਾਰੇ ਜ਼ਿਲਿ•ਆਂ ਵਿਚ ਇਹ ਸ਼ੋਅ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 550ਵੇਂ ਗੁਰਪੁਰਬ ਦੇ ਜਸਨਾਂ ਵਿਚ ਸ਼ਿਰਕਤ ਕਰਨ ਪੁੱਜੀਆਂ ਸੰਗਤਾਂ ਲਈ ਸੂਬਾ ਸਰਕਾਰ ਵੱਲੋਂ ਵੱਡੇ ਪੱਧਰ ਤੇ ਇੰਤਜਾਮ ਕੀਤੇ ਗਏ ਹਨ।

ਇਸ ਦੌਰਾਨ ਅੱਜ ਲਾਈਟ ਐਂਡ ਸਾਊਂਡ ਸ਼ੋਅ ਤੋਂ ਬਾਅਦ ਹਰਭਜਨ ਮਾਨ ਨੇ ਆਪਣੇ ਧਾਰਮਿਕ ਗਾਇਨ ਰਾਹੀਂ ਸੰਗਤਾਂ ਵਿਚ ਹਾਜ਼ਰੀ ਭਰੀ। ਇੱਥੇ ਜਿਕਰਯੋਗ ਹੈ ਕਿ 13 ਨਵੰਬਰ ਨੂੰ ਇੱਥੇ ਰਬਾਬ ਪੰਡਾਲ ਵਿਚ  ਸ਼ਾਮ 7 ਤੋਂ 8 ਵਜੇ ਤੱਕ ਦੇ ਲਾਈਟ ਐਂਡ ਸਾਉਂਡ ਸ਼ੋਅ ਤੋਂ ਬਾਅਦ ਵੀ ਪੰਜਾਬੀ ਫਨਕਾਰ ਹਰਭਜਨ ਮਾਨ ਧਾਰਮਿਕ ਗਾਇਨ ਪੇਸ ਕਰਨਗੇ ਜਦ ਕਿ 14 ਅਤੇ 15 ਨਵੰਬਰ ਨੂੰ ਸ਼ਾਮ 7 ਤੋਂ 8 ਵਜੇ ਤੱਕ ਦੇ ਲਾਈਟ ਐਂਡ ਸਾਉਂਡ ਪ੍ਰੋਗਰਾਮ ਤੋਂ ਬਾਅਦ ਪੰਮਾ ਡੂੰਮੇਵਾਲ ਵੱਲੋਂ ਧਾਰਮਿਕ ਗਾਇਨ ਨਾਲ ਇੱਥੇ ਆਪਣੀ ਪੇਸ਼ਕਾਰੀ ਦਿੱਤੀ ਜਾਵੇਗੀ।