ਬਾਦਲ ਪਰਵਾਰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਬਖ਼ਸ਼ਾਵੇ ਭੁੱਲ : ਐਡਵੋਕੇਟ ਹੰਝਰਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜੇਕਰ ਬਾਦਲ ਪਰਵਾਰ ਨੂੰ ਅਪਣੀ ਦਸ ਸਾਲ ਦੀ ਸਰਕਾਰ ਦੌਰਾਨ ਸਰਕਾਰ ਜਾਂ ਬਾਦਲ ਦਲ ਵਲੋਂ ਕੀਤੀਆਂ ਗ਼ਲਤੀਆਂ ਦਾ....

Badal's

ਲੌਂਗੋਵਾਲ, 12 ਦਸੰਬਰ (ਗੋਬਿੰਦ ਸਿੰਘ ਦੁੱਲਟ): ਜੇਕਰ ਬਾਦਲ ਪਰਵਾਰ ਨੂੰ ਅਪਣੀ ਦਸ ਸਾਲ ਦੀ ਸਰਕਾਰ ਦੌਰਾਨ ਸਰਕਾਰ ਜਾਂ ਬਾਦਲ ਦਲ ਵਲੋਂ ਕੀਤੀਆਂ ਗ਼ਲਤੀਆਂ ਦਾ ਸਚਮੁੱਚ ਹੀ ਇਨ੍ਹਾਂ ਦੁੱਖ ਹੈ ਅਤੇ ਉਹ ਗੁਰੂ ਜਾਂ ਪੰਥ ਤੋਂ ਇਸ ਦੀ ਮਾਫ਼ੀ ਚਾਹੁੰਦੇ ਹਨ ਤਾਂ ਪਹਿਲਾਂ ਉਹ ਅਪਣੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਅਤੇ ਬਾਅਦ ਵਿਚ ਗੁਰੂ ਗ੍ਰੰਥ ਸਾਹਿਬ ਅਤੇ ਸਮੁੱਚੇ ਪੰਥ ਤੋਂ 'ਖਿਮਾ ਯਾਚਨਾ' ਮੰਗਣ। ਇਹ ਸ਼ਬਦ ਆਮ ਆਦਮੀ ਪਾਰਟੀ ਦੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਹਰਪ੍ਰੀਤ ਸਿੰਘ ਹੰਝਰਾ ਨੇ ਸਪੋਕਸਮੈਨ ਨਾਲ ਵਿਸ਼ੇਸ ਗੱਲਬਾਤ ਦੌਰਾਨ ਆਖੇ।

 ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਜਿਥੇ ਉਹ ਸ਼੍ਰੋਮਣੀ ਅਕਾਲੀ ਦਲ ਜੋ ਕਿ ਸਿੱਖ ਮਸਲਿਆਂ ਦੀ ਗੱਲ ਕਰਦੀ ਸੀ, ਨੂੰ ਅਪਣੇ ਗਲਬੇ ਵਿਚੋਂ ਕੱਢਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਪਣੇ ਚਮਚਿਆਂ ਨੂੰ ਬਾਹਰ ਕੱਢ ਕੇ ਉਸ ਨੂੰ ਨਿਰੋਲ ਸਿੱਖ ਪੰਥ ਨੂੰ ਸੌਂਪ ਦੇਣ ਤਾਂ ਜੋ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਤੁਹਾਡੇ ਸਿਆਸੀ ਕਾਨਫ਼ਰੰਸਾਂ ਦੇ ਖ਼ਰਚ ਨਾ ਕਰ ਕੇ ਸਿੱਖ ਪੰਥ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰੇ ਅਤੇ ਸਿਆਸੀ ਕਾਨਫ਼ਰੰਸਾਂ ਤੇ ਹੋਣ ਵਾਲੇ ਖ਼ਰਚੇ ਦੀ ਬਜਾਏ ਗ਼ਰੀਬ ਅਤੇ ਨਿਮਾਣੇ ਸਿੱਖਾਂ ਲਈ ਵਰਤੇ ਜਾਣ।

ਉਨ੍ਹਾਂ ਕਿਹਾ ਕਿ ਅਜੇ ਵੀ ਸਮਾਂ ਹੈ ਕਿ ਬਾਦਲ ਪਰਵਾਰ ਨੂੰ ਪਾਰਟੀ ਦੇ ਅਹੁਦਿਆਂ ਤੋਂ ਲਾਂਭੇ ਕਰ ਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ (ਜੋ ਕਿ ਕਿਸੇ ਸਮੇਂ ਕੁਰਬਾਨੀਆਂ ਦੇਣ ਵਾਲੀ ਪਾਰਟੀ ਦੇ ਨਾਮ ਨਾਲ ਜਾਣੀ ਜਾਂਦੀ ਸੀ) ਦੀ ਹੋਂਦ ਨੂੰ ਬਚਾਇਆ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਵਿਸ਼ਵਜੀਤ ਸਿੰਘ, ਮਨੀ ਸਰਾਉਂ, ਵਿਕਰਮਜੀਤ ਸਿੰਘ ਅਤੇ ਭੁਪਿੰਦਰ ਸਿੰਘ ਆਦਿ ਸਮੇਤ ਆਮ ਆਦਮੀ ਪਾਰਟੀ ਦੇ ਹੋਰ ਆਗੂ ਮੌਜੂਦ ਸਨ।