Panthak News: ਚੀਫ਼ ਖ਼ਾਲਸਾ ਦੀਵਾਨ ਸਿੱਖਾਂ ਦੀ ਸਿਰਮੌਰ ਵਿਦਿਅਕ ਤੇ ਧਾਰਮਕ ਸੰਸਥਾ ਹੈ : ਡਾ. ਨਿੱਜਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਚੀਫ਼ ਖ਼ਾਲਸਾ ਦੀਵਾਨ ਵਿਚ ਆਰ ਐਸ ਐਸ ਕਿਵੇਂ ਬਰਦਾਸ਼ਤ ਹੋ ਸਕਦੀ ਹੈ : ਕੱਥੂਨੰਗਲ

Inderbir Singh Nijjar

Panthak News: ਡਾ.ਇੰਦਰਬੀਰ ਸਿੰਘ ਨਿੱਜਰ ਦੇ ਗ੍ਰਹਿ ਵਿਖੇ ਚੀਫ਼ ਖ਼ਾਲਸਾ ਦੀਵਾਨ ਜਨਰਲ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਹੋਈ ਮੀਟਿੰਗ ਦੌਰਾਨ ਡਾ.ਨਿੱਜਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਵਲੋਂ ਦੀਵਾਨ ਦੇ ਸਤਿਕਾਰਤ ਮੈਂਬਰਾਂ ਵਿਰੁਧ ਕੀਤੀ ਗਈ ਕੀਤੀ ਜਾ ਰਹੀ ਦੁਸ਼ਣਬਾਜ਼ੀ ਕਾਰਨ ਸਿੱਖਾਂ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਅਕਸ ਅਤੇ ਮਾਨ ਸਨਮਾਨ ਨੂੰ ਢਾਹ ਲੱਗ ਰਹੀ ਹੈ ਅਤੇ ਵਿਸ਼ਵ ਭਰ ਵਿਚ ਦੀਵਾਨ ਦੀ ਛਵੀ ਖ਼ਰਾਬ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਸਾਡੀ ਟੀਮ ਦੀਵਾਨ ਦੇ ਮੋਢੀ ਰਤਨ ਭਾਈ ਵੀਰ ਸਿੰਘ ਜੀ ਦੀ ਸੋਚ ਅਤੇ ਆਦਰਸ਼ਾਂ ਨੂੰ ਸਮਰਪਿਤ ਹੈ ਅਤੇ ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਚਲਦਿਆਂ ਗੁਰੂ ਦੀ ਬਖ਼ਸ਼ਿਸ਼ ਨਾਲ ਦੀਵਾਨ ਨੂੰ ਵਿਦਿਅਕ ਅਤੇ ਕੌਮੀ ਪੱਖੋਂ ਹੋਰ ਉਚਾਈਆਂ ਤੇ ਲਿਜਾਇਆਂ ਜਾਵੇਗਾ। ਸ. ਸਵਿੰਦਰ ਸਿੰਘ ਕੱਥੂਨੰਗਲ ਨੇ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਇਹ ਕਿਵੇਂ ਬਰਦਾਸ਼ਤ ਕਰ ਸਕਦੇ ਹਨ ਕਿ ਇਸ ਵਿਚ ਆਰ ਐਸ ਐਸ ਦੀ ਸੋਚ ਭਾਰੀ ਪਵੇ।

ਅਖ਼ੀਰ ਵਿਚ ਡਾ. ਨਿੱਜਰ ਨੇ ਪਿਛਲੇ ਦੋ ਸਾਲਾਂ ਦੀਆਂ ਪ੍ਰਾਪਤੀਆਂ ਦਾ ਵੇਰਵਾ ਦਸਿਆ ਜਿਸ ਤਹਿਤ ਉਨ੍ਹਾਂ ਦੀਵਾਨ ਵਲੋਂ ਨਵੇਂ ਸਕੂਲ ਖੋਲ੍ਹਣ, ਕਿਤਾਬਾਂ ਅਤੇ ਉਸਾਰੀ ਠੇਕਿਆਂ ਦੀਆਂ ਪਾਰਦਰਸ਼ੀ ਨੀਤੀਆਂ, ਲਾਇਬ੍ਰੇਰੀ ਅਤੇ ਲੈਬੋਰਟਰੀ ਦੇ ਆਧੁਨਿਕੀਕਰਨ, ਖੇਡਾਂ ਦੇ ਵਿਕਾਸ ਅਤੇ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਸਮੂਹ ਮੈਂਬਰ ਸਾਹਿਬਾਨ ਵਲੋਂ ਚੋਣਾਂ ਦੌਰਾਨ ਉਨ੍ਹਾਂ ਦੀ ਟੀਮ ਨੂੰ ਭਰਪੂਰ ਸਮਰਥਨ ਦੇਣ ਦਾ ਵਿਸ਼ਵਾਸ ਪ੍ਰਗਟਾਇਆ ਅਤੇ ਅਰਦਾਸ ਕੀਤੀ ਕਿ ਗੁਰੂ ਮਹਾਰਾਜ ਜੀ ਸਾਡੀ ਟੀਮ ਤੇ ਮੇਹਰ ਭਰਿਆ ਹੱਥ ਰੱਖ ਕੇ ਜਿੱਤ ਝੋਲੀ ਪਾਉਣ ਅਤੇ ਦੀਵਾਨ ਦੀ ਚੜ੍ਹਦੀ ਕਲਾ ਲਈ ਸੇਵਾ ਕਰਨ ਦਾ ਸੁਭਾਗ ਬਖ਼ਸ਼ਣ। ਇਸ ਮੌਕੇ ਸ. ਸੰਤੋਖ ਸਿੰਘ ਸੇਠੀ, ਸ. ਜਗਜੀਤ ਸਿੰਘ, ਸ. ਕੁਲਜੀਤ ਸਿੰਘ ਸਾਹਨੀ, ਸ੍ਰ.ਸਵਿੰਦਰ ਸਿੰਘ ਕੱਥੂਨੰਗਲ, ਸ .ਸੁਖਜਿੰਦਰ ਸਿੰਘ ਪ੍ਰਿੰਸ, ਸ.ਜਸਪਾਲ ਸਿੰਘ ਢਿੱਲੋਂ, ਸ. ਭਗਵੰਤਪਾਲ ਸਿੰਘ ਸੱਚਰ ਆਦਿ ਹਾਜ਼ਰ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।