Panthak News: ਆਮ ਸਿੱਖ ਤਾਂ ‘ਅੰਮ੍ਰਿਤ ਦੀ ਮਹਾਨਤਾ’ ਅੱਗੇ ਸਿਰ ਝੁਕਾਊਂਦੈ ਪਰ...

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਆਮ ਸਿੱਖ ਤਾਂ ‘ਅੰਮ੍ਰਿਤ ਦੀ ਮਹਾਨਤਾ’ ਅੱਗੇ ਸਿਰ ਝੁਕਾਊਂਦੈ, ਪਰ ‘ਸਿੱਖ ਹਾਕਮਾਂ’ ਦੇ ਵਿਹਾਰ ਕਰ ਕੇ ਅੰਮ੍ਰਿਤ ਦਾ ਪ੍ਰਚਾਰ ਵਿਖਾਵਾ ਬਣ ਕੇ ਰਹਿ ਗਿਐ

Image: For representation purpose only.

Panthak News:ਗੁਰਦਵਾਰਾ ਚੋਣਾਂ ’ਚ ਪਉਏ ਵੰਡ ਕੇ ਤੇ ਵਿਸਾਖੀ ’ਤੇ ਅੰਮ੍ਰਿਤ ਛੱਕਣ ਦੇ ਸੁਨੇਹੇ ਦੇ ਕੇ ਲੀਡਰੀਆਂ ਪੱਕੀਆਂ ਕਰਨ ਵਾਲੇ ਨੌਜਵਾਨਾਂ ਦੇ ਰੋਲ ਮਾਡਲ ਕਿਵੇਂ ਬਣ ਸਕਣਗੇ?

 ਭਾਵੇਂ ਕਿ ਸਿੱਖ  ਇਤਿਹਾਸ ਵਿਚ ਇਹ ਤੱਥ ਉਘੜਵੇਂ ਰੂਪ ਵਿਚ ਦਰਜ ਹੈ ਕਿ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਵਿਚ ਅੰਮ੍ਰਿਤ ਦੀ ਦਾਤ ਦੇ ਕੇ, ‘ਗਿੱਦੜਾਂ ਨੂੰ ਸ਼ੇਰ’ ਬਣਾ ਦਿਤਾ ਸੀ। ਇਸ ਲਈ ਅੰਮ੍ਰਿਤ ਦੀ ਮਹਾਨਤਾ ਸਾਹਮਣੇ ਹਰ ਸਿੱਖ ਸ਼ਰਧਾ ਵੱਸ ਆਪਣਾ ਸੀਸ ਝੁਕਾਏ ਬਿਨਾਂ ਨਹੀਂ ਰਹਿੰਦਾ, ਪਰ ਅਜੋਕੇ ਵੋਟਾਂ ਦੇ ਵਰਤਾਰੇ ਵਿਚ ਗੁਰਦਵਾਰਾ ਕਮੇਟੀਆਂ ਦੀਆਂ ਚੋਣਾਂ ਵਿਚ ਮੈਂਬਰ ਬਣਨ ਲਈ ਕਾਹਲੇ ਲੋਕ ਅਖਉਂਤੀ ਤੌਰ ’ਤੇ ਸ਼ਰਾਬਾਂ ਵੰਡ ਕੇ ਧਾਰਮਕ ਸੰਸਥਾਵਾਂ ’ਤੇ ਗ਼ਲਬਾ ਜਮਾਉਂਦੇ ਹਨ, ਤਾਂ ਆਮ ਸਿੱਖ ਤੜਪ ਉਠਦਾ ਹੈ।

ਅਜੋਕੇ ਧਾਰਮਕ ਤੇ ਸਿਆਸੀ ਵਰਤਾਰੇ ਵਿਚ ਜਦ ਸਿੱਖ ਨੌਜਵਾਨ ਖ਼ੁਦ ਨੂੰ ਸਿੱਖਾਂ ਦੇ ਲੀਡਰ ਕਹਾਉਣ ਵਾਲਿਆਂ ਦੇ ਕਿਰਦਾਰ ਵੇਖਦਾ ਹੈ, ਤਾਂ ਉਹ ਲੀਡਰਾਂ ਵਲੋਂ ਕੀਤੀਆਂ ਅੰਮ੍ਰਿਤ ਛਕਣ ਦੀਆਂ ਅਪੀਲਾਂ ਨਾਲ ਹੈਰਾਨ ਹੋ ਜਾਂਦਾ ਹੈ ਤੇ ਸੋਚਣ ਲੱਗ ਜਾਂਦਾ ਹੈ ਕਿ ਅੰਮ੍ਰਿਤ ਛੱੱਕ ਕੇ, ਲੀਡਰਾਂ ਦੇ ਨਿਜੀ ਤੇ ਸਮਾਜਕ ਕਿਰਦਾਰ ਵਿਚ ਤਾਂ ਤਬਦੀਲੀ ਨਹੀਂ ਆ ਸਕੀ, ਫਿਰ ਦੂਜਿਆਂ ਦਾ ਕੀ ਸੰਵਾਰਨਗੇ? ਇਹ  ਕੌਮ ਤੇ ਨੌਜਵਾਨੀ ਨੂੰ ਦਰਪੇਸ਼ ਅਜੋਕੀਆਂ ਔਕੜਾਂ/ਵੰਗਾਰਾਂ ਤੋਂ ਮੂੰਹ ਮੋੜ ਕੇ, ਸਿਰਫ਼ ਅੰਮ੍ਰਿਤ ਦੀਆਂ ਅਪੀਲਾਂ ਤੱਕ ਸੀਮਤ ਹੋ ਕੇ ਕਿਉਂ ਰਹਿ ਗਏ ਹਨ?

ਸੋਚਵਾਨ ਸਿੱਖ ਇਸ ਗੱਲੋਂ ਵਾਰ ਵਾਰ ਚਿੰਤਤ ਹੈ ਕਿ ‘ਗੁਰਦਵਾਰਾ ਚੋਣਾਂ ਵਿਚ ਪਉਏ’ ਤੇ ਵਿਸਾਖੀ ਮੌਕੇ ਅੰਮ੍ਰਿਤ’ ਦਾ ਪ੍ਰਚਾਰ ਕਰ ਕੇ ਇਹ ਲੀਡਰ ਕੀ ਸੁਨੇਹਾ ਦੇ ਰਹੇ ਹਨ? ਖ਼ਾਲਸਾ ਤੈ ਸ਼ਬਾਬਦੀ ਵੇਲੇ 1999 ਨੂੰ ‘ਸਾਰੀ ਕੌਮ ਅੰਮ੍ਰਿਤਧਾਰੀ’ ਦੇ ਦਿਤੇ ਗਏ ਨਾਅਰਿਆਂ/ਸੁਨੇਹਿਆਂ ਦਾ ਕੀ ਹਸ਼ਰ ਹੋਇਆ ਤੇ ਉਦੋਂ ਦੀ ਸਿੱਖ ਕਹਾਉਂਦੀ ਲੀਡਰਸ਼ਿਪ ਨੇ ਕੌਮ ਦਾ ਕੀ ਸੰਵਾਰਿਆ।  ਪੁਛਿਆ ਜਾ ਰਿਹਾ ਹੈ ਕਿ ਇਕ ਪਾਸੇ ਤਾਂ  ਦਿੱਲੀ ਗੁਰਦਵਾਰਾ ਚੋਣਾਂ ਵਿਚ ਕਰੋੜਾਂ ਰੁਪਏ ਖ਼ਰਚ ਕਰ ਕੇ, ਚੋਰੀ ਛਿੱਪੇ ਪਉਏ ਵੰਡ ਕੇ ਤੇ ਅਖਉਤੀ ਤੌਰ ’ਤੇ ਸ਼ਰਾਬ ਪਾਰਟੀਆਂ ਕਰ ਕੇ, ਸਿੱਖ ਕਹਾਉਂਦੇ ਵੋਟਰਾਂ ਦੀਆਂ ਵੋਟਾਂ ਬਟੌਰ ਕੇ, ਅਪਣੀ ਕੁਰਸੀ ਪੱਕੀ ਕਰੀ ਰੱਖਣ ਵਾਲਿਆਂ ਦੇ ਜੀਵਨ ’ਚੋਂ ਅੰਮ੍ਰਿਤ ਦੀ ਝੱਲਕ ਕਿਉਂ ਨਹੀਂ ਵਿਖਾਈ ਦੇਂਦੀ?

ਅਗੱਸਤ 2021 ਵਿਚ ਹੋਈਆਂ ਤੇ ਪਹਿਲੀਆਂ ਚੋਣਾਂ ਵੇਲੇ ਵੀ ਸਿੱਖਾਂ ਦੇ ਇਕ ਤਬਕੇ ਵਲੋਂ ਇਹ ਮੰਗ ਚੁਕੀ ਜਾਂਦੀ ਹੈ ਕਿ  ਦਿੱਲੀ ਸਿੱਖ ਗੁਰਦਵਾਰਾ ਐਕਟ 1971 ਵਿਚ ਇਹ ਧਾਰਾ ਜੋੜੀ ਜਾਣੀ ਚਾਹੀਦੀ ਹੈ ਕਿ ਦਿੱਲੀ ਗੁਰਦਵਾਰਾ ਕਮੇਟੀ ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੇ ਨਸ਼ੇ ਬਾਰੇ ‘ਡੋਪ ਟੈਸਟ’ ਲਾਜ਼ਮੀ ਹੋਣ। ਕੀ ਵੱਖ-ਵੱਖ ਪਾਰਟੀਆਂ ਦੇ ਪਾਲੇ ਵਿਚ ਬੈਠ ਕੇ, ਕੌਮੀ ਮਸਲਿਆਂ ਤੋਂ ਮੂੰਹ ਮੋੜ ਕੇ, ਅਦਾਲਤੀ ਦਾਅ ਪੇਚਾਂ ਨਾਲ ਗੁਰਦਵਾਰਾ ਚੋਣਾਂ ਨੂੰ ਵੱਧ ਤੋਂ ਵੱਧ ਲਟਕਾਉਣ ਵਿਚ ਮਾਹਰ ਸਿੱਖਾਂ ਦੇ ਨੁਮਾਇੰਦੇ ਕਹਾਉਣ ਵਾਲੇ ‘ਸਰਕਾਰੀ ਸਰਦਾਰਾਂ’ ਨੇ ਜੇ ਅੰਮ੍ਰਿਤ ਵਿਚਲੀ ਰਮਜ਼ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਉਹ ‘ਸਰਕਾਰੀ ਸਪੂਤ’ ਬਣਨ ਦੀ ਥਾਂ ‘ਗੁਰੂ ਦੇ ਪੁੱਤ’ ਹੋ ਨਿਬੜਦੇ, ਜਿਥੋਂ ਤਕ ਗੱਲ ਆਮ ਸਿੱਖ ਦੀ ਹੈ ਤਾਂ ਉਹ ਨਾ ਪਹਿਲਾਂ ਅੰਮ੍ਰਿਤ ਤੋਂ ਬਾਗ਼ੀ ਸੀ ਨਾ ਹੁਣ ਹੈ, ਉਸ ਦੇ ਦਿਲ ਵਿਚ ਅੰਮ੍ਰਿਤ ਦੇ ਅੰਮ੍ਰਿਤ ਦੇ ਦਾਤੇ ਦਾ ਸਤਿਕਾਰ ਹਮੇਸ਼ਾਂ ਬਣਿਆ ਰਹੇਗਾ, ਬਸ ਲੋੜ ਹੈ ਤਾਂ ਅੰਮ੍ਰਿਤ ਦੇ ਨਾਮ ‘ਤੇ ਆਪਣੀਆਂ ਚੌਧਰਾਂ ਪੱਕੀਆਂ ਕਰਨ ਵਾਲੇ ਅਜੋਕੇ ‘ਮਲਕ ਭਾਗੋਆਂ’ ਤੋਂ ਗ਼ਰੀਬ ਤੇ ਕਿਰਤੀ ਸਿੱਖਾਂ ਨੂੰ ਬਚਾਉਣ ਦੀ।