ਸਿੱਖ ਰੈਫ਼ਰੈਂਸ ਲਾਇਬ੍ਰੇਰੀ ਮਾਮਲੇ 'ਤੇ  ਲੌਂਗੋਵਾਲ ਤੇ ਸੁਖਬੀਰ ਬਾਦਲ ਅਸਤੀਫ਼ਾ ਦੇਣ : ਇੰਜੀ.ਗਿਆਸਪੁਰਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ - ਸ਼੍ਰੋੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਅਪਣੇ ਭਾਗੀਦਾਰਾਂ ਰਾਹੀਂ ਉਸ ਬੇਸ਼ਕੀਮਤੀ ਖ਼ਜ਼ਾਨੇ ਨੂੰ ਵੇਚ ਕੇ ਮੋਟੀਆਂ ਰਕਮਾਂ ਵਸੂਲੀਆਂ

Manvinder Singh Gyaspura

ਖੰਨਾ : ਭਾਰਤੀ ਹਕੂਮਤ ਵਲੋਂ ਪੰਜਵੇਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਜੂਨ 1984 ਨੂੰ ਦਰਬਾਰ ਸਾਹਿਬ ਸਮੂਹ ਕੰਪਲੈਕਸ 'ਤੇ ਹਮਲਾ ਕਰ ਕੇ ਸਿੱਖ ਪੰਥ ਦਾ ਜਾਨੀ ਨੁਕਸਾਨ ਹੀ ਨਹੀਂ ਕੀਤਾ ਸਗੋਂ ਉਨ੍ਹਾਂ ਸਾਡੀ ਬੌਧਿਕ ਸ਼ਕਤੀ ਨੂੰ ਖ਼ਤਮ ਕਰਨ ਦੇ ਘਟੀਏ ਮਨਸੂਬੇ ਤਹਿਤ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਨੂੰ ਲੁੱਟ-ਪੁੱਟ ਕੇ ਖ਼ੁਰਦ ਬੁਰਦ ਕਰ ਦਿਤਾ ਗਿਆ। ਲੁੱਟੇ ਖ਼ਜ਼ਾਨੇ ਦਾ ਕੁੱਝ ਭਾਗ ਜੇ ਸਰਕਾਰ ਨੇ ਵਾਪਸ ਕੀਤਾ ਤਾਂ ਲਾਇਬ੍ਰੇਰੀ ਦੇ ਖ਼ਜ਼ਾਨੇ ਨੂੰ ਬਚਾਉਣ ਦੀ ਜ਼ਿੰਮੇਵਾਰ ਸੰਭਾਲਣ ਵਾਲੀ ਜਥੇਬੰਦੀ ਸ਼੍ਰੋੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਅਪਣੇ ਭਾਗੀਦਾਰਾਂ ਰਾਹੀਂ ਉਸ ਬੇਸ਼ਕੀਮਤੀ ਖ਼ਜ਼ਾਨੇ ਨੂੰ ਵੇਚ ਕੇ ਮੋਟੀਆਂ ਰਕਮਾਂ ਵਸੂਲੀਆਂ।

ਇਹ ਗੱਲ 'ਉਲਟੀ ਵਾੜ ਖੇਤ ਕੋ ਖਾਏ' ਨੂੰ ਸੱਚ ਕਰ ਗਈ। ਇਸ ਸਾਰੇ ਘਟਨਾਕ੍ਰਮ ਨੂੰ ਦੇਖਦਿਆਂ ਸਿੱਖ ਪੰਥ ਨੂੰ ਹੁਣ ਕੋਈ ਸ਼ੱਕ ਨਹੀਂ ਰਹਿ ਜਾਣਾ ਚਾਹੀਦਾ ਕਿ ਸ਼੍ਰੋੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਪੰਥ ਦੀ ਸੱਭ ਤੋਂ ਵੱਡੀ ਦੁਸ਼ਮਣ ਜਮਾਤ ਹੈ ਜਿਸ ਨੇ ਸਮੇਂ-ਸਮੇਂ ਤੇ ਪੰਥਕ ਕਦਰਾਂ ਕੀਮਤਾਂ ਨੂੰ ਸਿਰਫ਼ ਪੈਸੇ ਨਾਲ ਹੀ ਤੋਲਿਆ ਅਤੇ ਸਮਾਂ ਪੈਣ ਤੇ ਪੰਥ ਦੇ ਖ਼ਜ਼ਾਨੇ ਨੂੰ ਲੁੱਟਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਹੁਣ ਵੀ ਜੇ ਇਨ੍ਹਾਂ ਵਿਚ ਥੋੜ੍ਹੀ ਬਹੁਤ ਗ਼ੈਰਤ ਬਚੀ ਹੈ ਤਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ਼੍ਰੋੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੁਰਤ ਅਸਤੀਫ਼ਾ ਦੇ ਕੇ, ਕਿਸੇ ਜੱਜ ਤੋਂ ਇਨਕੁਆਇਰੀ ਕਰਵਾਏ ਤਾਂ ਜੋ ਵੇਚੇ ਗਏ ਅਣਮੁਲੇ ਖ਼ਜ਼ਾਨੇ ਦਾ ਪਤਾ ਲਗਾਇਆ ਜਾ ਸਕੇ।

ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੇ ਪੱਤਰਕਾਰਾਂ ਨੂੰ ਭੇਜੇ ਪ੍ਰੈਸ ਨੋਟ ਵਿਚ ਕਹੇ।ਉਨ੍ਹਾਂ ਕਿਹਾ ਕਿ ਜੇਕਰ ਸਪੋਕਸਮੈਨ ਅਖ਼ਬਾਰ ਕੌਮ ਨੂੰ ਹਲੂਣਾ ਦੇ ਕੇ ਨਾ ਜਗਾਉਂਦਾ ਤਾਂ ਇਸ ਅਣਮੁਲੇ ਖ਼ਜ਼ਾਨੇ ਬਾਰੇ ਕੌਮ ਨੂੰ ਪਤਾ ਹੀ ਨਹੀਂ ਸੀ ਲੱਗਣਾ। ਇਸ ਲਈ ਕੌਮ ਸਪੋਕਸਮੈਨ ਦੀ ਰਿਣੀ ਰਹੇਗੀ।