ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਖ਼ਜ਼ਾਨੇ ਨੂੰ ਲੈ ਕੇ ਵਧਣ ਜਾ ਰਹੀ ਹੈ ਸ਼੍ਰੋਮਣੀ ਕਮੇਟੀ ਦੀ ਸਿਰਦਰਦੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਪੁਰਾਤਨ ਗ੍ਰੰਥਾਂ ਦੇ ਦਰਸ਼ਨ ਕਰਨ ਲਈ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਲਿਖੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਚਿੱਠੀ

Sikh Reference Library



ਫ਼ਤਿਹਗੜ੍ਹ ਸਾਹਿਬ: ਲੰਮੇ ਸਮੇਂ ਤੋਂ ਚਰਚਿਤ ਚਲਿਆ ਆ ਰਿਹਾ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਮੁੱਦਾ ਇਕ ਵਾਰ ਮੁੜ ਸ਼੍ਰੋਮਣੀ ਕਮੇਟੀ ਲਈ ਗਲੇ ਦੀ ਹੱਡੀ ਬਣਦਾ ਜਾਪ ਰਿਹਾ ਹੈ। ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਫ਼ੌਜੀ ਹਮਲੇ ਤੋਂ ਬਾਅਦ ਭਾਰਤੀ ਫ਼ੌਜ ਵਲੋਂ ਜ਼ਬਤ ਕੀਤੇ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਬੇਸ਼ਕੀਮਤੀ ਸਾਹਿਤਕ ਖ਼ਜ਼ਾਨੇ ਅਤੇ ਪਾਵਨ ਗ੍ਰੰਥਾਂ ਦੇ ਮਾਮਲੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਵਿਚ ਵਿਰੋਧੀ ਧਿਰ ਦੇ ਮੈਂਬਰ ਅਤੇ ਪੰਥਕ ਅਕਾਲੀ ਲਹਿਰ ਦੇ ਆਗੂ ਭਾਈ ਗੁਰਪ੍ਰੀਤ ਸਿੰਘ ਰੰਧਾਵੇ ਵਾਲਿਆਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇਕ ਪੱਤਰ ਲਿਖ ਕੇ ਵੱਡੀ ਚੁਣੌਤੀ ਖੜੀ ਕਰ ਦਿਤੀ ਹੈ।

 

ਉਨ੍ਹਾਂ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਸਾਨੂੰ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਉਨ੍ਹਾਂ ਦੁਰਲੱਭ ਤੇ ਪਾਵਨ ਗ੍ਰੰਥਾਂ ਅਤੇ ਇਤਿਹਾਸਕ ਖਰੜਿਆਂ ਦੇ ਦਰਸ਼ਨ ਕਰਾਵੇ, ਜੋ ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ’ਤੇ ਫ਼ੌਜੀ ਹਮਲੇ ਵੇਲੇ ਭਾਰਤੀ ਫ਼ੌਜ ਜ਼ਬਤ ਕਰ ਕੇ ਲੈ ਗਈ ਸੀ ਪਰ ਸ਼੍ਰੋਮਣੀ ਕਮੇਟੀ ਦੁਆਰਾ ਹਾਈਕੋਰਟ ਵਿਚ ਕੀਤੇ ਦਾਅਵੇ ਅਨੁਸਾਰ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਸਾਹਿਤਕ ਖ਼ਜ਼ਾਨਾ ਸ਼੍ਰੋਮਣੀ ਕਮੇਟੀ ਕੋਲ ਮੌਜੂਦ ਹੈ। ਭਾਈ ਰੰਧਾਵਾ ਨੇ ਪੱਤਰ ਵਿਚ ਲਿਖਿਆ ਕਿ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁਖੀ ਭਾਈ ਰਣਜੀਤ ਸਿੰਘ ਦੇ ਦਸਣ ਮੁਤਾਬਕ ਅਸੀਂ ਵਡਮੁੱਲੇ ਧਾਰਮਕ ਗ੍ਰੰਥ/ਪੋਥੀਆਂ, ਜਿਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 205 ਹੱਥ ਲਿਖਤ ਪਾਵਨ ਸਰੂਪ, ਬਾਬਾ ਹਰਿਦਾਸ ਜੀ ਦੀ ਹੱਥ ਲਿਖਤ ਪੁਰਾਤਨ ਸੁਨਹਿਰੀ ਪੋਥੀ, ਜਨਮ ਸਾਖੀਆਂ ਦੇ ਅਸਲ ਖਰੜੇ, 28 ਹੁਕਮਨਾਮੇ ਅਸਲ ਹੱਥ ਲਿਖਤ ਅਤੇ ਦਸਮ ਗ੍ਰੰਥ ਸਾਹਿਬ ਦੇ ਦੋ ਪਾਵਨ ਸਰੂਪ, ਜਿਨ੍ਹਾਂ ਉਪਰ ਪਾਤਸ਼ਾਹੀ ਛੇਵੀਂ, ਸੱਤਵੀਂ, ਨੌਵੀਂ ਅਤੇ ਦਸਵੀਂ ਦੇ ਦਸਤਖ਼ਤ ਹੋਏ ਹਨ, ਆਦਿ ਦੇ ਦਰਸ਼ਨ ਕਰ ਕੇ ਸੰਗਤ ਵਿਚ ਪਏ ਹੋਏ ਭਰਮ-ਭੁਲੇਖਿਆਂ ਨੂੰ ਦੂਰ ਕਰਨਾ ਚਾਹੁੰਦੇ ਹਾਂ।

 

ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵਿਚ ਵਿਰੋਧੀ ਧਿਰ ਦੇ ਚਾਰ ਮੈਂਬਰਾਂ ਦੇ ਨਾਮ ਵੀ ਪੱਤਰ ਵਿਚ ਲਿਖੇ ਹਨ, ਜਿਹੜੇ ਇਕ ਵਫ਼ਦ ਦੇ ਰੂਪ ਵਿਚ ਸਿੱਖ ਰੈਫ਼ਰੈਂਸ ਲਾਇਬਰੇਰੀ ਦਾ ਅਨਮੋਲ ਖ਼ਜ਼ਾਨਾ ਵੇਖਣਾ ਚਾਹੁੰਦੇ ਹਨ, ਜਿਨ੍ਹਾਂ ਵਿਚ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਤੋਂ ਇਲਾਵਾ ਜਸਵੰਤ ਸਿੰਘ ਪੁੜੈਣ, ਸਰਬੰਸ ਸਿੰਘ ਮਾਣਕੀ ਅਤੇ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਸ਼ਾਮਲ ਹਨ।

ਭਾਈ ਰੰਧਾਵਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਲਿਖੇ ਪੱਤਰ ਵਿਚ ਆਖਿਆ ਕਿ ਕੁੱਝ ਚਰਚਾਵਾਂ ਚਲ ਰਹੀਆਂ ਹਨ ਕਿ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਸਬੰਧ ਵਿਚ ਸ਼੍ਰੋਮਣੀ ਕਮੇਟੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਗੁਮਰਾਹ ਕੀਤਾ ਹੈ ਜਦੋਂਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸਿੱਖ ਰੈਫ਼ਰੈਂਸ ਲਾਇਬਰੇਰੀ ਦਾ ਉਹ ਵਡਮੁੱਲਾ ਖ਼ਜ਼ਾਨਾ, ਜਿਸ ਬਾਰੇ ਸ਼੍ਰੋਮਣੀ ਕਮੇਟੀ ਨੇ ਹਾਈ ਕੋਰਟ ਵਿਚ ਦਾਅਵਾ ਕੀਤਾ ਹੈ ਕਿ ਉਹ ਸਾਡੇ ਕੋਲ ਸੁਰੱਖਿਅਤ ਹੈ, ਉਸ ਦੇ ਭਾਈ ਰੰਧਾਵਾ ਸਮੇਤ ਚਾਰ ਮੈਂਬਰੀ ਵਫ਼ਦ ਨੂੰ ਦਰਸ਼ਨ ਕਰਵਾ ਕੇ ਸੰਗਤ ਸਾਹਮਣੇ ਇਹ ਸੱਚਾਈ ਲਿਆਉਣ ਦੀ ਲੋੜ ਹੈ ਕਿ ਸੱਚਮੁਚ ਸਿੱਖ ਪੰਥ ਦਾ ਵਡਮੁੱਲਾ ਸਾਹਿਤਕ ਖ਼ਜ਼ਾਨਾ ਸ਼੍ਰੋਮਣੀ ਕਮੇਟੀ ਕੋਲ ਸਤਿਕਾਰ ਸਹਿਤ ਸੁਰੱਖਿਅਤ ਹੈ। ਭਾਈ ਰੰਧਾਵਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਇਸ ਨੇਕ ਕਾਰਜ ਵਿਚ ਦੇਰੀ ਨਹੀਂ ਕਰਨੀ ਚਾਹੀਦੀ ਅਤੇ ਸਿੱਖ ਰੈਫ਼ਰੈਂਸ ਲਾਇਬਰੇਰੀ ਦਾ ਵਡਮੁੱਲਾ ਖ਼ਜ਼ਾਨਾ ਅਪਣੇ ਅੱਖੀਂ ਸ਼੍ਰੋਮਣੀ ਕਮੇਟੀ ਕੋਲ ਸੁਰੱਖਿਅਤ ਵੇਖਣ ਤੋਂ ਬਾਅਦ ਉਹ ਵਿਰੋਧੀ ਧਿਰ ਦੇ ਮੈਂਬਰ ਹੋਣ ਦੇ ਬਾਵਜੂਦ ਸਿੱਖ ਸੰਗਤਾਂ ਨੂੰ ਇਹ ਦਸਣ ਤੋਂ ਗੁਰੇਜ਼ ਨਹੀਂ ਕਰਨਗੇ ਕਿ ਸਿੱਖ ਪੰਥ ਦੇ ਵਡਮੁੱਲੇ ਖ਼ਜ਼ਾਨੇ ਦੀ ਸ਼੍ਰੋਮਣੀ ਕਮੇਟੀ ਸੁਚੱਜੇ ਤਰੀਕੇ ਨਾਲ ਸਾਂਭ-ਸੰਭਾਲ ਕਰ ਰਹੀ ਹੈ।