ਕਰਤਾਰਪੁਰ ਲਾਂਘੇ ਦੇ ਖੁਲ੍ਹਣ 'ਤੇ ਭਾਰਤ-ਪਾਕਿ ਸਰਹੱਦ ਤੇ ਆਖ਼ਰੀ ਸ਼ੁਕਰਾਨਾ ਅਰਦਾਸ ਹੋਈ
ਲਾਂਘਾ ਖੁਲ੍ਹਵਾਉਣ ਲਈ ਗੁਰੂ ਸਾਹਿਬ ਵਲੋਂ ਕੀਤੇ ਚਮਤਕਾਰ ਦਾ ਕੋਟਿਨ ਕੋਟ ਸ਼ੁਕਰਾਨਾ ਕੀਤਾ।
ਅੰਮ੍ਰਿਤਸਰ : ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਜਦੋ ਜਹਿਦ ਕਰ ਰਹੀ ਜਥੇਬੰਦੀ ਕਰਤਾਰਪੁਰ ਲਾਂਘਾ ਕਾਰਪੋਰੇਸ਼ਨ ਨੇ ਕਲ ਪੁਨਿਆ ਦੇ ਦਿਹਾੜੇ 'ਤੇ ਭਾਰਤ-ਪਾਕਿ ਸਰਹੱਦ 'ਤੇ ਅਪਣੀ ਆਖ਼ਰੀ ਅਰਦਾਸ ਕੀਤੀ ਅਤੇ ਲਾਂਘਾ ਖੁਲ੍ਹਵਾਉਣ ਲਈ ਗੁਰੂ ਸਾਹਿਬ ਵਲੋਂ ਕੀਤੇ ਚਮਤਕਾਰ ਦਾ ਕੋਟਿਨ ਕੋਟ ਸ਼ੁਕਰਾਨਾ ਕੀਤਾ। ਧੁੱਸੀ 'ਤੇ ਸੰਗਤ ਨੂੰ ਸੰਬੋਧਨ ਹੁੰਦਿਆਂ ਜਥੇਬੰਦੀ ਦੇ ਮੁਖੀ ਰਘਬੀਰ ਸਿੰਘ ਨੇ ਅੰਦੋਲਨ ਦਾ ਪਿਛਲਾ ਇਤਿਹਾਸ ਵੀ ਦੁਹਰਾਇਆ।
ਉਨ੍ਹਾਂ ਦਸਿਆ ਕਿ ਜਥੇਦਾਰ ਵਡਾਲਾ ਨੂੰ ਲਾਂਘਾ ਅੰਦੋਲਨ ਲਈ ਪ੍ਰੇਰਣ ਲਈ ਉਨ੍ਹਾਂ ਵੀ ਭੂਮਿਕਾ ਨਿਭਾਈ ਸੀ ਅਤੇ 28 ਫ਼ਰਵਰੀ 2001 ਨੂੰ ਦੂਸਰੇ ਸੱਜਣਾਂ ਨਾਲ ਬੁਰਜ ਸਾਹਿਬ ਧਾਰੀਵਾਲ ਜਾ ਕੇ ਵਡਾਲਾ ਨੂੰ ਇਸ ਪਵਿੱਤਰ ਕੰਮ ਲਈ ਮਨਾਇਆ ਸੀ ਅਤੇ 2003 ਤਕ ਵਡਾਲਾ ਸਾਹਿਬ ਦੇ ਨਾਲ ਹੀ ਰਹੇ। ਬੀ.ਐਸ.ਗੁਰਾਇਆ ਨਾਲ ਮਿਲ ਕੇ ਸੰਗਤ ਲਾਂਘਾ ਕਰਤਾਰਪੁਰ ਜਥੇਬੰਦੀ ਬਣਾਈ ਅਤੇ ਅਰਦਾਸਾਂ ਦਾ ਸਿਲਸਿਲਾ ਜਾਰੀ ਰਖਿਆ। ਕੈਲੰਡਰ ਛਪਵਾਉਣ ਵਿਚ ਵੀ ਗੁਰਾਇਆ ਦੀ ਮਾਇਕ ਮਦਦ ਕਰਦੇ ਰਹੇ। ਥਾਂ-ਥਾਂ ਕੈਲੰਡਰ ਅਤੇ ਪਰਚੇ ਵੰਡੇ। ਕੁੱਝ ਸਮੇਂ ਬਾਅਦ ਗੁਰਾਇਆ ਤੋਂ ਵੱਖ ਹੋ ਪੂਰਨਮਾਸ਼ੀ ਤੇ ਅਰਦਾਸ ਕਰਨੀ ਸ਼ੁਰੂ ਕਰ ਦਿਤੀ।
ਰਘਬੀਰ ਸਿੰਘ ਨੇ ਫਿਰ ਸਰਕਾਰ ਨੂੰ ਅਪੀਲ ਕੀਤੀ ਕਿ ਪਾਕਿਸਤਾਨ ਜਾਣ ਵਾਸਤੇ ਪਾਸਪੋਰਟ ਦੀ ਸ਼ਰਤ ਹਟਾਈ ਜਾਏ। ਖ਼ਾਸ ਕਰ ਜਦੋਂ ਕਿ ਬੇਗਾਨਾ ਮੁਲਕ ਬਿਨਾਂ ਪਾਸਪੋਰਟ ਲਾਂਘਾ ਦੇਣ ਨੂੰ ਤਿਆਰ ਹੈ ਤਾਂ ਅਪਣੀ ਸਰਕਾਰ ਨੂੰ ਆਧਾਰ ਕਾਰਡ ਦੇ ਆਧਾਰ 'ਤੇ ਦਾਖ਼ਲਾ ਦੇਣ ਵਿਚ ਕੀ ਮੁਸ਼ਕਲ ਹੈ? ਉਨ੍ਹਾਂ ਦਾ ਦੋਸ਼ ਹੈ ਕਿ ਇਹ ਸਰਾਸਰ ਗ਼ਰੀਬ ਸਿੱਖਾਂ ਨਾਲ ਬੇਇਨਸਾਫ਼ੀ ਹੈ ਜਿਨ੍ਹਾਂ ਕੋਲ ਪਾਸਪੋਰਟ ਨਹੀਂ ਹਨ। ਉਨ੍ਹਾਂ ਨਾਲ ਹੀ ਸਵਾਲ ਕੀਤਾ ਕਿ ਜੇ ਆਧਾਰ ਕਾਰਡ 'ਤੇ ਸਰਕਾਰ ਨੂੰ ਭਰੋਸਾ ਨਹੀਂ ਤਾਂ ਇਹ ਕਿਉਂ ਬਣਵਾ ਰਹੀ ਹੈ?
ਆਖ਼ਰੀ ਸ਼ੁਕਰਾਨਾ ਅਰਦਾਸ ਮੌਕੇ ਰਘਬੀਰ ਸਿੰਘ, ਬਲਬੀਰ ਸਿੰਘ ਢੀਂਗਰਾ- ਜਨਰਲ ਸਕੱਤਰ, ਕਰਤਾਰ ਸਿੰਘ ਬਹਾਦਰ ਹੁਸੈਨ, ਰਜਿੰਦਰ ਸਿੰਘ ਪੰਡੋਰੀ, ਗੁਰਮੇਜ ਸਿੰਘ ਉਦੋਕੇ, ਸੁਲੱਖਣ ਸਿੰਘ ਸੰਗਤਪੁਰਾ, ਸਰਬਜੀਤ ਸਿੰਘ ਕਲਸੀ, ਡਾ. ਸੁਖਪਾਲ ਸਿੰਘ, ਸਤਪਾਲ ਸਿੰਘ ਦਿਆਲ-ਭੱਟੀ, ਗੁਰਮੀਤ ਸਿੰਘ ਬਾਜਵਾ ਅਤੇ ਅਮਰਜੀਤ ਸਿੰਘ ਗੁਲਾਟੀ ਅਤੇ ਦਸ਼ਮੇਸ਼ ਐਵਨਿਊ ਕਲੋਨੀ ਅੰਮ੍ਰਿਤਸਰ ਦੇ ਹੋਰ ਵੀ ਕਈ ਸੱਜਣ ਹਾਜ਼ਰ ਸਨ।