ਬੇਅਦਬੀ ਕਾਂਡ : ਦੋ ਹੋਰ ਡੇਰਾ ਪ੍ਰੇਮੀਆਂ ਦੀ ਜ਼ਮਾਨਤ ਤੋਂ ਪੰਥਕ ਹਲਕੇ ਹੈਰਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਰਗਾੜੀ ਮੋਰਚੇ ਮੌਕੇ ਕੈਬਨਿਟ ਮੰਤਰੀਆਂ ਨੇ ਦਾਅਵਾ ਕੀਤਾ ਸੀ- ਸਾਰੀ ਉਮਰ ਜੇਲੋਂ ਬਾਹਰ ਨਹੀਂ ਆ ਸਕਣਗੇ

Pic-1

ਕੋਟਕਪੂਰਾ : ਬੇਅਦਬੀ ਅਤੇ ਗੋਲੀਕਾਂਡ ਦੇ ਮੁਲਜ਼ਮਾਂ ਦੀ ਗ੍ਰਿਫਤਾਰੀ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਵਾਲੀਆਂ, ਬਰਗਾੜੀ ਮੋਰਚੇ ਦੀਆਂ ਤਿੰਨ ਮੰਗਾਂ ਮੋਰਚੇ ਦੇ 192ਵੇਂ ਦਿਨ ਸਮਾਪਤੀ ਮੌਕੇ ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਅਤੇ 4 ਮੌਜੂਦਾ ਵਿਧਾਇਕਾਂ ਦੀ ਹਾਜ਼ਰੀ 'ਚ ਮੰਨਣ ਦਾ ਐਲਾਨ ਕੀਤਾ ਗਿਆ ਸੀ। ਕੈਬਨਿਟ ਮੰਤਰੀਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਦਾਅਵਾ ਕੀਤਾ ਸੀ ਕਿ ਬੇਅਦਬੀ ਕਾਂਡ ਨਾਲ ਸਬੰਧਤ ਡੇਰਾ ਪ੍ਰੇਮੀਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਤੇ ਉਹ ਸਾਰੀ ਉਮਰ ਜੇਲ 'ਚੋਂ ਬਾਹਰ ਨਹੀਂ ਆ ਸਕਣਗੇ। ਜਾਣਕਾਰੀ ਅਨੁਸਾਰ ਸੌਦਾ ਸਾਧ ਦੇ ਪੈਰੋਕਾਰ ਦੋ ਡੇਰਾ ਪ੍ਰੇਮੀਆਂ ਸ਼ਕਤੀ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੁਕੱਦਮਾ ਚੱਲਣ ਤਕ ਜ਼ਮਾਨਤ 'ਤੇ ਰਿਹਾਅ ਕਰਨ ਦਾ ਹੁਕਮ ਦਿਤਾ ਹੈ। 

ਪਰ ਕੁੱਝ ਦਿਨਾਂ ਬਾਅਦ ਹੀ ਤਿੰਨ ਡੇਰਾ ਪ੍ਰੇਮੀਆਂ ਨੂੰ ਛੱਡ ਕੇ ਬਾਕੀਆਂ ਦੀ ਜ਼ਮਾਨਤ ਹੋ ਚੁੱਕੀ ਹੈ। ਮਾਮਲੇ ਦਾ ਹੈਰਾਨੀਜਨਕ ਪਹਿਲੂ ਇਹ ਹੈ ਕਿ ਸੌਦਾ ਸਾਧ ਦੇ ਡੇਰਾ ਪ੍ਰੇਮੀਆਂ ਨੇ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਐਸਆਈਟੀ ਸਾਹਮਣੇ ਪਾਵਨ ਸਰੂਪ ਨੂੰ ਚੋਰੀ ਕਰਨ, ਗੁਰਦਵਾਰਿਆਂ ਦੇ ਬਾਹਰ ਭੜਕਾਊ ਪੋਸਟਰ ਲਾਉਣ ਅਤੇ ਪਾਵਨ ਸਰੂਪ ਦੀ ਬੇਅਦਬੀ ਦੇ ਕਾਂਡ ਨੂੰ ਅੰਜਾਮ ਦੇਣ ਦੇ ਦੋਸ਼ ਕਬੂਲ ਕਰ ਲਏ ਸਨ ਪਰ ਥਾਣਾ ਬਾਜਾਖ਼ਾਨਾ ਵਿਖੇ 1 ਜੂਨ 2015 ਨੂੰ ਪਾਵਨ ਸਰੂਪ ਚੋਰੀ ਹੋਣ, 25 ਸਤੰਬਰ ਨੂੰ ਭੜਕਾਊ ਪੋਸਟਰ ਲਾਉਣ ਅਤੇ 12 ਅਕਤੂਬਰ ਨੂੰ ਬੇਅਦਬੀ ਕਾਂਡ ਸਬੰਧੀ ਆਈਪੀਸੀ ਦੀ ਧਾਰਾ 295ਏ ਤਹਿਤ ਤਿੰਨ ਵੱਖ-ਵੱਖ ਮਾਮਲੇ ਦਰਜ ਹੋਣ ਦੇ ਬਾਵਜੂਦ ਪੁਲਿਸ ਨੇ ਅਜੇ ਤਕ ਉਕਤ ਡੇਰਾ ਪ੍ਰੇਮੀਆਂ ਨੂੰ ਉਕਤ ਤਿੰਨ ਮਾਮਲਿਆਂ 'ਚ ਸ਼ਾਮਲ ਕਰਨ ਦੀ ਜ਼ਰੂਰਤ ਹੀ ਨਾ ਸਮਝੀ ਤੇ ਡੇਰਾ ਪ੍ਰੇਮੀਆਂ ਨੂੰ ਸਿਰਫ਼ 13 ਜੂਨ 2018 ਨੂੰ ਸਥਾਨਕ ਸਿਟੀ ਥਾਣੇ ਵਿਖੇ ਦਰਜ ਹੋਏ ਧਾਰਮਕ ਭਾਵਨਾਵਾਂ ਭੜਕਾਉਣ, ਅਸਲਾ ਐਕਟ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਵਾਲੇ ਮਾਮਲੇ 'ਚ ਹੀ ਗ੍ਰਿਫ਼ਤਾਰ ਕਰ ਕੇ ਅਦਾਲਤ ਰਾਹੀਂ ਜੇਲ ਭੇਜਿਆ ਗਿਆ ਸੀ। 

ਇਕ-ਇਕ ਕਰ ਕੇ ਸਾਰੇ ਡੇਰਾ ਪ੍ਰੇਮੀਆਂ ਦੀਆਂ ਜ਼ਮਾਨਤਾਂ ਹੋ ਜਾਣ ਦੇ ਬਾਵਜੂਦ ਵੀ ਤਖ਼ਤਾਂ ਦੇ ਜਥੇਦਾਰ,  ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਬਾਦਲ ਪਿਉ-ਪੁੱਤਰ ਨੇ ਭੇਤਭਰੀ ਚੁੱਪ ਧਾਰੀ ਹੋਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਨੂਪਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸ਼ਕਤੀ ਅਤੇ ਸੁਖਵਿੰਦਰ ਪਿਛਲੇ 6 ਮਹੀਨਿਆਂ ਤੋਂ ਜੇਲ 'ਚ ਨਜ਼ਰਬੰਦ ਹਨ, ਇਸ ਲਈ ਮੁਕੱਦਮੇ ਦੇ ਫ਼ੈਸਲੇ ਤਕ ਦੋਵਾਂ ਡੇਰਾ ਪ੍ਰੇਮੀਆਂ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਜਾਵੇ। ਪੁਲਿਸ ਨੇ ਅਪਣੀ ਪੜਤਾਲ 'ਚ ਦਾਅਵਾ ਕੀਤਾ ਸੀ ਕਿ ਉਕਤ ਡੇਰਾ ਪ੍ਰੇਮੀਆਂ ਨੇ ਸੌਦਾ ਸਾਧ ਨੂੰ ਸਜ਼ਾ ਤੋਂ ਬਚਾਉਣ ਲਈ ਕਥਿਤ ਤੌਰ 'ਤੇ ਹੋਰ ਡੇਰਾ ਪ੍ਰੇਮੀਆਂ ਨੂੰ ਭੜਕਾਇਆ ਅਤੇ ਸਰਕਾਰ ਉਪਰ ਦਬਾਅ ਬਣਾਉਣ ਲਈ ਸੜਕਾਂ ਅਤੇ ਰੇਲਾਂ ਰੋਕਣ ਲਈ ਕਾਰਵਾਈ ਨੂੰ ਅੰਜਾਮ ਦਿਤਾ।

ਪੜਤਾਲ ਦੌਰਾਨ ਪੁਲਿਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਕਤ ਦੋਹਾਂ ਪ੍ਰੇਮੀਆਂ ਦਾ ਡੇਰੇ ਦੇ ਪ੍ਰਬੰਧਕ ਨਾਲ ਕਰੀਬੀ ਰਿਸ਼ਤਾ ਸੀ ਅਤੇ ਘਟਨਾਵਾਂ ਵਾਪਰਨ ਸਮੇਂ ਇਨ੍ਹਾਂ ਦੇ ਖਾਤੇ 'ਚ ਕਥਿਤ ਤੌਰ 'ਤੇ 6 ਕਰੋੜ ਰੁਪਏ ਦੀ ਰਾਸ਼ੀ ਦਾ ਲੈਣ ਦੇਣ ਵੀ ਹੋਇਆ ਹਾਲਾਂਕਿ ਡੇਰਾ ਪ੍ਰੇਮੀਆਂ ਨੇ ਖ਼ੁਦ ਨੂੰ ਬੇਕਸੂਰ ਦਸਦਿਆਂ ਪੁਲਿਸ ਦੀ ਕਹਾਣੀ ਨੂੰ ਮਨਘੜਤ ਅਤੇ ਸਿਆਸਤ ਤੋਂ ਪ੍ਰੇਰਿਤ ਦਸਿਆ ਹੈ।