ਪਿੰਡ ਪੰਜਵੜ 'ਚ ਗੁਟਕਾ ਸਾਹਿਬ ਦੀ ਬੇਅਦਬੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼ਰਾਰਤੀ ਅਨਸਰ ਨੇ ਅੰਗ ਪਾੜ ਕੇ ਸੂਏ ਵਿਚ ਸੁੱਟੇ

Beadbi of Gutka Sahib

ਝਬਾਲ : ਬਰਗਾੜੀ ਅਤੇ ਬਹਿਬਲ ਕਲਾਂ ਵਿਖੇ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਿਸੇ ਬੰਨੇ ਨਹੀਂ ਲੱਗ ਸਕੀ ਉਥੇ ਅੱਜ ਪਿੰਡ ਪੰਜਵੜ ਕਲਾਂ ਵਿਖੇ ਮੂਸਾ ਮਾਈਨਰ (ਰਜਬਾਹੇ) ਵਿਚ  ਸੁਖਮਨੀ ਸਾਹਿਬ ਦੇ ਗੁਟਕੇ ਦੇ ਅੰਗ ਕਿਸੇ ਸ਼ਰਾਰਤੀ ਅਨਸਰ ਵਲੋਂ ਪਾੜ ਕੇ ਸੁੱਟੇ ਜਾਣ ਕਰ ਕੇ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ। ਜਾਣਕਾਰੀ ਅਨੁਸਾਰ ਪ੍ਰਤੱਖ ਦਰਸ਼ੀ ਸਰਬਜੀਤ ਸਿੰਘ ਨੇ ਦਸਿਆ ਕਿ ਉਹ ਸਵੇਰੇ ਕੋਈ 8:00 ਵਜੇ ਦੇ ਕਰੀਬ ਪਸ਼ੂਆਂ ਲਈ ਚਾਰਾ ਵੱਢਣ ਲਈ ਖੇਤਾਂ ਵਿਚ ਜਾ ਰਿਹਾ ਸੀ ਕਿ ਉਸ ਨੂੰ ਸੂਏ ਵਿਚ ਗੁਟਕਾ ਸਾਹਿਬ ਦੇ ਪਾਟੇ ਹੋਏ ਅੰਗ ਦਿਖਾਈ ਦਿਤੇ

ਜਿਸ 'ਤੇ ਉਨ੍ਹਾਂ ਤੁਰਤ ਅਪਣੇ ਵੱਡੇ ਭਰਾ ਖਜ਼ਾਨ ਸਿੰਘ ਨੂੰ ਦਸਿਆ ਤੇ ਉਸ ਨੇ ਇਸ ਦੀ ਜਾਣਕਾਰੀ ਪਿੰਡ ਪੰਜਵੜ ਖ਼ੁਰਦ ਦੇ ਗੁਰਦਵਾਰਾ ਸ਼ਹੀਦ ਸਿੰਘਾਂ ਵਿਖੇ ਕਮੇਟੀ ਨੂੰ ਜਾ ਕੇ ਦਸਿਆ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਜਿਸ 'ਤੇ ਥਾਣਾ ਝਬਾਲ ਦੇ ਮੁਖੀ ਬਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪੁੱਜ ਗਏ ਅਤੇ ਮੌਕੇ 'ਤੇ ਬਾਬਾ ਬੁੱਢਾ ਜੀ ਸਤਿਕਾਰ ਕਮੇਟੀ ਦੇ ਆਗੂ ਕੈਪਟਨ ਸਿੰਘ ਬਘਿਆੜੀ ਅਤੇ ਪ੍ਰਗਟ ਸਿੰਘ ਪੰਡੋਰੀ ਆਦਿ ਨੇ ਪੁੱਜ ਕੇ ਸਤਿਕਾਰ ਸਹਿਤ ਗੁਟਕਾ ਸਾਹਿਬ ਦੇ ਪਾਟੇ ਹੋਏ ਪੰਨਿਆਂ ਨੂੰ ਚੁਕ ਕੇ ਗੁ: ਸਾਹਿਬ ਲੈ ਆਏ। ਜਿਥੇ ਉਨ੍ਹਾਂ ਦਸਿਆ ਕਿ ਇਹ ਪਾਟੇ ਹੋਏ ਪੰਨਿਆਂ ਦੀ ਜਾਂਚ ਕਰਨ ਤੋਂ ਬਾਅਦ

ਇਹ ਧਿਆਨ ਵਿਚ ਆਇਆ ਹੈ ਕਿ ਗੁਟਕਾ ਸਾਹਿਬ ਪੂਰੀ ਤਰ੍ਹਾਂ ਪਾੜਕੇ ਨਹੀਂ ਸੁੱਟਿਆ ਗਿਆ ਉਸ ਵਿਚੋਂ ਕੁੱਝ ਪੰਨੇ ਹੀ ਪਾੜੇ ਗਏ ਹਨ ਤੇ ਇਹ ਗੁਟਕਾ ਬਿਲਕੁਲ ਨਵਾਂ ਲੱਗ ਰਿਹਾ ਸੀ ਜਿਵੇਂ ਹੁਣੇ ਖ਼ਰਦ ਕੇ ਲਿਆਂਦਾ ਗਿਆ ਹੋਵੇ। ਮੌਕੇ ਤੇ ਨਾ ਤਾਂ ਗੁਟਕਾ ਸਾਹਿਬ ਦੀ ਜਿਲਦ ਬਰਾਮਦ ਹੋਈ ਹੈ ਅਤੇ ਨਾ ਹੀ ਬਾਕੀ ਦੇ ਅੰਗ ਉਥੋਂ ਮਿਲੇ ਹਨ ਜਿਸ 'ਤੇ ਮੌਕੇ 'ਤੇ ਸ਼੍ਰੋ: ਗੁ: ਪ੍ਰ: ਕਮੇਟੀ ਅਧੀਨ ਗੁ: ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਮੈਨੇਜਰ ਜਗਜੀਤ ਸਿੰਘ ਵੀ ਪੁੱਜ ਗਏ ਜਿਨ੍ਹਾਂ ਨੇ ਬਾਕੀ ਸਾਥੀ ਮੁਲਾਜ਼ਮਾਂ ਦੀ ਸਹਾਇਤਾ ਨਾਲ ਰਾਜਬਾਹੇ ਸੂਏ ਦੇ ਨਾਲ-ਨਾਲ ਜ਼ਮੀਨ ਵਿਚ ਸਰਚ ਅਭਿਆਨ ਚਲਾ ਕੇ ਨੇੜੇ ਖੇਤਾਂ ਨੂੰ ਵੀ ਫਰੋਲਿਆ ਪਰ ਬਾਕੀ ਦੇ ਅੰਗ ਨਾ ਮਿਲੇ।

ਇਨ੍ਹਾਂ ਮਿਲੇ ਪੰਨਿਆਂ ਵਿਚ ਗੁਟਕਾ ਸਾਹਿਬ ਦੇ ਆਖ਼ਰੀ ਪੰਨੇ ਤੇ ਨਿਸਚੈ ਦੀ ਮੋਹਰ ਲੱਗੀ ਹੋਈ ਸੀ। ਇਸ ਸਬੰਧੀ ਥਾਣਾ ਝਬਾਲ ਦੇ ਐਸ.ਐਚ.ਓ. ਬਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਬਾਬਾ ਬੁੱਢਾ ਜੀ ਸਤਿਕਾਰ ਕਮੇਟੀ ਵਲੋਂ ਭੇਜੀ ਗਈ ਸ਼ਿਕਾਇਤ ਦੇ ਆਧਾਰ 'ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਵੱਖ-ਵੱਖ ਪਹਿਲੂਆਂ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਵਿਸ਼ੇਸ਼ ਟੀਮ ਬਣਾ ਦਿਤੀ ਗਈ ਹੈ ਜੋ ਇਸ ਸਾਰੇ ਕੇਸ ਦੀ ਜਾਂਚ ਕਰੇਗੀ ਅਤੇ ਇਸ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।