ਸੈਮ ਪਿਤਰੋਦਾ ਤੇ ਰਾਜਾ ਵੜਿੰਗ ਦੀ ਭਾਸ਼ਾ ਕਾਂਗਰਸ ਦੀ ਸਿੱਖੀ ਵਿਰੁਧ ਮੁੱਢ ਕਦੀਮੀ ਮਾਨਸਿਕਤਾ:ਭਾਈ ਅਗਵਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਿਤਰੋਦਾ ਨੂੰ ਅਹੁਦੇ ਤੋਂ ਹਟਾਏ ਬਿਨਾਂ ਰਾਹੁਲ ਗਾਂਧੀ ਦਾ ਅਫ਼ਸੋਸ ਜਿਤਾਉਣਾ ਸਿੱਖਾਂ ਦੇ ਰਿਸਦੇ ਜ਼ਖ਼ਮਾਂ 'ਤੇ ਲੂਣ

Bhai Satwant Singh Agwan

ਕਲਾਨੌਰ : 'ਸਤਿਆ ਨਾਰਾਇਣ ਸ਼ਰਮਾ ਜਿਨ ਕਾਰ ਕਰਿਆ ਕਰੇਗੀ' ਪੰਜਾਬ ਕਾਂਗਰਸ ਆਗੂ ਰਾਜਾ ਵੜਿੰਗ ਵਲੋਂ ਹਿੰਦੂ ਸਿੱਖਾਂ ਵਿਚ ਨਫ਼ਰਤ ਪੈਦਾ ਕਰਨ ਵਾਲੇ ਬੇਤੁਕੇ ਬਿਆਨ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਵਲੋਂ '1984 ਮੇਂ ਜੋ ਹੂਆ ਸੋ ਹੁਆ' ਨੇ ਸਿੱਖ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦਵਾਰਾ ਯਾਦਗਾਰ-ਏ-ਸ਼ਹੀਦਾਂ, ਪਿੰਡ- ਅਗਵਾਨ ਦੇ ਮੁੱਖ ਸੇਵਾਦਾਰ ਅਤੇ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ ਦੇ ਭਤੀਜਾ ਜਥੇ: ਭਾਈ ਸੁਖਵਿੰਦਰ ਸਿੰਘ ਅਗਵਾਨ ਨੇ ਕੀਤਾ।

ਉਨ੍ਹਾਂ ਕਿਹਾ ਕਿ ਸਿੱਖ ਜਜ਼ਬਾਤਾਂ ਨੂੰ ਸੱਟ ਮਾਰਨ ਵਾਲੇ ਕਾਂਗਰਸੀ ਆਗੂਆਂ ਦੇ ਅਜਿਹੇ ਬਿਆਨ ਇਸ ਗੱਲ ਦਾ ਪ੍ਰਤੱਖ ਸਬੂਤ ਹਨ ਕਿ ਕਾਂਗਰਸ ਦੀ ਮਾਨਸਿਕਤਾ ਮੁਢ ਕਦੀਮ ਤੋਂ ਹੀ ਸਿੱਖਾਂ ਵਿਰੁਧ ਰਹੀ ਹੈ। ਕਾਂਗਰਸੀਆਂ ਦੀ ਭਾਸ਼ਾ ਦਸ ਰਹੀ ਹੈ ਕਿ ਕਾਂਗਰਸ ਦੇ ਚਰਿੱਤਰ ਵਿਚ ਜ਼ਿੰਦਗੀ ਦਾ ਕੋਈ ਮੁਲ ਨਹੀਂ ਹੈ।ਉਨ੍ਹਾਂ ਨੇ ਸੈਮ ਪਿਤਰੋਦਾ ਨੂੰ ਅਹੁਦੇ ਤੋਂ ਹਟਾਏ ਬਿਨਾਂ ਰਾਹੁਲ ਗਾਂਧੀ ਵਲੋਂ ਉਸ ਦੇ ਬਿਆਨ 'ਤੇ ਅਫ਼ਸੋਸ ਜਿਤਾਉਣ ਨੂੰ ਮਗਰਮੱਛ ਦੇ ਅੱਥਰੂ ਵਹਾਉਣ ਅਤੇ ਸਿੱਖਾਂ ਦੇ ਰਿਸਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦੇ ਤੁਲ ਕਰਾਰ ਦਿਤਾ।

ਉਨ੍ਹਾਂ ਕਿਹਾ ਕਿ ਸੈਮ ਦਾ ਬਿਆਨ ਰਾਜੀਵ ਗਾਂਧੀ ਦੇ ਉਸ ਬਿਆਨ ਦੀ ਤਰਜਮਾਨੀ ਹੈ ਜਿਸ ਵਿਚ ਉਸ ਨੇ ''ਜਬ ਕੋਈ ਬੜਾ ਪੇੜ ਗਿਰਤਾ ਹੈ ਤੋਂ ਧਰਤੀ ਹਿਲਤੀ ਹੈ'' ਕਿਹਾ ਸੀ। ਇਸ ਨਾਲ ਹੀ ਉਨ੍ਹਾਂ ਰਾਜਾ ਵੜਿੰਗ ਵਲੋਂ ਹਿੰਦੂ ਅਤੇ ਸਿੱਖ ਭਾਈਚਾਰਿਆਂ ਵਿਚ ਨਫ਼ਰਤ ਪੈਦਾ ਕਰਨ ਵਾਲੇ ਦਿਤੇ ਬਿਆਨਾਂ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਸੰਵੇਦਨਸ਼ੀਲ ਮਾਮਲਿਆਂ ਵਿਚ 'ਸੋਚ ਸਮਝ' ਕੇ ਬੋਲਣ ਦੀ ਨਸੀਹਤ ਵੀ ਦਿਤੀ ਅਤੇ ਸਿੱਖ ਭਾਵਨਾਵਾਂ ਨਾਲ ਖੇਡਣ ਦੀ ਥਾਂ ਵੜਿੰਗ ਨੂੰ ਬੀਤੇ ਤੋਂ ਸਬਕ ਸਿਖਣ ਦੀ ਵੀ ਸਲਾਹ ਦਿਤੀ।