ਬਰਗਾੜੀ ਮੋਰਚੇ ਦੀ ਹਮਾਇਤ ਕਰੇ ਪੂਰੀ ਸਿੱਖ ਕੌਮ: ਹਵਾਰਾ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਸਿੱਖ ਕੌਮ ਨੂੰ ਬਰਗਾੜੀ ਮੋਰਚੇ ਦੀ ਹਮਾਇਤ ਦੀ ਅਪੀਲ ਕੀਤੀ ਹੈ। ਤਿਹਾੜ ਜੇਲ ਵਿਚ ਬੰਦ ਹਵਾਰਾ ਨੇ ਅਪਣੇ ...

Jagatar Singh Hawara

ਚੰਡੀਗੜ੍ਹ, ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਸਿੱਖ ਕੌਮ ਨੂੰ ਬਰਗਾੜੀ ਮੋਰਚੇ ਦੀ ਹਮਾਇਤ ਦੀ ਅਪੀਲ ਕੀਤੀ ਹੈ। ਤਿਹਾੜ ਜੇਲ ਵਿਚ ਬੰਦ ਹਵਾਰਾ ਨੇ ਅਪਣੇ ਅਧਿਕਾਰਤ ਨੁਮਾਇੰਦਿਆਂ ਰਾਹੀਂ ਜਾਰੀ ਕੀਤੇ ਪ੍ਰੈੱਸ ਬਿਆਨ ਵਿਚ ਕਿਹਾ ਕਿ  ਬਰਗਾੜੀ ਵਿਚ ਲੱਗੇ ਕੌਮੀ ਮੋਰਚੇ ਦਾ ਮੁੱਖ ਮੁੱਦਾ ਬੇਅਦਬੀ ਕਾਂਡ ਦੋਸ਼ੀਆਂ ਨੂੰ ਫੜਨਾ ਅਤੇ ਸ਼ਾਂਤਮਈ ਸੰਘਰਸ਼ ਕਰ ਰਹੀ ਸੰਗਤ 'ਤੇ ਗੋਲੀਆਂ ਚਲਾਉਣ ਵਾਲੇ ਪੁਲਿਸ ਅਫ਼ਸਰਾਂ ਨੂੰ ਸਜ਼ਾ ਦੇਣ ਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਦੋਸ਼ੀਆਂ ਦੇ ਢਾਈ ਸਾਲ ਤਕ ਨਾ ਫੜੇ ਜਾਣ ਦੀ ਹਕੀਕਤ ਬਹੁਤ ਕੌੜੀ ਹੈ ਤੇ ਇਸ ਦੇ ਸਿੱਟੇ ਕਿਸੇ ਵੀ ਤਰ੍ਹਾਂ ਸੁਖਾਵੇਂ ਨਹੀਂ ਨਿਕਲ ਸਕਦੇ। 

ਬਰਗਾੜੀ ਵਿਖੇ ਹੋਏ ਪੰਥਕ ਇਕੱਠ ਵਿਚ ਅਕਾਲ ਤਖ਼ਤ ਦੇ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਵਜੋਂ ਸੇਵਾਵਾਂ ਨਿਭਾ ਰਹੇ ਭਾਈ ਮੰਡ ਨੂੰ ਹੰਗਾਮੀ ਹਾਲਤ ਵਿਚ ਇਥੇ ਮੋਰਚਾ ਲਾਉਣਾ ਪਿਆ ਹੈ। ਮੰਡ ਦਾ ਵੀ ਫ਼ਰਜ਼ ਬਣਦਾ ਹੈ ਕਿ ਸਮੁੱਚੀਆਂ ਪੰਥਕ ਧਿਰਾਂ ਨੂੰ ਇਸ ਮੋਰਚੇ ਵਿਚ ਸ਼ਾਮਲ ਹੋਣ ਲਈ ਖੁਲ੍ਹਾ ਸੱਦਾ ਦਿਤਾ ਜਾਵੇ। ਹਵਾਰਾ ਨੇ ਕਿਹਾ ਕਿ ਉਹ ਸਮੁੱਚੀ ਕੌਮ ਨੂੰ ਤੇ ਸਮੁੱਚੀਆਂ ਪੰਥਕ ਧਿਰਾਂ ਨੂੰ ਸੱਦਾ ਦਿੰਦੇ ਹਨ ਕਿ ਜੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਸਤਿਕਾਰ ਨੂੰ ਸਮਰਪਤ ਹਨ ਤਾਂ ਫਿਰ ਇਹ ਜ਼ਰੂਰੀ ਹੈ

ਕਿ ਉਹ ਆਪੋ ਅਪਣੀ ਹਉਮੈਂ ਅਤੇ ਆਪੋ ਅਪਣੇ ਮਾਨ-ਸਨਮਾਨ ਦੀਆਂ ਗੱਲਾਂ ਛੱਡ ਕੇ ਘੱਟ ਤੋਂ ਘੱਟ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖ ਕੇ ਇਕ ਮੰਚ 'ਤੇ ਇਕੱਤਰ ਹੋ ਜਾਣ। ਉਨ੍ਹਾਂ ਕਿਹਾ ਕਿ ਅਸੀਂ ਗੁਰੂ ਸਾਹਿਬ ਦੀਆਂ ਕਾਇਮ ਕੀਤੀਆਂ ਰਵਾਇਤਾਂ ਅਨੁਸਾਰ ਹਰ ਤਰੀਕੇ ਨਾਲ ਲੜਾਈ ਲੜੀ ਹੈ, ਭਾਵੇਂ ਸ਼ਾਂਤਮਈ ਤੇ ਭਾਵੇਂ ਹਥਿਆਰਬੰਦ ਹੋ ਕੇ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ ਕਿ ਜਦ ਹੋਰ ਕਿਸੇ ਵੀ ਤਰੀਕੇ ਨਾਲ ਮਨੁੱਖੀ ਹਕਾਂ, ਹਿਤਾਂ ਅਤੇ ਧਰਮ ਦੀ ਰਾਖੀ ਨਾ ਹੋ ਸਕੇ ਤਾਂ ਫਿਰ ਹਥਿਆਰ ਚੁੱਕ ਲੈਣਾ ਜਾਇਜ਼ ਹੈ।