ਸਿੱਖ ਨੇ ਦਸਤਾਰ ਦੀ ਬੇਅਦਬੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਕੀਤੀ ਕਾਰਵਾਈ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪੁਲਿਸ ਅਧਿਕਾਰੀ ਨੇ ਕੰਵਲਜੀਤ ਸਿੰਘ ਦੀ ਪੱਗ ਉਤਾਰ ਦਿੱਤੀ ਅਤੇ ਉਸ ਦੀ ਪੱਗ ਨੂੰ ਬੁਕਿੰਗ ਡੇਸਕ ‘ਤੇ ਰੱਖ ਦਿੱਤਾ।

Sikh

ਵੈਨਕੁਵਰ: ਬ੍ਰਿਟਿਸ਼ ਕੋਲੰਬੀਆ ਵਿਚ ਇਕ ਸਿੱਖ ਵਿਅਕਤੀ ਨੇ ਆਰਸੀਐਮਪੀ (Royal Canadian Mounted Police) ਵਿਰੁੱਧ ਮੁਕੱਦਮਾ ਦਰਜ ਕਰਵਾਇਆ ਹੈ ਕਿ ਇਕ ਪੁਲਿਸ ਅਧਿਕਾਰੀ ਨੇ ਉਸ ਦੀ ਪੱਗ ਉਤਾਰ ਕੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਹੈ। ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਵਿਚ ਦਾਖ਼ਲ ਕੀਤੇ ਗਏ ਇਕ ਨੋਟਿਸ ਵਿਚ ਕੰਵਲਜੀਤ ਸਿੰਘ ਦਾ ਕਹਿਣਾ ਹੈ ਕਿ 30 ਜੂਨ 2017 ਦੀ ਦੁਪਹਿਰ ਨੂੰ ਉਹ ਜੇਲ੍ਹ ਦੇ ਬੁਕਿੰਗ ਖੇਤਰ ਵਿਚ ਸੀ। ਉਸ ਸਮੇਂ ਬੁਕਿੰਗ ਸੈਂਟਰ ਵਿਚ ਲਗਭਗ ਚਾਰ-ਪੰਜ ਪੁਲਿਸ ਅਧਿਕਾਰੀ ਸ਼ਾਮਿਲ ਸਨ ਅਤੇ ਉਹ ਇਕੱਲਾ ਕੈਦੀ ਸੀ।

ਉਹਨਾਂ ਕਿਹਾ ਕਿ ਜਦੋਂ ਉਹ ਪੁਲਿਸ ਅਧਿਕਾਰੀਆਂ ਨਾਲ ਗੱਲ ਕਰ ਰਹੇ ਸਨ ਤਾਂ ਸਾਰਜੇਂਟ ਬ੍ਰਾਇਨ ਬਲੇਅਰ ਨਾਂਅ ਦਾ ਇਕ ਹੋਰ ਪੁਲਿਸ ਅਧਿਕਾਰੀ ਉਹਨਾਂ ਵਿਚ ਸ਼ਾਮਲ ਹੋ ਗਿਆ। ਬਾਅਦ ਵਿਚ ਉਸ ਨੇ ਕੰਵਲਜੀਤ ਸਿੰਘ ਦੀ ਪੱਗ ਉਤਾਰ ਦਿੱਤੀ ਅਤੇ ਉਸ ਦੀ ਪੱਗ ਨੂੰ ਬੁਕਿੰਗ ਡੇਸਕ ‘ਤੇ ਰੱਖ ਦਿੱਤਾ। ਉਸ ਤੋਂ ਬਾਅਦ ਚਾਰ ਅਧਿਕਾਰੀਆਂ ਨੇ ਬਲੇਅਰ ਨਾਲ ਮਿਲ ਕੇ ਪੁਲਿਸ ਹਿਰਾਸਤ ਵਿਚ ਕੈਦ ਕੰਵਲਜੀਤ ਸਿੰਘ ਦੀ ਬਾਂਹ ਮਰੋੜੀ ਅਤੇ ਉਸ ਨੂੰ ਹਵਾਲਾਤ ਵਿਚ ਲੈ ਗਏ। ਇਸ ਤੋਂ ਬਾਅਦ ਉਹਨਾਂ ਨੇ ਕੰਵਲਜੀਤ ਸਿੰਘ ਦੇ ਕੇਸਾਂ ਦੀ ਬੇਅਦਬੀ ਕੀਤੀ। ਕੰਵਲਜੀਤ ਸਿੰਘ ਨੇ ਸਿਰ ‘ਤੇ ਜੂੜਾ ਕੀਤਾ ਹੋਇਆ ਸੀ, ਪੁਲਿਸ ਅਧਿਕਾਰੀਆਂ ਨੇ ਉਹਨਾਂ ਦਾ ਜੂੜਾ ਵੀ ਖ਼ੋਲ ਦਿੱਤਾ।

ਕੰਵਲਜੀਤ ਨੇ ਕਿਹਾ ਕਿ ਉਹ ਇਕ ਸਿੱਖ ਹੈ ਜੋ ਅਪਣੇ ਧਾਰਮਕ ਚਿੰਨ ਵਜੋਂ ਪੱਗ ਬੰਨਦੇ ਹਨ। ਉਹਨਾਂ ਕਿਹਾ ਕਿ ਪੱਗ ਸਿਰਫ਼ ਉਹਨਾਂ ਦਾ ਧਾਰਮਕ ਚਿੰਨ੍ਹ ਹੀ ਨਹੀਂ ਬਲਕਿ ਉਹਨਾਂ ਦੀ ਪਛਾਣ ਹੈ। ਉਹਨਾਂ ਕਿਹਾ ਕਿ ਬ੍ਰਾਇਨ ਬਲੇਅਰ ਅਤੇ ਉਸ ਦੇ ਸਾਥੀਆਂ ਨੇ ਉਹਨਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਕੰਵਲਜੀਤ ਸਿੰਘ ਦੇ ਵਕੀਲ ਡੇਵਿਡ ਹਨੀਮੈਨ ਨੇ ਕਿਹਾ ਕਿ ਕਿਸੇ ਵੀ ਕੈਦੀ ਨਾਲ ਇਸ ਤਰ੍ਹਾਂ ਦਾ ਵਰਤਾਓ ਕਰਨਾ ਇਤਰਾਜ਼ਯੋਗ ਅਤੇ ਨਿੰਦਣਯੋਗ ਹੈ। ਕੰਵਲਜੀਤ ਸਿੰਘ ਇਕ ਸੋਫ਼ਟਵੇਅਰ ਪ੍ਰੋਗਰਾਮਰ ਹਨ, ਜੋ ਕਿ ਮੌਜੂਦਾ ਸਮੇਂ ਵਿਚ ਐਬੋਟਸਫੋਰਡ ਵਿਖੇ ਰਹਿ ਰਹੇ ਹਨ।

ਮੁਕੱਦਮੇ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੰਵਲਜੀਤ ਸਿੰਘ ਦੇ ਸਵੈ-ਮਾਣ ਨੂੰ ਨੁਕਸਾਨ ਹੋਇਆ ਹੈ ਅਤੇ ਇਸ ਕਾਰਨ ਉਸ ਨੂੰ ਸ਼ਰਮਿੰਦਗੀ ਅਤੇ ਚਿੰਤਾ ਆਦਿ ਦਾ ਸਾਹਮਣਾ ਕਰਨਾ ਪਿਆ। ਕੋਰਟ ਵਿਚ ਕਿਹਾ ਗਿਆ ਕਿ ਕੰਵਲਜੀਤ ਦੇ ਮੂਲ ਅਧਿਕਾਰਾਂ ਦੀ ਉਲੰਘਣਾ ਹੋਈ ਹੈ। ਮੁਕੱਦਮੇ ਵਿਚ ਇਹ ਵੀ ਕਿਹਾ ਗਿਆ ਕਿ ਉਸ ਨਾਲ ਧਰਮ ਅਤੇ ਨਸਲ ਦੇ ਅਧਾਰ ‘ਤੇ ਵਿਤਕਰਾ ਕੀਤਾ ਗਿਆ। ਫ਼ਿਲਹਾਲ ਕੋਰਟ ਵਿਚ ਇਸ ਮਾਮਲੇ ਸਬੰਧੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।