ਬੰਦੀ ਛੋੜ ਦਿਵਸ ਮੌਕੇ ਦਰਬਾਰ ਸਾਹਿਬ ਨਤਮਸਤਕ ਹੋਈ ਸੰਗਤ
ਸਿੱਖ ਭਾਈਚਾਰੇ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਬੰਦੀ ਛੋੜ ਦਿਵਸ
ਅੰਮ੍ਰਿਤਸਰ: ਸਿੱਖ ਭਾਈਚਾਰੇ ਵੱਲੋਂ ਦੀਵਾਲੀ ਦੇ ਤਿਉਹਾਰ ਨੂੰ ਬੰਦੀ ਛੋੜ ਦਿਵਸ ਵਜੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਸੰਗਤਾਂ ਗੁਰੂ ਘਰ ਦੇ ਦਰਸ਼ਨ ਕਰਨ ਆਉਂਦੀਆਂ ਹਨ। ਅੱਜ ਇਸ ਪਵਿੱਤਰ ਦਿਹਾੜੇ ਮੌਕੇ ਭਾਰੀ ਗਿਣਤੀ ਵਿਚ ਸੰਗਤਾਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋਈਆਂ।
ਸੰਗਤਾਂ ਨੇ ਦਰਬਾਰ ਸਾਹਿਬ ਪਹੁੰਚ ਕੇ ਦੀਵੇ ਜਗਾਏ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਤੋਂ ਇਲਾਵਾ ਸੰਗਤ ਵੱਲੋਂ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਵੀ ਕੀਤਾ ਗਿਆ। ਦੱਸ ਦਈਏ ਕਿ ਇਸ ਦਿਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਕਿਲ੍ਹੇ ਵਿਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਆਏ ਸਨ।
ਰਿਹਾਅ ਹੋਣ ਉਪਰੰਤ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੀ ਕੈਦ 'ਚੋਂ ਬੰਦੀ ਰਾਜਿਆਂ ਨੂੰ ਮੁਕਤ ਕਰਵਾ ਕੇ ਬੰਦੀਛੋੜ ਸਤਿਗੁਰੂ ਬਣੇ। ਇਸ ਖੁਸ਼ੀ ਵਿਚ ਸਿੱਖ ਸੰਗਤਾਂ ਨੇ ਘਿਓ ਦੇ ਦੀਵੇ ਜਗਾ ਕੇ ਉਹਨਾਂ ਦਾ ਅੰਮ੍ਰਿਤਸਰ ਵਿਖੇ ਸਵਾਗਤ ਕੀਤਾ। ਉਹਨਾਂ ਦੇ ਆਉਣ ਦੀ ਖੁਸ਼ੀ ਵਿਚ ਸੰਗਤਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਕੀਤੀ ਗਈ।
ਇਸ ਦਿਨ ਤੋਂ ਸਿੱਖਾਂ ਵਾਸਤੇ ਇਹ ਇਕ ਪਵਿੱਤਰ ਦਿਹਾੜਾ ਬਣ ਗਿਆ ਅਤੇ ਸਿੱਖ ਜਗਤ ਹਰ ਸਾਲ ਸ੍ਰੀ ਅੰਮ੍ਰਿਤਸਰ ਵਿਖੇ ਇਕੱਤਰ ਹੋ ਕੇ ਬੰਦੀ-ਛੋੜ ਦਿਵਸ ਮਨਾਉਣ ਲੱਗਿਆ। ਹਰ ਸਾਲ ਬੰਦੀ ਛੋੜ ਦਿਵਸ ਮੌਕੇ ਦਰਬਾਰ ਸਾਹਿਬ ਵਿਖੇ ਭਾਰੀ ਗਿਣਤੀ ਵਿਚ ਸੰਗਤਾਂ ਇਕੱਠੀਆਂ ਹੁੰਦੀਆਂ ਹਨ ਤੇ ਦੀਪਮਾਲਾ ਕਰਦੀਆਂ ਹਨ।