ਘਰ ‘ਚ ਬਣਾਏ ਮੰਦਰ ਵਿਚ ਲੱਗੀ ਅੱਗ, ਗੁਟਕਾ ਸਾਹਿਬ ਸਮੇਤ ਧਾਰਮਿਕ ਪੁਸਤਕਾਂ ਹੋਈਆਂ ਅਗਨ ਭੇਟ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਏਡੀਸੀਪੀ ਸਿਟੀ-1 ਜਗਜੀਤ ਸਿੰਘ ਵਾਲੀਆ, ਥਾਣਾ ਕੋਟ ਖਾਲਸਾ ਦੀ ਪੁਲਿਸ ਅਤੇ ਸਤਿਕਾਰ ਕਮਟੀ ਦੇ ਮੈਂਬਰ ਮੌਕੇ ‘ਤੇ ਪੁੱਜ ਗਏ...

religious books carried fire

ਅੰਮ੍ਰਿਤਸਰ : ਕੋਟ ਖਾਲਸਾ ਸਥਿਤ ਗੁਰੂ ਨਾਨਕਪੁਰਾ ਦੇ ਇਕ ਘਰ ਵਿਚ ਵਿਚ ਲੱਗੀ ਅਚਾਨਕ ਅੱਗ ਨਾਲ ਗੁਟਕਾ ਸਾਹਿਬ ਅਤੇ ਕੁਝ ਹੋਰ ਧਾਰਮਿਕ ਪੁਸਤਕਾਂ ਅਗਨ ਭੇਟ ਹੋ ਗਈਆਂ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏਡੀਸੀਪੀ ਸਿਟੀ-1 ਜਗਜੀਤ ਸਿੰਘ ਵਾਲੀਆ, ਥਾਣਾ ਕੋਟ ਖਾਲਸਾ ਦੀ ਪੁਲਿਸ ਅਤੇ ਸਤਿਕਾਰ ਕਮਟੀ ਦੇ ਮੈਂਬਰ ਮੌਕੇ ‘ਤੇ ਪੁੱਜ ਗਏ। ਜਾਣਕਾਰੀ ਮੁਤਾਬਿਕ ਗੁਰੂ ਨਾਨਕਪੁਰਾ ਗਲੀ ਨੰਬਰ 8 ਵਾਸੀ ਸੁਮਿਤ ਕੌਰ ਦੀ ਲੜਕੀ ਦਾ ਕੁਝ ਦਿਨ ਬਾਅਦ ਵਿਆਹ ਰੱਖਿਆ ਹੋਇਆ ਸੀ।

ਘਰ ਵਿਚ ਸਾਫ਼-ਸਫ਼ਾਈ ਦਾ ਕੰਮ ਚੱਲ ਰਿਹਾ ਸੀ ਕਿ ਛੋਟੀ ਅਲਮਾਰੀ ਵਿਚ ਬਣਾਏ ਗਏ ਮੰਦਰ ਦਾ ਸਾਰਾ ਸਮਾਨ ਘਰ ਦੀ ਛੱਤ ਉਤੇ ਰੱਖਿਆ ਹੋਇਆ ਸੀ। ਸੁਮਿਤ ਕੌਰ ਦਾ ਲੜਕਾ ਬਲਜੀਤ ਸਿੰਘ ਘਰ ਦੀ ਛੱਤ ਉਤੇ ਗਿਆ ਤੇ ਉਸ ਨੇ ਮੰਦਰ ਵਿਚ ਰੱਖੇ ਰੂੰ ਨੂੰ ਅੱਗ ਲਾ ਦਿੱਤੀ। ਉਸ ਵੇਲੇ ਅੱਗ ਬੁਝੀ ਸਮਝ ਕੇ ਉਹ ਹੇਠਾਂ ਉਤਰ ਗਿਆ ਪਰ ਚਿੰਗਾਰੀ ਨਾਲ ਲੱਕੜ ਦੇ ਫੱਟੇ ਨੰ ਅੱਗ ਲੱਗ ਗਈ, ਜਿਸ ਨਾਲ ਗੁਟਕਾ ਸਾਹਿਬ ਤੇ ਹੋਰ  ਧਾਰਮਿਕ ਪੁਸਤਕਾਂ ਵੀ ਅਗਨ ਭੇਟ ਹੋ ਗਈਆਂ। ਘਟਨਾ ਦੀ ਸੂਚਨਾ ਮਿਲਦਿਆਂ ਏਡੀਸੀਪੀ ਸਿਟੀ-1 ਜਗਜੀਤ ਸਿੰਘ ਵਾਲੀਆ, ਸਤਿਕਾਰ ਕਮੇਟੀ ਦੇ ਮੈਂਬਰ ਅਤੇ ਹੋਰ ਧਾਰਮਿਕ ਜਥੇਬੰਦੀਆਂ ਮੌਕੇ ‘ਤੇ ਪੁੱਜ ਗਈਆਂ।

ਘਰ ਦੀ ਮਾਲਕਣ ਸੁਮਿਤ ਕੌਰ ਨੇ ਦੱਸਿਆ ਕਿ ਮੁਹੱਲੇ ਦੇ ਕਿਸੇ ਲੜਕੇ ਨੇ ਸ਼ਰਾਰਤ ਕਰ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਜਦਕਿ ਦੂਜੇ ਪਾਸੇ ਪੁਲਿਸ ਵੱਲੋਂ ਸੁਮਿਤ ਕੌਰ ਦੇ ਲੜਕੇ ਬਲਜੀਤ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਜਿਸ ਨੇ ਰੂੰ ਨੂੰ ਲਾਈ ਅੱਗ ਦਾ ਪੁਲਿਸ ਦੇ ਸਾਹਮਣਏ ਖੁਲਾਸਾ ਕੀਤਾ ਹੈ।

ਮੌਕੇ ‘ਤੇ ਪੁੱਜੇ ਏਡੀਸੀਪੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਸੁਮਿਤ ਕੌਰ ਦੇ ਲੜਕੇ ਬਲਜੀਤ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਪੁਲਿਸ ਪੁਛ-ਗਿਛ ਕਰ ਰਹੀ ਹੈ। ਅਗਨ ਭੇਟ ਹੋਈਆਂ ਪੁਸਤਕਾਂ ਦੀ ਇਸ ਘਟਨਾ ਸਬੰਧੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਮੁਕੰਮਲ ਜਾਂਚ ਮਗਰੋਂ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।