ਅਕਾਲੀਆਂ ਨੇ ਵਿਸਾਰਿਆ ਸ੍ਰੀ ਅਕਾਲ ਤਖ਼ਤ ਸਾਹਿਬ!
ਕੀ ਅਕਾਲੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਿਸਾਰ ਦਿਤਾ ਹੈ?...........
ਤਰਨਤਾਰਨ : ਕੀ ਅਕਾਲੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਿਸਾਰ ਦਿਤਾ ਹੈ? ਇਹ ਸਵਾਲ ਪੰਥਕ ਹਲਕਿਆਂ ਵਿਚ ਚਟਖਾਰੇ ਲੈ ਲੈ ਕੇ ਪੁਛਿਆ ਜਾ ਰਿਹਾ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਦੁਆਰਾ ਪ੍ਰਕਾਸ਼ ਸਿੰਘ ਬਾਦਲ ਨੂੰ ਭਰੀ ਸਭਾ ਵਿਚ ਬਾਦਸ਼ਾਹ ਦਰਵੇਸ਼ ਕਹਿ ਦੇਣਾ ਤੇ ਫਿਰ ਆਪ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੇਸ਼ ਹੋ ਜਾਣਾ ਸੰਕੇਤ ਕਰਦਾ ਹੈ ਕਿ ਅਕਾਲੀਆਂ ਨੇ ਚੁਪ ਚਪੀਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਾਤਾ ਤੋੜ ਲਿਆ ਹੈ।
ਪ੍ਰਤੱਖ ਦਰਸ਼ੀਆਂ ਮੁਤਾਬਿਕ ਉਪਰੋਂ ਆਏ ਆਦੇਸ਼ ਮੁਤਾਬਿਕ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਖ਼ਤ ਸਾਹਿਬ ਤੇ ਅੰਮ੍ਰਿਤ ਸੰਚਾਰ ਕਰਦੇ ਚਾਰ ਸਿੰਘ ਲੈ ਕੇ ਸ. ਭੂੰਦੜ ਨੂੰ ਉਨ੍ਹਾਂ ਦੀ ਗਲਤੀ ਕਾਰਨ ਤਿੰਨ ਦਿਨ ਦੀ ਸੇਵਾ ਲਗਾਈ ਹੈ ਜਿਸ ਵਿਚ ਬਾਣੀ ਸੁਣਨੀ, ਬਰਤਨ ਸਾਫ ਕਰਨ ਦੀ ਸੇਵਾ ਕਰਨੀ ਅਤੇ 1100 ਰੁਪਏ ਗੋਲਕ ਵਿਚ ਪਾਉਣੇ ਹਨ। ਜਿਥੋਂ ਤਕ ਤਖ਼ਤ ਸਾਹਿਬਾਨ ਦਾ ਸਵਾਲ ਹੈ ਤਾਂ ਸਿੱਖ ਰਹਿਤ ਮਰਯਾਦਾ ਮੁਤਾਬਿਕ ਕੌਮੀ ਸਮਲੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੀ ਵਿਚਾਰੇ ਜਾ ਸਕਦੇ ਹਨ। ਸਥਾਨਕ ਮਸਲਿਆਂ ਬਾਰੇ ਬਾਕੀ ਤਖਤ ਸਾਹਿਬਾਨ 'ਤੇ ਵਿਚਾਰ ਹੋ ਸਕਦੀ ਹੈ।
ਪ੍ਰਤਖ ਦਰਸ਼ੀਆਂ ਮੁਤਾਬਿਕ ਸ. ਭੂੰਦੜ ਜਿਸ ਤਰ੍ਹਾਂ ਨਾਲ ਤਖ਼ਤ ਦਮਦਮਾ ਸਾਹਿਬ ਵਿਖੇ ਪੇਸ਼ ਹੋਏ ਸਨ ਉਸ ਨੂੰ ਦੇਖ ਕੇ ਲੱਗ ਨਹੀਂ ਸੀ ਰਿਹਾ ਕਿ ਉਹ ਗਲਤੀ ਦਾ ਅਹਿਸਾਸ ਕਰਕੇ ਤਖ਼ਤ ਸਾਹਿਬ 'ਤੇ ਪੇਸ਼ ਹੋਏ ਹਨ। ਜਾਣਕਾਰ ਦੱਸਦੇ ਹਨ ਕਿ ਸ. ਭੂੰਦੜ ਦੀ ਅਗਵਾਈ ਲਈ 4 ਦੇ ਕਰੀਬ ਸ਼੍ਰੋਮਣੀ ਕਮੇਟੀ ਮੈਂਬਰ ਵੀ ਤਖਤ ਸਾਹਿਬ 'ਤੇ ਮੌਜੂਦ ਸਨ।
ਚਾਹੀਦਾ ਤਾਂ ਇਹ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਹੀ ਇਹ ਮਾਮਲਾ ਸੁਣਨ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਭੇਜ ਦਿੰਦੇ ਤਾਂ ਕਿ ਇਹ ਮਾਮਲਾ ਪੰਜ ਜਥੇਦਾਰਾਂ ਵਲੋਂ ਵਿਚਾਰਿਆ ਜਾਂਦਾ। ਦਸਿਆ ਜਾਂਦਾ ਹੈ ਕਿ ਭੂੰਦੜ ਸੇਵਾ ਲਗਵਾਉਣ ਲਈ ਵੀ ਜੇਤੂ ਅੰਦਾਜ਼ ਵਿਚ ਆਇਆ ਤੇ ਸੇਵਾ ਵੀ ਪੂਰੇ ਜਾਹੋ ਜਲਾਲ ਨਾਲ ਸੁਣੀ, ਜਿਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਬਾਦਲ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਿਸਾਰ ਚੁੱਕਾ ਹੈ।