ਅਕਾਲ ਤਖ਼ਤ ਦੇ ਜਥੇਦਾਰ ਮਜਬੂਰੀਵਸ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸ਼ਾਮਲ ਹੋਏ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਹਾਲਤ ਦੇਖਣਯੋਗ ਰਹੀ।

Giyani Gurbachan singh

ਤਰਨਤਾਰਨ, 10 ਸਤੰਬਰ (ਚਰਨਜੀਤ ਸਿੰਘ): ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਹਾਲਤ ਦੇਖਣਯੋਗ ਰਹੀ। ਗਿਆਨੀ ਗੁਰਬਚਨ ਸਿੰਘ ਦੇ ਚਿਹਰੇ ਦੇ ਹਾਵਭਾਵ ਦਸ ਰਿਹਾ ਸੀ ਕਿ ਉਹ ਬੇਹੱਦ ਪ੍ਰੇਸ਼ਾਨ ਹਨ ਤੇ ਉਹ ਬੜੀ ਹੀ ਮਜਬੂਰੀ ਵਾਲੀ ਹਾਲਤ ਵਿਚ ਇਸ ਪੁਰਬ ਵਿਚ ਸ਼ਾਮਲ ਹੋਣ ਲਈ ਆਏ ਹਨ। 

ਅੱਜ 'ਜਥੇਦਾਰ' ਦੀ ਸੁਰੱਖਿਆ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਵਿਸ਼ੇਸ਼ ਹਲਾਤਾਂ ਨਾਲ ਨਜਿੱਠਣ ਲਈ ਬਣਾਈ ਸੁਰੱਖਿਆ ਦਸਤਾ ਟੀਮ ਤੈਨਾਤ ਸੀ। 'ਜਥੇਦਾਰ' ਨੂੰ ਮਨੁੱਖੀ ਚੇਨ ਬਣਾ ਕੇ ਗੁਰਦਵਾਰਾ ਸ੍ਰੀ ਰਾਮਸਰ ਸਾਹਿਬ ਵਿਖੇ ਲਿਆਂਦਾ ਗਿਆ। ਗੁਰਦਵਾਰਾ ਸਾਹਿਬ ਦੇ ਅੰਦਰ ਵੀ ਸੁਰੱਖਿਆ ਦਸਤਾ ਦੇ ਨੌਜਵਾਨ ਪੂਰੀ ਮੁਸ਼ਤੈਦੀ ਨਾਲ 'ਜਥੇਦਾਰ' ਦੀ ਸੁਰੱਖਿਆ ਕਰਦੇ ਨਜ਼ਰ ਆਏ। ਨਗਰ ਕੀਤਰਨ ਵਿਚ ਕੁੱਝ ਕਦਮ ਦੀ ਦੂਰੀ ਤੈਅ ਕਰਨ ਤੋਂ ਬਾਅਦ ਉਸੇ ਤਰ੍ਹਾਂ ਨਾਲ 'ਜਥੇਦਾਰ' ਮਨੁੱਖੀ ਚੇਨ ਦੀ ਸੁਰੱਖਿਆ ਵਿਚ ਸ੍ਰੀ ਦਰਬਾਰ ਸਾਹਿਬ ਅਪਣੀ ਰਿਹਾਇਸ਼ 'ਤੇ ਪਰਤ ਗਏ। ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਚ ਵੀ ਹਾਲਾਤ ਅੱਜ ਆਮ ਵਰਗੇ ਨਹੀਂ ਸਨ।

'ਜਥੇਦਾਰ' ਦੀ ਸੁਰੱਖਿਆ ਵਿਚ ਤੈਨਾਤ ਪੰਜਾਬ ਪੁਲਿਸ ਦੇ ਕਰਮਚਾਰੀ ਪੱਤਰਕਾਰਾਂ ਨੂੰ ਸਕੱਤਰੇਤ ਵਿਖੇ ਦਾਖ਼ਲ ਹੋਣ ਤੋਂ ਰੋਕਦੇ ਰਹੇ। ਇਸੇ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ ਨੇ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕੀਤੀ। ਦੋਵੇ ਧਿਰਾਂ ਮੁਲਾਕਾਤ ਦੇ ਵੇਰਵੇ ਦਸਣ ਤੋਂ ਇਨਕਾਰੀ ਰਹੀਆਂ।