ਹਕੂਮਤੀ ਕਹਿਰ ਨੂੰ ਯਾਦ ਕਰਦਿਆਂ 4 ਸਾਲਾਂ ਬਾਅਦ ਦੂਜੀ ਵਾਰ ਫਿਰ ਮਨਾਇਆ 'ਲਾਹਨਤ ਦਿਹਾੜਾ'

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਹਰ ਬੁਲਾਰੇ ਨੇ ਅਪਣੇ ਸੰਬੋਧਨ ਦੌਰਾਨ ਬਾਦਲਾਂ ਵਿਰੁਧ ਦਿਖਾਇਆ ਗੁੱਸਾ ਤੇ ਰੋਹ

'ਲਾਹਨਤ ਦਿਹਾੜਾ'

ਕੋਟਕਪੂਰਾ (ਗੁਰਿੰਦਰ ਸਿੰਘ) : 14 ਅਕਤੂਬਰ 2015 ਦੇ ਹਕੂਮਤੀ ਕਹਿਰ ਨੂੰ ਯਾਦ ਕਰਦਿਆਂ 4 ਸਾਲਾਂ ਬਾਅਦ ਸਥਾਨਕ ਬੱਤੀਆਂ ਵਾਲੇ ਚੌਕ 'ਚ ਬੁਲਾਰਿਆਂ ਨੇ ਬਾਦਲਾਂ ਨੂੰ ਜ਼ਕਰੀਆ ਖ਼ਾਨ, ਮਨੁੱਖਤਾ ਵਿਰੋਧੀ, ਪੰਥ ਦਾ ਗ਼ਦਾਰ, ਸਿੱਖ ਕੌਮ ਦਾ ਦੁਸ਼ਮਣ, ਸੌਦਾ ਸਾਧ ਦਾ ਚੇਲਾ ਵਰਗੇ ਅਜਿਹੇ ਲਕਬਾਂ ਨਾਲ ਨਿਵਾਜਿਆ, ਜਿਸ ਤੋਂ ਇੰਝ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਚਾਰ ਸਾਲਾਂ ਬਾਅਦ ਵੀ ਪੰਥਦਰਦੀਆਂ 'ਚ ਬਾਦਲਾਂ ਵਿਰੁਧ ਗੁੱਸਾ ਤੇ ਰੋਹ ਅਜੇ ਤਕ ਠੰਡਾ ਨਹੀਂ ਹੋਇਆ।

'ਦਰਬਾਰ-ਏ-ਖ਼ਾਲਸਾ' ਜਥੇਬੰਦੀ ਵਲੋਂ ਅੱਜ ਸਵੇਰੇ ਪਹਿਲਾਂ ਤੜਕਸਾਰ ਠੀਕ 5:00 ਵਜੇ ਉਸੇ ਤਰ੍ਹਾਂ ਨਿਤਨੇਮ ਕੀਤਾ ਗਿਆ ਜਿਸ ਤਰ੍ਹਾਂ ਹਕੂਮਤੀ ਕਹਿਰ ਮੌਕੇ ਸੰਗਤਾਂ 4 ਸਾਲ ਪਹਿਲਾਂ 14 ਅਕਤੂਬਰ 2015 ਨੂੰ ਇਸੇ ਥਾਂ ਨਿਤਨੇਮ ਕਰ ਰਹੀਆਂ ਸਨ। ਇਸ ਦੌਰਾਨ ਗਿਆਨੀ ਕੇਵਲ ਸਿੰਘ, ਹੋਂਦ ਚਿੱਲੜ ਦੇ ਕਤਲੇਆਮ ਨੂੰ ਸਾਹਮਣੇ ਲਿਆਉਣ ਵਾਲੇ ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਬਲਵਿੰਦਰ ਸਿੰਘ ਪਟਿਆਲਾ, ਪੰਜਾਬ ਏਕਤਾ ਪਾਰਟੀ ਦੇ ਜਗਦੇਵ ਸਿੰਘ ਕਮਾਲੂ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੱਖਣ ਸਿੰਘ ਨੰਗਲ,

'ਆਪ' ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰਸਿੱਧ ਕਵੀਸ਼ਰ ਮੱਖਣ ਸਿੰਘ ਮੁਸਾਫ਼ਰ, ਗੁਰਦੀਪ ਸਿੰਘ ਬਾਜਵਾ, ਸੁਖਵਿੰਦਰ ਸਿੰਘ ਬੱਬੂ ਅਤੇ ਸੈਂਕੜਿਆਂ ਦੀ ਗਿਣਤੀ 'ਚ ਸਿੱਖ ਸੰਗਤ ਦੀ ਮੌਜੂਦਗੀ 'ਚ ਦਰਬਾਰ-ਏ-ਖ਼ਾਲਸਾ ਦੇ ਮੁਖੀ ਭਾਈ ਹਰਜਿੰਦਰ ਸਿੰਘ ਮਾਝੀ ਨੇ ਨਿਤਨੇਮ ਉਪਰੰਤ 'ਲਾਹਨਤ' ਪੱਤਰ ਦਾ ਸਾਰ ਦੁਹਰਾਉਂਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ “ਗ਼ਦਾਰ-ਏ-ਕੌਮ'' ਨਾਲ ਦੁਰਕਾਰਿਆ।

ਉਨ੍ਹਾਂ ਲਾਹਨਤ ਪੱਤਰ ਦਾ ਸਾਰ ਪੜ੍ਹਦਿਆਂ ਭਾਵੁਕ ਲਹਿਜੇ 'ਚ ਸਮੁੱਚੇ ਘਟਨਾਕ੍ਰਮ ਦਾ ਬਿਰਤਾਂਤ ਕਰਦਿਆਂ ਮੌਜੂਦਾ ਮੁੱਖ ਮੰਤਰੀ ਪੰਜਾਬ ਨੂੰ ਕਟਹਿਰੇ 'ਚ ਲਿਆਉਂਦਿਆਂ ਕਿਹਾ ਕਿ ਕੈਪਟਨ ਸਰਕਾਰ ਵੀ ਇਸ ਮੁੱਦੇ ਨੂੰ ਸਿਆਸੀ ਲਾਹੇ ਵਜੋਂ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਦੋਸ਼ੀਆਂ ਵਿਰੁਧ ਕਾਰਵਾਈ ਨਹੀਂ ਕਰਦੀ ਤਾਂ ਇਨ੍ਹਾਂ ਦਾ ਹਸ਼ਰ ਵੀ ਬਾਦਲਾਂ ਵਾਲਾ ਹੀ ਹੋਵੇਗਾ।

ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਸਮੇਤ ਹੋਰਨਾਂ ਪੰਥਕ ਆਗੂਆਂ ਨੇ ਹਕੂਮਤਾਂ ਨੂੰ ਲਾਹਨਤਾਂ ਪਾਉਂਦਿਆਂ ਉੱਥੇ ਭਾਈ ਮਾਝੀ ਨੂੰ ਕਿਹਾ ਕਿ ਉਹ ਸਿੱਖ ਕੌਮ ਦੀ ਅਗਵਾਈ ਕਰਨ 'ਤੇ ਆਉਣ ਵਾਲੀਆਂ ਗੁਰਦੁਆਰਾ ਕਮੇਟੀ ਚੋਣਾਂ 'ਚ ਬਾਦਲਾਂ ਨੂੰ ਗੁਰਦਵਾਰਿਆਂ ਦੇ ਪ੍ਰਬੰਧ 'ਚੋਂ ਬਾਹਰ ਕੱਢਣ। ਅੰਤ 'ਚ ਭਾਈ ਹਰਜੀਤ ਸਿੰਘ ਢਪਾਲੀ ਨੇ ਰਸਮੀ ਤੌਰ 'ਤੇ ਧਨਵਾਦ ਕੀਤਾ ਗਿਆ। ਸਮਾਗਮ ਦੇ ਅਖ਼ੀਰ 'ਚ ਲਾਹਨਤ ਪੱਤਰ ਦੀਆਂ ਕਾਪੀਆਂ ਵੀ ਵੰਡੀਆਂ ਗਈਆਂ।