ਬੇਅਦਬੀਆਂ ਦੇ ਦੋਸ਼ੀਆਂ ਨੂੰ ਬਾਬੇ ਨਾਨਕ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦਾ ਹੱਕ ਨਹੀਂ : ਖਾਲੜਾ ਮਿਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ - ਆਰ.ਐਸ.ਐਸ. ਤੇ ਭਾਜਪਾ ਮਨੁੱਖਤਾ ਵਿਚ ਵੰਡੀਆਂ ਪਾਉਣ ਵਾਲੇ ਸੰਗਠਨ ਹਨ ਅਤੇ ਕਾਂਗਰਸ ਸਿੱਖਾਂ ਦੀ ਕੁਲਨਾਸ਼ ਦੀ ਦੋਸ਼ੀ ਹੈ।

Khalra mission memebers

ਅੰਮ੍ਰਿਤਸਰ : ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਅਹੁਦੇਦਾਰਾਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ , ਹਰਮਨ ਦੀਪ ਸਿੰਘ ਤੇ ਪ੍ਰਵੀਨ ਕੁਮਾਰ ਨੇ ਅਹਿਮ ਬੈਠਕ ਕਰਨ ਉਪੰਰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ, ਝੂਠੇ ਮੁਕਾਬਲੇ ਬਣਾਏ, ਨਵੰਬਰ 84 ਕਤਲੇਆਮ ਕੀਤਾ, ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਾਈ, ਜਿਨ੍ਹਾਂ ਨਸ਼ਿਆਂ 'ਤੇ ਖ਼ੁਦਕੁਸ਼ੀਆਂ ਰਾਹੀਂ ਪੰਜਾਬ ਬਰਬਾਦ ਕੀਤਾ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਦਾ ਕੋਈ ਅਧਿਕਾਰ ਨਹੀ ਹੈ।

ਉਨ੍ਹਾਂ ਮੰਗ ਕੀਤੀ ਕਿ ਹਾਲ ਹੀ ਵਿਚ ਤਰਨਤਾਰਨ, ਅੰਮ੍ਰਿਤਸਰ ਜ਼ਿਲ੍ਹਿਆਂ ਵਿਚ ਕੀਤੀ ਫੜੋ-ਫੜਾਈ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਨੂੰਵਾਦੀਏ ਪੰਜਾਬ ਅੰਦਰ ਐਨ.ਐਸ. ਜੀ. ਦੀ ਹੈੱਡ ਕੁਆਟਰ ਖੋਲ੍ਹ ਕੇ ਗੁਰੂ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ 'ਤੇ ਨਵਾਂ ਤੋਹਫ਼ਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਤੇ ਭਾਜਪਾ ਮਨੁੱਖਤਾ ਵਿਚ ਵੰਡੀਆਂ ਪਾਉਣ ਵਾਲੇ ਸੰਗਠਨ ਹਨ ਅਤੇ ਕਾਂਗਰਸ ਸਿੱਖਾਂ ਦੀ ਕੁਲਨਾਸ਼ ਦੀ ਦੋਸ਼ੀ ਹੈ। ਅਕਾਲ ਤਖ਼ਤ ਸਾਹਿਬ ਤੋਂ 550ਵੇਂ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਕਾਂਗਰਸ, ਭਾਜਪਾ, ਆਰ.ਐਸ.ਐਸ. ਨੂੰ ਅਤਿਵਾਦੀ ਸੰਗਠਨ ਕਰਾਰ ਦਿਤਾ ਜਾਣਾ ਚਾਹੀਦਾ ਹੈ।

ਖਾਲੜਾ ਮਿਸ਼ਨ ਦੇ ਆਗੂਆਂ ਬਾਦਲ ਪ੍ਰਵਾਰ ਨੂੰ ਕਟਹਿਰੇ ਵਿਚ ਖੜਾ ਕਰਦਿਆਂ ਕਿਹਾ ਕਿ ਸਿੱਖ ਕੌਮ ਦਾ ਸੱਭ ਤੋਂ ਵੱਧ ਨੁਕਸਾਨ ਕਰਨ ਲਈ ਇਹ ਜ਼ੁੰਮੇਵਾਰ ਹਨ। ਇਨ੍ਹਾਂ ਕਾਰਨ ਹੀ ਸਿੱਖ ਵਿਰੋਧੀ ਤਾਕਤਾਂ ਸਿਰ ਚੁਕ ਰਹੀਆਂ ਹਨ ਜੋ ਪਹਿਲਾਂ ਅਜਿਹਾ ਕਰਨ ਦੀ ਜੁਅਰਤ ਨਹੀਂ ਸਨ ਕਰਦੀਆਂ।