ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਨੁੱਖਤਾ ਦੇ ਗੁਰੂ : ਜੇ.ਪੀ.

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜੇ ਪੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਸਖਤ ਨਿਖੇਧੀ ਕੀਤੀ

Sri Guru Granth Sahib Ji

ਐਸ.ਏ.ਐਸ. ਨਗਰ  (ਸੁਖਦੀਪ ਸਿੰਘ ਸੋਈ) : ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਸਾਹਿਬ ਫੇਜ਼ 4 ਐਸ ਏ ਐਸ ਨਗਰ ਮੋਹਾਲੀ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਨੇੜੇ ਪਿੰਡ ਜੱਲਾ ਅਤੇ ਤਰਖਾਣ ਮਾਜਰਾ ਦੇ ਦੋ ਗੁਰਧਾਮਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਸਖਤ ਨਿਖੇਧੀ ਕੀਤੀ ਹੈ।

ਭਾਈ ਜਤਿੰਦਰਪਾਲ ਸਿੰਘ ਜੇ.ਪੀ. ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਕਾਰਨ ਸਿੱਖਾਂ ਅਤੇ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ। ਭਾਈ ਜੇ.ਪੀ. ਨੇ ਕਿਹਾ ਕਿ  ਇਕ ਨੌਜਵਾਨ ਵਲੋਂ ਦੋ ਵੱਖ ਵੱਖ ਗੁਰਦੁਆਰਿਆਂ ਵਿਚ ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਦੀ ਬੇਅਦਬੀ ਕੀਤੀ ਗਈ ਹੈ, ਉਸ ਤੋਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ, ਕਿ ਜਿਵੇਂ ਇਸ ਪਿਛੇ ਕੋਈ ਗਹਿਰੀ ਸਾਜਿਸ਼ ਕੰਮ ਕਰ ਰਹੀ ਹੋਵੇ।

ਉਨ੍ਹਾਂ ਕਿਹਾ ਕਿ ਫਰੀਦਕੋਟ ਦੇ ਬਰਗਾੜੀ ਬੇਅਦਬੀ ਕਾਂਡ ਤੋਂ ਠੀਕ ਪੰਜ ਸਾਲ ਬਾਅਦ ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਫਤਹਿਗੜ੍ਹ ਸਾਹਿਬ ਨੇੜੇ  ਪਿੰਡਾਂ ਜੱਲਾ ਅਤੇ ਤਰਖਾਣ ਮਾਜਰਾ ਦੇ ਦੋ ਗੁਰਧਾਮਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਹਨ, ਜੋ ਕਿ ਕਿਸੇ ਬਹੁਤ ਹੀ ਗਹਿਰੀ ਸਾਜਿਸ਼ ਦਾ ਹਿੱਸਾ ਜਾਪਦੀਆਂ ਹਨ, ਇਸ ਲਈ ਪੁਲਿਸ ਅਤੇ ਸਰਕਾਰ ਨੂੰ ਇਹਨਾਂ ਘਟਨਾਂਵਾਂ ਦੀ ਬਹੁਤ ਬਾਰੀਕੀ ਨਾਲ ਜਾਂਚ ਕਰਨੀ ਚਾਹੀਦੀ ਹੈ ਅਤੇ ਇਹਨਾਂ ਘਟਨਾਵਾਂ ਪਿਛਲੀ ਅਸਲੀ ਸੱਚਾਈ ਨੂੰ ਸਿੱਖ ਸੰਗਤਾਂ ਅਤੇ ਨਾਨਕ ਨਾਮ ਲੇਵਾ ਸੰਗਤਾਂ ਸਾਹਮਣੇ ਲਿਆਉਣਾ ਚਾਹੀਦਾ ਹੈ।

ਜੇ ਪੀ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਵੱਖ- ਵੱਖ ਥਾਵਾਂ ਉਪਰ ਵਾਪਰ ਰਹੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਬੇਹੱਦ ਨਿੰਦਾਜਨਕ ਹਨ। ਇਸ ਤਰਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਪੰਜਾਬ ਦੇ ਲੋਕ ਬਹੁਤ ਹੀ ਸਮਝਦਾਰ ਅਤੇ ਸ਼ਾਂਤੀ ਪਸੰਦ ਹਨ, ਜੋ ਕਿ ਸ਼ਰਾਰਤੀ ਅਨਸਰਾਂ ਦੀ ਕਿਸੇ ਵੀ ਚਾਲ ਨੂੰ ਕਾਮਯਾਬ ਨਹੀਂ ਹੋਣ ਦੇਣਗੇ।

ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਸਿਰਫ ਸਿੱਖਾਂ ਦੇ ਹੀ ਨਹੀਂ ਸਗੋਂ ਪੂਰੀ ਮਨੁੱਖਤਾ ਦੇ ਰੱਬੀ ਰਹਿਬਰ ਹਨ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਗੁਰੂ ਸਾਹਿਬਾਨ ਦੇ ਨਾਲ- ਨਾਲ ਹਿੰਦੂ ਭਗਤਾਂ ਅਤੇ ਹੋਰ ਮਹਾਂਪੁਰਖਾਂ ਦੀ ਪਵਿੱਤਰ ਬਾਣੀ ਵੀ ਦਰਜ਼ ਹੈ, ਜਿਸ ਨੂੰ ਗੁਰੂ ਸਾਹਿਬ ਨੇ ਆਪਣੀ ਬਾਣੀ ਦੇ ਬਰਾਬਰ ਦਾ ਦਰਜਾ ਦਿਤਾ ਹੋਇਆ ਹੈ। ਇਸਦੇ ਬਾਵਜੂਦ ਕੁਝ ਸ਼ਰਾਰਤੀ ਅਨਸਰ ਅਤੇ ਪੰਥ ਵਿਰੋਧੀ ਸ਼ਕਤੀਆਂ ਬੇਅਦਬੀ ਦੀਆਂ ਘਿਣੌਣੀਆਂ ਘਟਨਾਂਵਾਂ ਨੂੰ ਅੰਜਾਮ ਦੇ ਕੇ ਲੋਕਾਂ ਨੂੰ ਭੜਕਾਉਣ ਦਾ ਯਤਨ ਕਰ ਰਹੀਆਂ ਹਨ।

ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਕਿਹਾ ਕਿ ਸਿੱਖਾਂ ਅਤੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਕਿਸੇ ਭੜਕਾਹਟ ਵਿਚ ਨਹੀਂ ਆਉਣਾ ਚਾਹੀਦਾ ਸਗੋਂ ਸ਼ਾਂਤਮਈ ਤਰੀਕੇ ਨਾਲ ਬੇਦਅਬੀ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿਵਾਉਣ ਲਈ ਯਤਨ ਕਰਨੇ ਚਾਹੀਦੇ ਹਨ। ਇਸਦੇ ਨਾਲ ਹੀ ਸਾਰੇ ਗੁਰਧਾਮਾਂ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਨੂੰ ਗੁਰਧਾਮਾਂ ਵਿਚ ਵਿਸ਼ੇਸ਼ ਚੌਕਸੀ ਰਖਣੀ ਚਾਹੀਦੀ ਹੈ ਤਾਂ ਕਿ ਸ਼ਰਾਰਤੀ ਅਨਸਰ ਹੋਰ ਕਿਸੇ ਘਟਨਾਂ ਨੂੰ ਅੰਜਾਮ ਨਾ ਦੇ ਸਕਣ।ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਮੰਗ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਅਜਿਹੀ ਅੱਤ ਘਿਣੌਣੀ ਘਟਨਾਂ ਨੂੰ ਅੰਜਾਮ ਦੇਣ ਬਾਰੇ ਨਾ ਸੋਚੇ।