ਸਿੱਖ ਸੰਸਥਾਵਾਂ ਪੰਜਾਬ 'ਚ ਅਫ਼ੀਮ ਦੀ ਖੇਤੀ ਚਾਲੂ ਕਰਨ ਦਾ ਜ਼ੋਰਦਾਰ ਵਿਰੋਧ ਕਰਨ : ਗਿ. ਜਾਚਕ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕੁੱਝ ਕਾਰਪੋਰੇਟ ਘਰਾਣੇ, ਜਿਹੜੇ ਅਪਣੇ ਸੁਆਰਥ ਹਿਤ ਪੰਜਾਬ ਦੇ ਕਿਸਾਨਾਂ ਨੂੰ ਮਜ਼ਦਰਾਂ ਵਾਂਗ ਵਰਤਣਾ ਚਾਹੁੰਦੇ ਹਨ.........

Giani Jagtar Singh Jachak

ਕੋਟਕਪੂਰਾ  : ਕੁੱਝ ਕਾਰਪੋਰੇਟ ਘਰਾਣੇ, ਜਿਹੜੇ ਅਪਣੇ ਸੁਆਰਥ ਹਿਤ ਪੰਜਾਬ ਦੇ ਕਿਸਾਨਾਂ ਨੂੰ ਮਜ਼ਦਰਾਂ ਵਾਂਗ ਵਰਤਣਾ ਚਾਹੁੰਦੇ ਹਨ, ਉਨ੍ਹਾਂ ਦੇ ਟੇਟੇ ਚੜ੍ਹ ਕੇ ਪਟਿਆਲੇ ਤੋਂ ਐਮ. ਪੀ. ਧਰਮਵੀਰ ਗਾਂਧੀ ਅਤੇ ਨਵਜੋਤ ਸਿੰਘ ਸਿੱਧੂ ਦੇ ਕੁੱਝ ਪਿਛਲੱਗ ਪੰਜਾਬ ਵਿਚ ਅਫ਼ੀਮ ਦੀ ਖੇਤੀ ਸ਼ੁਰੂ ਕਰਨ ਬਾਰੇ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ। ਵਿਚਾਰਨ ਦੀ ਲੋੜ ਹੈ ਕਿ ਜਿਥੋਂ ਦਾ ਨੌਜਵਾਨ ਵਰਗ ਪਹਿਲਾਂ ਹੀ ਵੱਡੀ ਗਿਣਤੀ 'ਚ ਡਰੱਗ ਆਦਿਕ ਨਸ਼ਿਆਂ ਦੇ ਰੂਪ 'ਚ ਚਿੱਟੇ ਦੀ ਮਾਰ ਦਾ ਝੰਬਿਆ ਹੋਇਆ ਹੈ, ਕੀ ਹੁਣ ਬਾਕੀ ਦੇ ਬਚਿਆ ਹੋਇਆਂ ਨੂੰ ਅਫ਼ੀਮ ਤੇ ਪੋਸਤ ਖਵਾ ਕੇ ਕਾਲੇ ਦੇ ਕਾਲ-ਜਾਲ 'ਚ ਫਸਾਉਣਾ ਹੈ?

ਗੁਰਾਂ ਦੇ ਨਾਂਅ 'ਤੇ ਵਸੇ ਪੰਜਾਬ ਨੂੰ, ਕੀ ਹੁਣ ਅਫ਼ੀਮਚੀਆਂ ਦਾ ਪੰਜਾਬ ਬਣਾਉਣਾ ਹੈ? ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ 'ਚ ਸਿੱਖ ਰਹਿਤ ਮਰਿਆਦਾ ਰਾਹੀਂ ਗੁਰਸਿੱਖਾਂ ਨੂੰ ਹਰ ਇਕ ਕਿਸਮ ਦੇ ਨਸ਼ਿਆਂ ਦੀ ਵਰਤੋਂ ਤੋਂ ਵਰਜਿਆ ਗਿਆ ਹੈ। ਇਸ ਲਈ ਸਮੂਹ ਪੰਜਾਬੀਆਂ ਨੂੰ ਤੇ ਖ਼ਾਸ ਕਰ ਕੇ ਸਿੱਖ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਵਿਚ ਅਫ਼ੀਮ ਦੀ ਖੇਤੀ ਚਾਲੂ ਕਰਨ ਦਾ ਜ਼ੋਰਦਾਰ ਵਿਰੋਧ ਕਰਨ। 

ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਰੋਜ਼ਾਨਾ ਸਪੋਕਸਮੈਨ ਨੂੰ ਈਮੇਲ ਰਾਹੀਂ ਭੇਜੇ ਪ੍ਰੈਸ ਨੋਟ ਰਾਹੀਂ ਆਖਦਿਆਂ ਕਿਹਾ ਕਿ ਭਾਵੇਂ ਮੁਗ਼ਲ ਰਾਜ ਵੇਲੇ ਵੀ ਭਾਰਤ ਵਿਚ ਅਫ਼ੀਮ ਦੀ ਖੇਤੀ ਹੋਣ ਦੇ ਇਤਿਹਾਸਕ ਸਬੂਤ ਮਿਲਦੇ ਹਨ ਪਰ ਵੱਡੇ ਪੱਧਰ ਦੀ ਵਿਸ਼ੇਸ਼ ਖੇਤੀ ਬਰਤਾਨੀਆ ਦੀ ਈਸਟ ਇੰਡੀਆ ਕੰਪਨੀ ਨੇ ਬੰਗਾਲ 'ਚ 18ਵੀਂ ਸਦੀ ਵਿਖੇ ਸ਼ੁਰੂ ਕੀਤੀ। ਇਸ ਖੇਤੀ ਦਾ ਵੱਡਾ ਹਿੱਸਾ ਚੀਨ ਨੂੰ ਨਿਰਯਾਤ ਕੀਤਾ ਜਾਂਦਾ ਸੀ। ਪਿਛਲੇ ਕੁੱਝ ਮਹੀਨਿਆਂ ਤੋਂ ਅਜਿਹਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਅਫ਼ੀਮ ਦੀ ਖੇਤੀ ਨਾਲ ਇਕ ਤਾਂ ਪੰਜਾਬ ਵਿਚ ਵਧ ਰਹੇ ਨਸ਼ਿਆਂ ਦੇ ਪ੍ਰਭਾਵ ਨੂੰ ਰੋਕਿਆ ਜਾ ਸਕੇਗਾ

ਅਤੇ ਦੂਜਾ ਇਸ ਖੇਤੀ ਨਾਲ ਜੁੜੇ ਲਾਭ ਦੁਆਰਾ ਕਿਸਾਨਾਂ ਨੂੰ ਵੀ ਕੁੱਝ ਰਾਹਤ ਮਿਲੇਗੀ ਪਰ ਇਹ ਇਕ ਬਹੁਤ ਵੱਡਾ ਭੁਲੇਖੇ ਭਰਿਆ ਧੋਖਾ ਹੈ, ਕਿਉਂਕਿ ਰਾਜਸਥਾਨ, ਉਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਆਦਿਕ ਉਹ ਸੂਬੇ ਹਨ, ਜਿਥੇ ਅਫ਼ੀਮ ਦੀ ਖੇਤੀ ਕਾਨੂੰਨੀ ਹੈ। ਇਨ੍ਹਾਂ ਪ੍ਰਾਂਤਾਂ 'ਚ ਨਸ਼ਈ ਵੀ ਵਧੇ ਹਨ ਤੇ ਕਿਸਾਨ ਵੀ ਪੰਜਾਬ ਤੋਂ ਵੱਧ ਖ਼ੁਸ਼ਹਾਲ ਨਹੀਂ, ਕਿਸਾਨ ਨੂੰ ਲਾਭ ਤਾਂ ਹੁੰਦਾ ਹੈ, ਜੇ ਉਹ ਅਫ਼ੀਮ ਨੂੰ ਬਲੈਕ ਵਿਚ ਵੇਚੇ। ਹੈਰਾਨੀ ਦੀ ਗੱਲ ਹੈ ਕਿ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਤੇ ਨਸ਼ੇ ਦੇ ਹੜ੍ਹ ਨੂੰ ਰੋਕਣ 'ਚ ਫ਼ੇਲ੍ਹ ਹੋਈ ਪੰਜਾਬ ਸਰਕਾਰ ਹੁਣ ਅਫ਼ੀਮ ਦੀ ਖੇਤੀ ਚਾਲੂ ਕਰਨ ਬਾਰੇ ਸੋਚ ਰਹੀ ਹੈ।