ਗਿਆਨੀ ਬਲਦੇਵ ਸਿੰਘ ਬਣੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੂਰਨ ਜਥੇਦਾਰ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਪਹਿਲਾਂ ਉਹ ਕਾਰਜਕਾਰੀ ਜਥੇਦਾਰ ਸਨ।

ਗਿਆਨੀ ਬਲਦੇਵ ਸਿੰਘ ਬਣੇ ਤਖ਼ਤ ਸ੍ਰੀ ਹਰਿਮੰਦਿਰ ਜੀ ਪਟਨਾ ਸਾਹਿਬ ਦੇ ਪੂਰਨ ਜਥੇਦਾਰ

ਪਟਨਾ: ਗਿਆਨੀ ਬਲਦੇਵ ਸਿੰਘ ਨੂੰ ਪਟਨਾ ’ਚ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਨਵਾਂ ਜਥੇਦਾਰ ਬਣਾਇਆ ਗਿਆ ਹੈ। ਪਹਿਲਾਂ ਉਹ ਕਾਰਜਕਾਰੀ ਜਥੇਦਾਰ ਸਨ। ਇਹ ਨਿਯੁਕਤੀ ਅੱਜ ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਦੀ ਨਿਯੁਕਤੀ ਤੋਂ ਬਾਅਦ ਕੀਤੀ ਗਈ। ਬੀਤੇ ਦਿਨੀਂ ਰਣਜੀਤ ਸਿੰਘ ਗੌਹਰ ’ਤੇ ਲੱਗੇ ਦੋਸ਼ਾਂ ਤੋਂ ਬਾਅਦ ਤਖ਼ਤ ਸਾਹਿਬ ਕਮੇਟੀ ਨੇ ਉਨ੍ਹਾਂ ਨੂੰ ਸੇਵਾਮੁਕਤ ਕਰ ਦਿਤਾ ਸੀ। ਇਸ ਤੋਂ ਬਾਅਦ ਲਗਾਤਾਰ ਇਸ ਅਹੁਦੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚਲ ਰਹੀਆਂ ਸਨ। ਸੰਗਤ ਵੀ ਦੁਚਿੱਤੀ ’ਚ ਸੀ ਕਿ ਇਸ ਅਹੁਦੇ ’ਤੇ ਕਿਸ ਨੂੰ ਬਿਠਾਇਆ ਜਾਵਗਾ।

ਇਹ ਵੀ ਪੜ੍ਹੋ:  ਚੱਕਰਵਾਤ ਬਿਪਰਜੌਏ ਨਾਲ ਗੁਜਰਾਤ ’ਚ ਭਾਰੀ ਤਬਾਹੀ

ਹੁਣ ਤਕ ਬਲਦੇਵ ਸਿੰਘ ਜਥੇਦਾਰ ਦਾ ਕੰਮਕਾਜ ਅਸਥਾਈ ਰੂਪ ਨਾਲ ਚਲਾ ਰਹੇ ਸਨ। ਹੁਣ ਉਨ੍ਹਾਂ ਨੂੰ ਪੂਰਨ ਜਥੇਦਾਰ ਬਣਾ ਦਿਤਾ ਗਿਆ ਹੈ। ਇਹ ਬੈਠਕ ਤਖ਼ਤ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਦੀ ਅਗਵਾਈ ’ਚ ਹੋਈ। ਜਿਸ ’ਚ ਜਨਰਲ ਸਕੱਤਰ ਇੰਦਰਜੀਤ ਸਿੰਘ, ਸਕੱਤਰ ਹਰਬੰਸ ਸਿੰਘ, ਮੀਤ ਪ੍ਰਧਾਨ ਗੁਰਵਿੰਦਰ ਸਿੰਘ, ਮੈਂਬਰ ਡਾ. ਗੁਰਮੀਤ ਸਿੰਘ, ਮਹਿੰਦਰਪਾਲ ਸਿੰਘ ਢਿੱਲੋਂ, ਰਾਜਾ ਸਿੰਘ ਨੇ ਹਿੱਸਾ ਲਿਆ।

ਇਸ ਤੋਂ ਇਲਾਵਾ ਬੈਠਕ ’ਚ ਕਬੀਰ ਕਮੱਠ ਦੇ ਬ੍ਰਿਜੇਸ਼ ਮੁਨੀ ਦੀਆਂ ਤਖ਼ਤ ਸਾਹਿਬ ’ਤੇ ਗਤੀਵਿਧੀਆਂ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ। ਬ੍ਰਿਜੇਸ਼ ਮੁਨੀ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਬਰਖ਼ਾਸਤ ਜਥੇਦਾਰ ਰਣਜੀਤ ਸਿੰਘ ਦੇ ਘਰ ਜਾ ਕੇ ਕਈ ਘੰਟਿਆਂ ਤਕ ਬੈਠੇ ਰਹਿੰਦੇ ਹਨ। ਇਹੀ ਨਹੀਂ ਅਪਣੇ ਨਾਲ ਕਈ ਲੋਕਾਂ ਨੂੰ ਵੀ ਉਹ ਲੈ ਕੇ ਆਉਂਦੇ ਹਨ। ਕਮੇਟੀ ਨੇ ਇਸ ’ਤੇ ਧਿਆਨ ਦਿੰਦਿਆਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਲਈ ਜ਼ਿੰਮੇਵਾਰ ਰਣਜੀਤ ਸਿੰਘ ਗੌਹਰ ਅਤੇ ਬ੍ਰਿਜੇਸ਼ ਮੁਨੀ ਹੋਣਗੇ। ਇਸ ਲਈ ਪ੍ਰਸ਼ਾਸਨ ਉਨ੍ਹਾਂ ਨੂੰ ਉਨ੍ਹਾਂ ਦੇ ਤਖ਼ਤ ਸਾਹਿਬ ’ਚ ਦਾਖ਼ਲੇ ’ਤੇ ਰੋਕ ਲਾਉਣੀ ਚਾਹੀਦੀ ਹੈ।