'ਜਥੇਦਾਰਾਂ' ਅਤੇ ਬਾਦਲ ਪਰਵਾਰ ਨੂੰ ਹੋਰ ਕਸੂਤੀ ਸਥਿਤੀ ਵਿਚ ਫਸਾਇਆ ਨਵਜੋਤ ਸਿੱਧੂ ਨੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਕਾਲ ਤਖ਼ਤ ਨੂੰ ਕਚਹਿਰੀ ਬਣਾਉਣ ਵਾਲਿਆਂ ਨੂੰ ਹੁਣ ਦੇਣਾ ਪਵੇਗਾ ਜਵਾਬ............

Parkash Singh Badal

ਕੋਟਕਪੂਰਾ : ਮੌਜੂਦਾ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਨਾਮ ਮੰਗ ਪੱਤਰ ਸੌਂਪਦਿਆਂ ਸੌਦਾ ਸਾਧ ਨਾਲ ਸਾਂਝ ਅਤੇ ਸਿੱਖ ਕੌਮ ਨਾਲ ਵਿਸ਼ਵਾਸਘਾਤ ਲਈ ਬਾਦਲਾਂ ਨੂੰ ਪੰਥ 'ਚੋਂ ਛੇਕੇ ਜਾਣ ਦੀ ਮੰਗ ਨੇ ਜਿਥੇ ਬਾਦਲ ਪਰਵਾਰ ਲਈ ਮੁਸ਼ਕਲਾਂ ਖੜੀਆਂ ਕਰ ਦਿਤੀਆਂ ਹਨ, ਉਥੇ 'ਜਥੇਦਾਰਾਂ' ਅਤੇ ਸ਼੍ਰੋਮਣੀ ਕਮੇਟੀ ਦੀ ਜਾਨ ਵੀ ਮੁੱਠੀ 'ਚ ਆਉਣੀ ਸੁਭਾਵਕ ਹੈ ਕਿਉਂਕਿ ਜਥੇਦਾਰਾਂ ਨੂੰ ਵਰਤ ਕੇ ਬਾਦਲਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਮੂਹਰਲੀ ਕਤਾਰ ਦੇ ਅਹੁਦੇਦਾਰਾਂ ਨੇ ਲੰਮਾ ਸਮਾਂ ਚੰਮ ਦੀਆਂ ਚਲਾਈਆਂ,

ਵਿਰੋਧੀਆਂ ਨੂੰ ਜ਼ਲੀਲ ਕਰ ਕੇ ਸਿਆਸੀ ਰੋਟੀਆਂ ਸੇਕੀਆਂ, ਅਕਾਲ ਤਖ਼ਤ ਨੂੰ ਕਚਹਿਰੀ ਬਣਾ ਕੇ ਰੱਖ ਦਿਤਾ, ਪੰਥਕ ਵਿਦਵਾਨਾਂ ਤੇ ਸਿੱਖ ਇਤਿਹਾਸਕਾਰਾਂ ਵਿਰੁਧ ਛੇਕੂਨਾਮੇ (ਹੁਕਮਨਾਮੇ) ਦਾ ਹਥੌੜਾ ਖ਼ੂਬ ਵਰਤਿਆ ਪਰ ਹੁਣ ਜਦੋਂ ਉਹੀ ਮੁਸੀਬਤ ਖ਼ੁਦ 'ਤੇ ਆਣ ਬਣੀ ਤਾਂ ਦੇਸ਼ ਵਿਦੇਸ਼ 'ਚ ਵਸਦੀਆਂ ਸੰਗਤਾਂ ਨੂੰ ਇਸ ਦਾ ਜਵਾਬ ਤਾਂ ਦੇਣਾ ਹੀ ਪਵੇਗਾ। ਹੁਣ ਸਿੱਖ ਸੰਗਤਾਂ ਅਤੇ ਗ਼ੈਰ ਸਿੱਖਾਂ ਦਾ ਧਿਆਨ ਇਸ ਪਾਸੇ ਕੇਂਦਰਿਤ ਹੋ ਗਿਆ ਹੈ ਕਿ ਗਿਆਨੀ ਗੁਰਬਚਨ ਸਿੰਘ ਜਾਂ ਬਾਦਲ ਪਿਉ-ਪੁੱਤਰ ਕੀ ਪੈਂਤੜਾ ਵਰਤਦੇ ਹਨ ਕਿਉਂਕਿ ਨਵਜੋਤ ਸਿੰਘ ਸਿੱਧੂ ਨਾ ਤਾਂ ਪਿਛਾਂਹ ਹਟਣ ਵਾਲਾ ਹੈ ਤੇ ਨਾ ਹੀ ਇਸ ਮਸਲੇ ਨੂੰ ਠੰਢਾ ਪੈਣ ਦੇਵੇਗਾ।

ਇਸ ਮਾਮਲੇ 'ਚ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀਂ ਬਠਿੰਡਾ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਪੁਛੇ ਸਵਾਲ ਦੇ ਜਵਾਬ 'ਚ ਇਹ ਕਹਿ ਕੇ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕੀਤੀ ਕਿ ਸਿੱਧੂ ਦਾ ਤਾਂ ਦਿਮਾਗ਼ ਖ਼ਰਾਬ ਹੋ ਗਿਆ ਹੈ। ਗਿਆਨੀ ਗੁਰਬਚਨ ਸਿੰਘ ਨੇ ਬਤੌਰ ਜਥੇਦਾਰ ਅਕਾਲ ਤਖ਼ਤ ਸਾਹਿਬ ਖ਼ੁਦ ਰੋਜ਼ਾਨਾ ਸਪੋਕਸਮੈਨ ਦੇ ਮੁੱਖ ਸੰਪਾਦਕ ਸ. ਜੋਗਿੰਦਰ ਸਿੰਘ ਨੂੰ ਫ਼ੋਨ ਕਰ ਕੇ ਮੰਨਿਆ ਕਿ ਉਨ੍ਹਾਂ ਵਿਰੁਧ ਹੁਕਮਨਾਮਾ ਗ਼ਲਤ ਜਾਰੀ ਹੋਇਆ, ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਖ਼ੁਦ ਅਕਾਲ ਤਖ਼ਤ 'ਤੇ ਅਪਣਾ ਸਪੱਸ਼ਟੀਕਰਨ ਦੇਣ ਵਾਸਤੇ ਗਏ ਪਰ ਜਥੇਦਾਰਾਂ ਨੇ ਅਪਣੇ ਨਿਜੀ ਦਫ਼ਤਰ 'ਚ ਪੇਸ਼ ਨਾ ਹੋਣ ਦੇ ਦੋਸ਼ 'ਚ ਪੰਥ 'ਚੋਂ ਛੇਕਣ ਦਾ ਫ਼ੁਰਮਾਨ ਜਾਰੀ ਕਰ ਦਿਤਾ।

ਪੰਥਕ ਵਿਦਵਾਨ ਭਾਈ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਨੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਵਿਵਾਦਤ ਪੁਸਤਕ 'ਗੁਰਬਿਲਾਸ ਪਾਤਸ਼ਾਹੀ ਛੇਵੀਂ' ਜਾਰੀ ਕਰਨ ਬਾਰੇ ਸਵਾਲ ਕੀਤਾ ਤਾਂ ਉਸ ਵਿਰੁਧ ਵੀ ਛੇਕੂਨਾਮਾ ਜਾਰੀ ਹੋ ਗਿਆ। ਪੰਥ ਵਿਰੋਧੀ ਸ਼ਕਤੀਆਂ ਦੀਆਂ ਸਮੇਂ-ਸਮੇਂ ਹੋਈਆਂ ਝੂਠੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਭਾਈ ਪੰਥਪ੍ਰੀਤ ਸਿੰਘ, ਪ੍ਰੋ. ਸਰਬਜੀਤ ਸਿੰਘ ਧੂੰਦਾ, ਡਾ. ਹਰਜਿੰਦਰ ਸਿੰਘ ਦਿਲਗੀਰ, ਪ੍ਰੋ. ਇੰਦਰ ਸਿੰਘ ਘੱਗਾ ਵਰਗਿਆਂ ਨੂੰ ਤਲਬ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜਦੋਂ ਭਾਈ ਪੰਥਪ੍ਰੀਤ ਸਿੰਘ ਨੇ ਅੱਗੋਂ ਕੁੱਝ ਸਵਾਲ ਰੱਖ ਦਿਤੇ ਤਾਂ ਗਿਆਨੀ ਗੁਰਬਚਨ ਸਿੰਘ ਤੇ ਉਸ ਦੇ ਸਾਥੀਆਂ ਨੇ ਹੈਰਾਨੀਜਨਕ ਚੁੱਪੀ ਵੱਟ ਲਈ।

ਡਾ. ਦਿਲਗੀਰ ਵਲੋਂ ਤਾਂ ਜਥੇਦਾਰਾਂ ਨੂੰ ਅਦਾਲਤ ਰਾਹੀਂ ਚੁਨੌਤੀ ਦਿਤੀ ਹੋਈ ਹੈ। ਬਾਦਲ ਪਰਵਾਰ ਅਤੇ ਸ਼੍ਰੋਮਣੀ ਕਮੇਟੀ ਵਲੋਂ ਅਕਾਲ ਤਖ਼ਤ ਦੇ ਨਾਂਅ 'ਤੇ ਪੰਥਕ ਵਿਦਵਾਨਾਂ, ਸਿੱਖ ਇਤਿਹਾਸਕਾਰਾਂ, ਸੰਪਾਦਕਾਂ ਜਾਂ ਪੰਥਦਰਦੀਆਂ ਨੂੰ ਜ਼ਲੀਲ ਕਰਨ ਦਾ ਵਿਸਥਾਰ ਸਹਿਤ ਜ਼ਿਕਰ ਕਰਨਾ ਹੋਵੇ ਤਾਂ ਕਈ ਪੰਨ੍ਹੇ ਕਾਲੇ ਕੀਤੇ ਜਾ ਸਕਦੇ ਹਨ ਪਰ ਹੁਣ ਨਵਜੋਤ ਸਿੰਘ ਸਿੱਧੂ ਦੇ ਸਖ਼ਤ ਸਟੈਂਡ ਨੇ ਇਕ ਵਾਰ ਫਿਰ ਜਥੇਦਾਰਾਂ, ਬਾਦਲਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਜਾਨ ਕੁੜਿੱਕੀ 'ਚ ਫਸਾ ਦਿਤੀ ਹੈ।