ਦਰਬਾਰ ਸਾਹਿਬ 'ਤੇ ਹਮਲੇ ਦੇ ਹਮਲਾਵਰਾਂ ਅਤੇ ਬੇਅਦਬੀ ਦੋਸ਼ੀਆਂ ਲਈ ਜ਼ੁੰਮੇਵਾਰਾਂ ਨੂੰ ਲੋਕ ਮੂੰਹ ਨਾ ਲਾਉਣ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਅਤੇ ਸਹਿਯੋਗੀ ਜਥੇਬੰਦੀਆਂ ਵਲੋਂ ਸਿੱਖ ਪੰਥ ਤੇ ਪੰਜਾਬ ਵਾਸੀਆਂ ਦੇ ਨਾਮ ਖੁਲ੍ਹੀ ਚਿੱਠੀ

Bibi Paramjit kaur khalra

ਅੰਮ੍ਰਿਤਸਰ, 15 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਪਰਮਜੀਤ ਕੌਰ ਖਾਲੜਾ, ਵਿਰਸਾ ਸਿੰਘ ਬਹਿਲਾ, ਬਾਬਾ ਦਰਸ਼ਨ ਸਿੰਘ, ਕ੍ਰਿਪਾਲ ਸਿੰਘ ਰੰਧਾਵਾ, ਸਤਵਿੰਦਰ ਸਿੰਘ, ਸਤਵੰਤ ਸਿੰਘ ਮਾਣਕ  ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਰਲ ਮਿਲ ਮਨਾਉਣ ਲਈ ਉਨ੍ਹਾਂ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸਾਕਾ ਨੀਲਾ ਤਾਰਾ ਅਤੇ ਸਿੱਖ ਕਤਲੇਆਮ ਦੇ ਦੋਸ਼ੀ ਅਤੇ ਸਿੱਖ ਵਿਰੋਧੀ ਹਨ।

ਉਨ੍ਹਾਂ ਪੰਥਕ ਸੰਗਠਨਾਂ, ਸਿੱਖ ਪੰਥ ਅਤੇ ਪੰਜਾਬੀਆਂ ਨੂੰ ਖੁਲ੍ਹੀ ਚਿੱਠੀ ਜਾਰੀ ਕਰਦਿਆਂ ਕਿਹਾ ਕਿ ਇਸ ਸਬੰਧੀ ਅਕਾਲ ਤਖ਼ਤ ਸਾਹਿਬ ਤੋਂ ਅਵਾਜ਼ ਉਠਣੀ ਚਾਹੀਦੀ ਸੀ।
ਖਾਲੜਾ ਮਿਸ਼ਨ ਨੇ ਸਿੱਖ ਵਿਰੋਧੀ ਤਾਕਤਾਂ ਨੂੰ ਸਵਾਲ ਕੀਤਾ ਹੈ ਕਿ ਉਹ ਜਨਤਕ ਤੌਰ 'ਤੇ ਇਹ ਦਸਣ ਕਿ ਸ੍ਰੀ ਦਰਬਾਰ ਸਾਹਿਬ ਉਪਰ ਤੋਪਾਂ ਟੈਂਕਾਂ ਨਾਲ ਹਮਲਾ ਕਿਉਂ ਕੀਤਾ? ਨਵੰਬਰ 84 ਦਾ ਕਤਲੇਆਮ ਕਿਉਂ ਕੀਤਾ, ਪੰਜਾਬ ਅੰਦਰ ਚੱਪੇ-ਚੱਪੇ ਤੇ ਝੂਠੇ ਮੁਕਾਬਲੇ ਕਿਉਂ ਬਣਾਏ? ਇਸ ਸਬੰਧੀ ਅਵਾਜ਼ ਬਾਦਲਾਂ ਵਿਰੁਧ ਉੱਠਣੀ ਚਾਹੀਦੀ ਹੈ ਕਿ ਉਨ੍ਹਾਂ ਬੇਅਦਬੀਆਂ ਤੇ ਪੰਜਾਬ ਦੀ ਨਸ਼ਿਆਂ ਰਾਹੀਂ ਜਵਾਨੀ ਕਿਉਂ ਬਰਬਾਦ ਕੀਤੀ? ਉਨ੍ਹਾਂ ਹਰ ਮਾਈ ਭਾਈ ਨੂੰ ਬੇਨਤੀ ਕੀਤੀ ਹੈ ਕਿ ਪੰਥ ਤੇ ਪੰਜਾਬ ਨੂੰ ਬਰਬਾਦ ਕਰਨ ਵਾਲੀਆਂ ਇਨ੍ਹਾਂ ਧਿਰਾਂ ਨੂੰ ਮੂੰਹ ਨਾ ਲਾਈਏ।