ਕੇਜਰੀਵਾਲ ਦੀ ਤੁਲਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਦਾ ਮਾਮਲਾ ਪੁੱਜਾ ਅਕਾਲ ਤਖਤ ਸਾਹਿਬ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਹਲਕਾ ਖਡੂਰ ਸਾਹਿਬ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਨੂੰ ਇਕ ਵੈਬ ਚੈਨਲ ‘ਤੇ...

Arvind Kejriwal

ਅੰਮ੍ਰਿਤਸਰ : ਹਲਕਾ ਖਡੂਰ ਸਾਹਿਬ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਨੂੰ ਇਕ ਵੈਬ ਚੈਨਲ ‘ਤੇ ਕੇਜਰੀਵਾਲ ਦੀ ਤੁਲਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਦਾ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ‘ਚ ਪਹੁੰਚ ਗਿਆ ਹੈ। ਪੰਜਾਬ ਏਕਤਾ ਪਾਰਟੀ ਕਿਸਾਨ ਵਿੰਗ ਦੇ ਪ੍ਰਧਾਨ ਸੁਰਜੀਤ ਸਿੰਘ ਭੂਰਾ ਨੇ ਸ਼੍ਰੀ ਅਕਾਲ ਤਖਤ ਸਾਹਿਬ ‘ਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਿਜੀ ਸਹਾਇਕ ਰਣਜੀਤ ਸਿੰਘ ਨੂੰ ਸ਼ਿਕਾਇਤ ਪੱਤਰ ਸੌਂਪਦੇ ਹੋਏ ਮਨਜਿੰਦਰ ਸਿੱਧੂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ ਕਰਨ ਦੀ ਮੰਗ ਕੀਤੀ ਹੈ।

ਉਨ੍ਹਾਂ ਨੇ ਮੰਗ ਕੀਤੀ ਕਿ ਇਕ ਵਿਅਕਤੀ ਦੀ ਤੁਲਨਾ ਦਸਮ ਪਿਤਾ ਦੇ ਨਾਲ ਕਰਨਾ ਬੇਹੱਦ ਸ਼ਰਮਨਾਕ ਕੰਮ ਹੈ, ਇਸ ਲਈ ਮਨਜਿੰਦਰ ਸਿੰਘ ਸਿੱਧੂ ਨੂੰ ਤਲਬ ਕਰਕੇ ਦੋਸ਼ੀ ਕਰਾਰ ਦਿੱਤਾ ਜਾਵੇ। ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਪੰਥ ਤੋਂ ਛੇਕਿਆ ਜਾਵੇ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੀ ਘਟਨਾ ਪਹਿਲਾਂ ਵੀ ਅਸੀਂ ਦੇਖ ਚੁੱਕੇ ਹਾਂ ਬੀਤੇ ਸਾਲ 2018 ‘ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤੁਲਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਵਾਲੇ ਬਲਵਿੰਦਰ ਸਿੰਘ ਭੂੰਦੜ ਵਿਰੁੱਧ ਪੰਥਕ ਜਥੇਬੰਦੀਆਂ ਦਾ ਰੋਸ ਬਾਹਰ ਆਇਆ ਸੀ।

ਪੰਥਕ ਆਗੂ ਗੁਰਦੇਵ ਸਿੰਘ ਹਰਪਾਲਪੁਰ ਨੇ ਭੂੰਦੜ ਵਿਰੁੱਧ, ਅਤੇ ਸਿੱਖ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼ ਲਗਾਇਆ ਸੀ। ਮੋਹਾਲੀ ਦੇ ਸੋਹਾਣਾ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਵਿਚ ਹਰਪਾਲਪੁਰ ਨੇ ਕਿਹਾ ਸੀ ਕਿ ਬਲਵਿੰਦਰ ਸਿੰਘ ਭੂੰਦੜ ਨੇ ਅਕਾਲੀ ਦਲ ਦੀ ਅਬੋਹਰ ਰੈਲੀ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਾਦਸ਼ਾਹ ਦਰਵੇਸ਼ ਕਿਹਾ ਸੀ। ਜਦ ਕਿ ਸਿੱਖ ਜਗਤ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਬਾਦਸ਼ਾਹ ਦਰਵੇਸ਼ ਦੇ ਨਾਂ ਨਾਲ ਪੁਕਾਰਦਾ ਹੈ। ਇਸ ਦੇ ਨਾਲ ਹੀ ਹਰਪਾਲਪੁਰ ਨੇ ਮੰਗ ਕੀਤੀ ਕਿ ਭੂੰਦੜ ਦੇ ਨਾਲ ਨਾਲ ਪ੍ਰਕਾਸ਼ ਸਿੰਘ ਬਾਦਲ ਤੇ ਵੀ ਕੇਸ ਕਰਜ ਕੀਤਾ ਜਾਵੇ।

ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਸ ਮਾਮਲੇ ਤੇ ਬਲਵਿੰਦਰ ਸਿੰਘ ਭੂੰਦੜ ਵਿਰੁੱਧ ਕੋਈ ਟਿੱਪਣੀ ਜਾਂ ਐਕਸ਼ਨ ਨਹੀਂ ਲਿਆ ਸੀ। ਦੱਸ ਦਈਏ ਕਿ 9 ਸਤੰਬਰ 2018 ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਬੋਹਰ ਵਿਚ ਕੀਤੀ ਰੈਲੀ ਦੌਰਾਨ ਬਲਵਿੰਦਰ ਸਿੰਘ ਭੂੰਦੜ ਨੂੰ ਬਾਦਸ਼ਾਹ ਦਰਵੇਸ਼ ਕਿਹਾ ਗਿਆ ਸੀ।