ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਅਮਿਤਾਭ ਬੱਚਨ ਕੋਲੋਂ ਕਰੋੜਾਂ ਰੁਪਏ ਲੈਣ ਦਾ ਮਾਮਲਾ
ਮਨਜੀਤ ਸਿੰਘ ਜੀਕੇ ਨੇ ਕੀਤੀ ਸ਼ਿਕਾਇਤ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ): ਕੋਰੋਨਾ ਮਹਾਂਮਾਰੀ ਦੌਰਾਨ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਵੱਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਕੋਵਿਡ ਸੈਂਟਰ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੋ ਕਰੋੜ ਦੇਣ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਗਿਆ ਹੈ।
ਇਸ ਸੰਬਧੀ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਦਫਤਰ ਮੰਗ ਪੱਤਰ ਦੇਣ ਲਈ ਪਹੁੰਚੇ। ਉਹਨਾਂ ਤੋਂ ਇਲਾਵਾ ਮਨਪ੍ਰੀਤ ਕੌਰ ਬਖਸ਼ੀ ਇਸਤਰੀ ਵਿੰਗ ਪ੍ਰਧਾਨ ਅਤੇ ਹੋਰ ਮੈਬਰ ਵੀ ਸ਼ਾਮਲ ਸਨ। ਉਹਨਾਂ ਨੇ ਮੰਗ ਕੀਤੀ ਕਿ ਸਿੱਖ ਕੌਮ ਦੇ ਕਾਤਲਾਂ ਦੀ ਹਮਾਇਤ ਕਰਨ ਵਾਲੇ ਅਮਿਤਾਭ ਬੱਚਨ ਕੋਲੋਂ ਦਿੱਲੀ ਕਮੇਟੀ ਵਲੋਂ ਪੈਸੇ ਲੈਣਾ ਕਿੰਨਾ ਕੁ ਜਾਇਜ਼ ਹੈ।
ਉਹਨਾਂ ਕਿਹਾ ਕਿ ਅਮਿਤਾਭ ਬੱਚਨ ਨੇ ਦਿੱਲੀ ਕਮੇਟੀ ਨੂੰ ਅਸਿੱਧੇ ਤੌਰ ’ਤੇ 12 ਕਰੋੜ ਰੁਪਏ ਦਿੱਤੇ ਹਨ। ਮਨਜੀਤ ਸਿੰਘ ਜੀਕੇ ਨੇ ਦੱਸਿਆ ਕਿ ਮਨਜੀਤ ਸਿੰਘ ਸਿਰਸਾ ਵਲੋਂ ਅਮਿਤਾਭ ਬੱਚਨ ਨੂੰ ਸਦੀ ਦੇ ਨਾਇਕ ਦੱਸਣਾ ਅਤੇ ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆਂ ਦੇ ਹਮਾਇਤੀ ਕੋਲੋਂ ਪੈਸੇ ਲੈਣਾ ਕਿੰਨਾ ਕੁ ਜਾਇਜ਼ ਹੈ। ਉਹਨਾਂ ਅਕਾਲ ਤਖਤ ਸਾਹਿਬ ਕੋਲੋਂ ਮੰਗ ਕੀਤੀ ਹੈ ਕਿ ਦਿੱਲੀ ਕਮੇਟੀ ਨੂੰ ਅਮਿਤਾਭ ਬੱਚਨ ਦੇ ਪੈਸੇ ਵਾਪਸ ਦੇਣ ਬਾਰੇ ਕਿਹਾ ਜਾਵੇ।
ਉੱਥੇ ਹੀ ਸਿੱਖ ਸਰਧਾਲੂਆਂ ਦਾ ਕਹਿਣਾ ਹੈ ਕਿ ਦੇਸ਼ 'ਚ ਕੋਰੋਨਾ ਮਹਾਂਮਾਰੀ ਚਲ ਰਹੀ ਹੈ ਅਤੇ ਲੋਕ ਮਰ ਰਹੇ ਹਨ। ਅਜਿਹੇ ਸਮੇਂ ਸਿਆਸੀ ਪਾਰਟੀਆਂ ਵਲੋਂ ਸਿਆਸਤ ਕਰਨਾ ਗਲਤ ਹੈ। ਉਹਨਾਂ ਦਾ ਕਹਿਣਾ ਹੈ ਕਿ ਮਹਾਂਮਾਰੀ ਸਮੇਂ ਸਰਕਾਰਾਂ ਦੇ ਹੱਥ ਖੜ੍ਹੇ ਹਨ, ਅਜਿਹੇ ਵਿਚ ਜੇਕਰ ਕੋਈ ਗੁਰਦੁਆਰਿਆਂ ਨੂੰ ਦਾਨ ਦਿੰਦਾ ਹੈ ਤਾਂ ਉਸ ਨੂੰ ਵਾਪਸ ਕਰਨਾ ਨਹੀਂ ਚਾਹੀਦਾ