ਛੋਟਾ ਘੱਲੂਘਾਰਾ ਨੇੜੇ ਸ਼ਹੀਦੀ ਸਮਾਰਕ ਦੀ ਨਹੀਂ ਰਹਿ ਸਕੀ ਪਹਿਲਾਂ ਵਾਲੀ ਚਮਕ ਕਾਇਮ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਭਾਜਪਾ ਸਰਕਾਰ ਨੇ ਸਾਲ 2007 ਤੋਂ 2012 ਦੇ ਅਰਸੇ ਦੌਰਾਨ ਪੰਜਾਬ ਵਿਚ....

Shaheedi Monument Near Chhota Ghallughara

ਕਾਹਨੂੰਵਾਨ : ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਭਾਜਪਾ ਸਰਕਾਰ ਨੇ ਸਾਲ 2007 ਤੋਂ 2012 ਦੇ ਅਰਸੇ ਦੌਰਾਨ ਪੰਜਾਬ ਵਿਚ ਵੱਡੀਆਂ ਕੌਮੀ ਯਾਦਗਾਰਾਂ ਸ਼ਹੀਦਾਂ ਦੀ ਯਾਦ ਵਿਚ ਤਾਮੀਰ ਕਰਵਾਈਆਂ ਸਨ। ਇਨ੍ਹਾਂ ਵਿਚੋਂ ਇਕ ਯਾਦਗਾਰ ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਛੰਭ ਕੋਲ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਦੇ ਨੇੜੇ ਇਸ ਸਥਾਨ ਉਤੇ ਸ਼ਹੀਦ ਹੋਏ 11 ਹਜ਼ਾਰ ਸਿੰਘਾਂ ਦੀ ਯਾਦ ਵਿਚ ਇਕ ਵਿਸ਼ਾਲ ਸਮਾਰਕ 18 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਸੀ।

ਇਸ ਸਮਾਰਕ ਵਿਚ 18ਵੀਂ ਸਦੀ ਦਾ ਇਤਿਹਾਸ ਰੂਪਮਾਨ ਕਰਦੀਆਂ ਇਮਾਰਤਾਂ ਅਤੇ ਇਕ ਸ਼ਹੀਦੀ ਗੁੰਬਦ ਵੀ ਬਾਦਲ ਸਰਕਾਰ ਵਲੋਂ ਇਕ ਵੱਡੀ ਨਿਜੀ ਨਿਰਮਾਣ ਕੰਪਨੀ ਰਾਹੀਂ ਤਿਆਰ ਕੀਤਾ ਗਿਆ ਸੀ।  ਸਾਲ 2010 ਦੀ 23 ਅਕਤੂਬਰ ਨੂੰ ਇਸ ਸਮਾਰਕ ਦਾ ਨੀਂਹ ਪੱਥਰ ਰਖਿਆ ਗਿਆ ਸੀ ਅਤੇ 28 ਨਵੰਬਰ 2011 ਨੂੰ ਇਹ ਸਮਾਰਕ ਪ੍ਰਕਾਸ਼ ਸਿੰਘ ਬਾਦਲ ਤਤਕਾਲੀ ਮੁੱਖ ਮੰਤਰੀ ਪੰਜਾਬ ਨੇ ਲੋਕ ਅਰਪਣ ਕੀਤਾ ਸੀ। ਇਸ ਸਮਾਰਕ ਦੀ ਬਾਹਰੀ ਅਤੇ ਅੰਦਰੂਨੀ ਦਿਖ ਦੂਰੋਂ ਨੇੜਿਉਂ ਆਉਂਦੇ ਗੁਰੂ ਘਰ ਦੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਪ੍ਰਭਾਵਤ ਕਰਦੇ ਹਨ।

ਇਸ ਸਮਾਰਕ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ, ਲੋਕ ਨਿਰਮਾਣ ਵਿਭਾਗ, ਜੰਗਲਾਤ ਵਿਭਾਗ, ਸੈਨੀਟੇਸ਼ਨ ਵਿਭਾਗ ਤੋਂ ਇਲਾਵਾ ਕੁੱਝ ਹਿਸਟੋਰੀਅਨ ਸ਼ਖ਼ਸੀਅਤਾਂ ਨੂੰ ਇਕ ਕਮੇਟੀ ਦੇ ਰੂਪ ਵਿਚ ਸਮਾਰਕ ਦੀ ਸਾਂਭ ਸੰਭਾਲ ਲਈ ਪੱਕੇ ਤੌਰ 'ਤੇ ਨਿਯਮਤ ਕੀਤਾ ਗਿਆ ਸੀ। ਹੌਲੀ ਹੌਲੀ ਇਸ ਸਮਾਰਕ ਦੀ ਸਾਂਭ ਸੰਭਾਲ ਸਰਕਾਰ ਦੇ ਕਥਿਤ ਖ਼ਾਲੀ ਖ਼ਜ਼ਾਨਿਆਂ ਅਤੇ ਅਧਿਕਾਰੀਆਂ ਦੀ ਅਣਦੇਖੀ ਕਾਰਨ ਪ੍ਰਭਾਵਤ ਹੋਣ ਲੱਗੀ ਹੈ। 

ਇਥੇ ਕੰਮ ਕਰਦੇ ਮੁਲਾਜ਼ਮਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਅਪਣੀ ਜ਼ਿੰਮੇਵਾਰੀ ਬਾਖੂਬੀ ਨਿਭਾ ਰਹੇ ਹਨ ਅਤੇ ਸਮਾਰਕ ਦੀ ਸਾਂਭ ਸੰਭਾਲ ਵਿਚ ਕਿਸੇ ਵੀ ਘਾਟ ਨੂੰ ਸਮੇਂ ਸਿਰ ਪੂਰਾ ਕਰਨ ਦਾ ਦਾਅਵਾ ਕੀਤਾ। ਇਸ ਸਬੰਧੀ ਜਦੋਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਇਮਾਰਤ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਐਸ ਡੀ ਐਮ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਸਮੇਂ ਸਮੇਂ 'ਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇਸ ਸਮਾਰਕ ਦਾ ਕੰਮ ਦੇਖਦੇ ਹਨ।

ਉਨ੍ਹਾਂ ਕਿਹਾ ਕਿ ਉਹ ਖ਼ੁਦ ਇਸ ਸਮਾਰਕ ਦਾ ਨੇੜੇ ਤੋਂ ਨਿਰੀਖਣ ਕਰ ਚੁਕੇ ਹਨ। ਅੱਜ ਉਨ੍ਹਾਂ ਨੇ ਇਕ ਜ਼ਰੂਰੀ ਮੀਟਿਗ ਯਾਦਗਾਰ ਵਿਚ ਜ਼ਿਲ੍ਹਾ ਪ੍ਰਸ਼ਾਸਨ ਨਾਲ ਰੱਖੀ ਸੀ ਜੋ ਕਿ ਸਹਿਕਾਰਤਾ ਮੰਤਰੀ ਦੀ ਮੀਟਿੰਗ ਕਾਰਨ ਰੱਦ ਕਰਨੀ ਪਈ ਹੈ। ਉਨ੍ਹਾਂ ਕਿਹਾ ਕਿ ਉਹ ਜਲਦੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਲਈ ਯਤਨ ਕਰਨਗੇ।