ਅਕਾਲੀ ਲੀਡਰਸ਼ਿਪ ਨੇ ਹਮੇਸ਼ਾ ਸਿੱਖ ਗੱਭਰੂ ਨਿਜੀ ਸਿਆਸੀ ਸਵਾਰਥ ਲਈ ਵਰਤੇ : ਕੁਲਵੰਤ ਸਿੰਘ ਸਾਬਕਾ ਸਕੱਤਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਹੁਤੇ ਧਾਰਮਕ ਤੇ ਸਿਆਸੀ ਆਗੂ ਵੀ ਆਪੋ ਅਪਣਾ ਕੁਨਬਾ ਪਾਲਣ 'ਤੇ ਹੀ ਲੱਗੇ

Shiromani Akali Dal

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਸ. ਕੁਲਵੰਤ ਸਿੰਘ ਨੇ ਦੋਸ਼ ਲਾਇਆ ਕਿ ਅਕਾਲੀ ਲੀਡਰਸ਼ਿਪ ਨੇ ਹਮੇਸ਼ਾ ਸਿੱਖ ਗੱਭਰੂਆਂ ਨੂੰ ਅਪਣੇ ਨਿੱਜੀ ਸਿਆਸੀ ਸਵਾਰਥ ਲਈ ਵਰਤਣ ਬਾਅਦ ਧੱਕੇ ਖਾਣ ਅਤੇ ਜੇਲਾਂ ਵਿਚ ਜਾਣ ਲਈ ਛੱਡ ਦਿਤਾ ਪਰ ਪਹਿਲੀ ਵਾਰ ਜਥੇਦਾਰ ਅਕਾਲ ਤਖ਼ਤ ਸਾਹਿਬ ਗਿ. ਹਰਪ੍ਰੀਤ ਸਿੰਘ ਵਲੋਂ  ਕੌਮ ਦੇ ਨੌਜਵਾਨ ਸੁਚੇਤ ਕੀਤੇ ਹਨ।

ਸ. ਕੁਲਵੰਤ ਸਿੰਘ ਮੁਤਾਬਕ , ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ  ਨੌਜੁਆਨਾਂ ਨੂੰ ਚੇਤੰਨ ਹੋਣ ਦੇ ਦਿਤੇ ਸੁਝਾਅ ਸਹੀ ਦਿਸ਼ਾ ਵਿਚ ਚੁਕਿਆ ਯੋਗ ਕਦਮ ਮੰਨਿਆ ਜਾਣਾ ਚਾਹੀਦਾ ਹੈ।
ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮਤ ਦੇ 40 ਸਾਲਾਂ ਦੌਰਾਨ ਮੈਂ ( ਕੁਲਵੰਤ ਸਿੰਘ) ਬੜਾ ਕਰੀਬ ਤੋਂ ਵੇਖਿਆ ਹੈ ਕਿ ਲੀਡਰਸ਼ਿਪ ਨੇ ਹਮੇਸ਼ਾ ਹੀ ਨੌਜੁਆਨਾਂ ਨੂੰ ਅਪਣੇ ਨਿਜੀ ਹਿਤਾਂ ਲਈ ਪਹਿਲਾ ਉਕਸਾਇਆ ਤੇ ਫਿਰ  ਅਪਣੀ ਹਰ ਪ੍ਰਾਪਤੀ ਲਈ ਅਪਣੀ ਪਿੱਠ ਆਪ ਹੀ ਠੋਕੀ ਹੈ।

ਇਸ ਦਾ ਸਿਹਰਾ ਕਿਸੇ ਚੇਤੰਨ  ਨੌਜੁਆਨ ਨੂੰ ਨਹੀਂ ਦਿਤਾ। ਮੈਂ ਅੱਜ ਵੀ ਵੇਖ ਰਿਹਾ ਹਾਂ ਕਿ ਜਿਹੜੇ ਨੌਜੁਆਨ ਅਕਾਲੀ ਦਲ ਦੇ ਆਖ਼ਰੀ ਧਰਮ ਯੁੱਧ ਮੋਰਚੇ ਮੌਕੇ ਜੀਆ ਜਾਨ ਲਾ ਕੇ ਸਮੇਂ ਦੀਆਂ ਸਰਕਾਰਾਂ ਨਾਲ ਖਹਿ ਰਹੇ ਸਨ, ਉਨ੍ਹਾਂ ਵਿਚੋਂ ਬਹੁ ਗਿਣਤੀ ਝੂਠੇ ਪੁਲਿਸ ਮੁਕਾਬਲਿਆਂ ਦੀ ਭੇਟ ਚੜ੍ਹ ਗਏ, ਕੁਝ ਜੇਲਾਂ 'ਚ ਜੁਆਨੀ ਤੋਂ ਬੁਢਾਪੇ ਤੀਕ ਰੁਲ ਰਹੇ ਹਨ। ਕਿਸੇ ਸਿਆਸਤਦਾਨ ਨੇ ਇਨ੍ਹਾਂ ਲਈ ਹਾਅ ਦਾ ਨਾਹਰਾ ਨਹੀਂ ਮਾਰਿਆ। ਸਮਾਂ ਵਿਹਾਅ ਚੁੱਕੇ ਸਿਆਸਤਦਾਨਾਂ ਦੇ ਹੱਥ ਠੋਕੇ ਲੋਕ, ਜੋ ਅਜੇ ਵੀ ਖ਼ੁਦ ਨੂੰ ਨੌਜੁਆਨ ਲਿਖ ਰਹੇ ਹਨ, ਇਹੀ ਬਚੇ ਹਨ।

ਸ. ਕੁਲਵੰਤ ਸਿੰਘ ਕਿਹਾ ਕਿ ਨੌਜੁਆਨਾਂ ਨੂੰ ਆਰਥਕ, ਰਾਜਨੀਤਕ ਤੇ ਧਾਰਮਕ ਮੁਹਾਜ ਤੇ ਚੇਤੰਨ ਰਹਿਣ ਦੀ ਸਲਾਹ ਗਿਆਨੀ ਹਰਪ੍ਰੀਤ ਸਿੰਘ   ਨੇ ਦਿਤੀ ਹੈ। ਉਨ੍ਹਾਂ  ਪੰਜਾਬ ਦੀ ਆਰਥਕ, ਸਿਆਸੀ ਤੇ ਧਾਰਮਕ ਸਥਿਤੀ ਦਾ ਸੱਚ ਬਿਆਨ ਕੀਤਾ ਹੈ  ਕਿ ਜਦ ਕਿਧਰੇ ਵੀ ਸਿਆਸੀ ਲੋਕ, ਨੌਜੁਆਨਾਂ ਨੁੰ ਵਰਤਣ ਦੇ ਰਾਹ ਟੁਰਦੇ ਹਨ ਤਾਂ ਸੱਭ ਤੋਂ ਪਹਿਲਾਂ ਧਰਮ ਦਾ ਵਾਸਤਾ ਪਾਇਆ ਜਾਂਦਾ, ਫਿਰ ਉਨ੍ਹਾਂ ਦੀ ਆਰਥਿਕਤਾ ਸੁਧਾਰਨ ਲਈ ਰੁਜ਼ਗਾਰ  ਦੇ ਮੌਕੇ ਮੁਹਈਆ ਕਰਵਾਏ ਜਾਣ ਉਪਰੰਤ ਫਿਰ ਸੱਤਾ ਵਿਚ ਭਾਈਵਾਲੀ ਦਾ ਲਾਲਚ ਦਿਤਾ ਜਾਂਦਾ ਹੈ।

ਕੁਲਵੰਤ ਸਿੰਘ ਨੇ ਸਪਸ਼ਟ ਕੀਤਾ ਕਿ ਇਹ ਸੱਚ ਸ਼ਾਇਦ ਕਿਸੇ ਨੂੰ ਕੌੜਾ ਵੀ ਲੱਗੇ ਬਹੁਤੇ ਧਾਰਮਕ ਤੇ ਸਿਆਸੀ ਆਗੂ ਵੀ ਆਪੋ ਅਪਣਾ ਕੁਨਬਾ ਪਾਲਣ 'ਤੇ ਹੀ ਲੱਗੇ ਹਨ। ਜੇ ਕਿਧਰੇ ਅਕਾਲ ਤਖ਼ਤ ਸਾਹਿਬ ਤੋਂ ਨੌਜੁਆਨਾਂ ਨੂੰ ਚੇਤੰਨ ਰਹਿਣ ਦਾ ਸੁਝਾਅ ਦਿਤਾ ਜਾਂਦਾ ਹੈ ਤਾਂ ਇਸ ਨੂੰ ਦੇਰ ਨਾਲ ਹੀ ਸਹੀ ਇਕ ਚੰਗੀ ਪਹਿਲ ਕਹਿਣਾ ਬਣਦਾ ਹੈ। ਇਹ ਵੀ ਆਸ ਕਰਨੀ ਬਣਦੀ ਹੈ ਕਿ ਜਥੇਦਾਰ ਦੇ ਦਿਤੇ ਸੁਝਾਵਾਂ ਤੇ ਅਮਲ ਕਰਨ ਦੇ ਰਾਹ ਵੀ ਜ਼ਰੂਰ ਸੁਝਾਉਣ ।