ਗਿਆਨੀ ਗੁਰਬਚਨ ਸਿੰਘ ਨੇ ਰਾਜੋਆਣਾ ਦੇ ਹੱਕ 'ਚ ਮਾਰਿਆ ਹਾਅ ਦਾ ਨਾਅਰਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਬਲਵੰਤ ਸਿੰਘ ਰਾਜੋਆਣਾ ਦੇ ਮਸਲੇ ਦੀ ਸਹੀ ਤਰੀਕੇ ਨਾਲ ਜਾਂਚ ਨਾ ਕੀਤੀ ਜਾਣ 'ਤੇ SGPC ...

Giani Gurbachan Singh

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਬਲਵੰਤ ਸਿੰਘ ਰਾਜੋਆਣਾ ਦੇ ਮਸਲੇ ਦੀ ਸਹੀ ਤਰੀਕੇ ਨਾਲ ਜਾਂਚ ਨਾ ਕੀਤੀ ਜਾਣ 'ਤੇ SGPC ਨਾਲ ਤਿੱਖੇ ਅੰਦਾਜ਼ ਦਾ ਰਵਈਆ ਅਪਣਾਇਆ। ਜਥੇਦਾਰ ਗੁਰਬਚਨ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਰਾਜੋਆਣਾ ਮਾਮਲੇ ਉਤੇ ਜਲਦ ਤੋਂ ਜਲਦ ਧਿਆਨ ਦੇਣ ਲਈ ਕਿਹਾ।ਦੱਸ ਦਈਏ ਕਿ ਅਕਾਲ ਤਖ਼ਤ ਦੇ ਜਥੇਦਾਰ ਗੁਰਬਚਨ ਸਿੰਘ ਵਲੋਂ ਸਿੱਖਾਂ ਦੀਆਂ ਦੋਵੇਂ ਸਿਰਮੌਰ ਜਥੇਬੰਦੀਆਂ ਦੇ ਪ੍ਰਧਾਨਾਂ ਨੂੰ ਬਾਕੀ ਸਾਰੇ ਰੁਝੇਵੇਂ ਛੱਡ ਕੇ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਨੂੰ ਪਹਿਲ ਦੇਣ ਦੀ ਗੱਲ ਆਖੀ ਹੈ।

ਜਥੇਦਾਰ ਨੇ ਸ਼ਹੀਦ ਭਾਈ ਤਾਰੂ ਸਿੰਘ ਦੇ ਸ਼ਹੀਦੀ ਸਮਾਗਮ ਮੌਕੇ ਇਹ ਮਾਮਲੇ 'ਤੇ ਗੱਲ ਕੀਤੀ। ਗੱਲ ਕਰਦਿਆਂ ਗੁਰਬਚਨ ਸਿੰਘ ਨੇ ਕਿਹਾ ਕਿ ਜੇਲ੍ਹਾਂ ਵਿਚ ਬੰਦ ਸਿੰਘਾਂ ਦੇ ਮਾਮਲਿਆਂ ਉਤੇ ਸਰਕਾਰਾਂ ਅਤੇ ਪ੍ਰਸ਼ਾਸ਼ਨ ਦਾ ਕੋਈ ਧਿਆਨ ਨਹੀਂ ਹੈ। ਉਹ ਇਸ ਮਾਮਲੇ 'ਤੇ ਕੁਝ ਨਹੀਂ ਕਰ ਰਹੀਆਂ ਅਤੇ ਹੱਥ ਤੇ ਹੱਥ ਰੱਖਕੇ ਬੈਠੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਗੈਰ ਜਿੰਮੇਵਾਰੀਆਂ ਦੇ ਕਾਰਨ ਬਲਵੰਤ ਸਿੰਘ ਰਾਜੋਆਣਾ ਨੂੰ ਭੁੱਖ ਹੜਤਾਲ ਲਈ ਮਜ਼ਬੂਰ ਹੋਣਾ ਪਿਆ ਹੈ। ਦੱਸਣਯੋਗ ਹੈ ਕਿ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬਲਵੰਤ ਸਿੰਘ ਰਾਜੋਆਣਾ ਨੂੰ ਭੁੱਖ ਹੜਤਾਲ 'ਤੇ ਨਾ ਬੈਠਣ ਦੀ ਅਪੀਲ ਵੀ ਕੀਤੀ ਤੇ ਐਸਜੀਪੀਸੀ ਦੇ ਪ੍ਰਧਾਨ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਨੂੰ ਇਹ ਆਦੇਸ਼ ਦਿੱਤਾ ਕਿ ਫਿਲਹਾਲ

ਸਾਰੇ ਕਾਰਜਾਂ ਨੂੰ ਇਕ ਪਾਸੇ ਕਰ ਕੇ ਰਾਜੋਆਣਾ ਦੇ ਮਾਮਲੇ ਉਤੇ ਅਪਣਾ ਧਿਆਨ ਕੇਂਦਰਿਤ ਕਰਨ ਅਤੇ ਕੋਈ ਢੁਕਵਾਂ ਕਦਮ ਚੁੱਕਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਤੇ ਫੈਸਲਾ ਚਾਹੇ ਕੋਈ ਵੀ ਆਵੇ ਪਰ ਜੋ ਜਾਇਜ਼ ਤਵੱਜੋ ਬਣਦੀ ਹੈ ਉਹ ਜ਼ਰੂਰ ਦਿੱਤੀ ਜਾਵੇ।ਦੱਸ ਦਈਏ ਕਿ ਪਟਿਆਲਾ ਦੀ ਕੇਂਦਰੀ ਜੇਲ੍ਹ 'ਚ ਸਜ਼ਾ ਕੱਟ ਰਹੇ ਬਲਵੰਤ ਸਿੰਘ ਰਾਜੋਆਣਾ ਨੇ 16 ਜੁਲਾਈ ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਰਾਜੋਆਣਾ ਨੇ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਨੂੰ ਪੱਤਰ ਲਿਖਦਿਆਂ ਸੂਚਿਤ ਕੀਤਾ ਸੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਫਾਂਸੀ ਦੀ ਸਜ਼ਾ ਨਾਲ ਸਬੰਧਤ ਦੇਸ਼ ਦੇ ਰਾਸ਼ਟਰਪਤੀ ਕੋਲ 28 ਮਾਰਚ 2012 ਨੂੰ ਪਾਈ ਗਈ ਅਪੀਲ ਦੀ ਕੋਈ ਪੈਰਵੀ ਨਾ ਕਰਨ ਦੇ ਰੋਸ ਵਜੋਂ 16 ਜੁਲਾਈ ਤੋਂ ਉਹ ਭੁੱਖ ਹੜਤਾਲ ਕਰਨ ਜਾ ਰਿਹਾ ਹੈ।