ਪਾਕਿਸਤਾਨ ਨੇ ਕਰਤਾਰਪੁਰ ਗੁਰਦਵਾਰੇ ਦੀ ਜ਼ਮੀਨ ਚੋਰੀ-ਛਿਪੇ ਹੜੱਪ ਲਈ : ਅਧਿਕਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਹਿਲੀ ਹੀ ਬੈਠਕ ਵਿਚ ਪਾਕਿਸਤਾਨ ਦੀ ਦੋਗਲੀ ਨੀਤੀ ਬੇਨਕਾਬ ਹੋਈ

Kartarpur Sahib gurudwara

ਨਵੀਂ ਦਿੱਲੀ : ਭਾਰਤੀ ਅਧਿਕਾਰੀਆਂ ਨੇ ਕਿਹਾ ਹੈ ਕਿ ਪਾਕਿਸਤਾਨ ਨੇ ਸ਼ਰਧਾਲੂਆਂ ਦੀ ਸਹੂਲਤ ਲਈ ਲਾਂਘਾ ਬਣਾਉਣ ਦੇ ਨਾਮ 'ਤੇ ਕਰਤਾਰਪੁਰ ਗੁਰਦਵਾਰੇ ਦੀ ਜ਼ਮੀਨ 'ਚੋਰੀ-ਛਿਪੇ' ਹੜੱਪ ਲਈ ਅਤੇ ਇਸ ਪ੍ਰਾਜੈਕਟ ਲਈ ਭਾਰਤ ਦੇ ਬਹੁਤੇ ਮਤਿਆਂ 'ਤੇ ਇਤਰਾਜ਼ ਕੀਤਾ ਜੋ ਉਸ ਦੀ ਦੋਗਲੀ ਨੀਤੀ ਦਾ ਸੂਚਕ ਹੈ।

ਭਾਰਤੀ ਵਫ਼ਦ ਨੇ ਭਾਰਤ ਵਿਚ ਗੁਰੂ ਨਾਨਕ ਦੇਵ ਦੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਦੇ ਉਲਟ ਉਸ ਪਾਵਨ ਸਿੱਖ ਅਸਥਾਨ ਦੀ ਜ਼ਮੀਨ 'ਤੇ ਧੜੱਲੇ ਨਾਲ ਕਬਜ਼ਾ ਕੀਤੇ ਜਾਣ ਵਿਰੁਧ ਸਖ਼ਤ ਇਰਤਾਜ਼ ਦਰਜ ਕਰਾਇਆ ਹੈ। ਇਸ ਵਫ਼ਦ ਨੇ ਲਾਂਘੇ ਬਾਰੇ ਕਲ ਹੋਈ ਬੈਠਕ ਵਿਚ ਹਿੱਸਾ ਲਿਆ ਸੀ। ਵਫ਼ਦ ਦਾ ਹਿੱਸਾ ਰਹੇ ਸਰਕਾਰੀ ਅਧਿਕਾਰੀ ਨੇ ਕਿਹਾ, 'ਪਾਕਿਸਤਾਨ ਝੂਠੇ ਵਾਅਦੇ ਅਤੇ ਉੱਚੇ ਦਾਅਵੇ ਕਰਨ ਤੇ ਜ਼ਮੀਨੀ ਪੱਧਰ 'ਤੇ ਕੁੱਝ ਵੀ ਨਾ ਕਰਨ ਦੇ ਅਪਣੇ ਪੁਰਾਣੇ ਅਕਸ 'ਤੇ ਖਰਾ ਉਤਰਿਆ ਹੈ। ਕਰਤਾਰਪੁਰ ਲਾਂਘੇ ਦੇ ਮਾਮਲੇ ਵਿਚ ਉਸ ਦੀ ਦੋਗਲੀ ਨੀਤੀ ਪਹਿਲੀ ਬੈਠਕ ਵਿਚ ਹੀ ਬੇਨਕਾਬ ਹੋ ਗਈ।'

ਅਧਿਕਾਰੀ ਨੇ ਕਿਹਾ ਕਿ ਜਿਸ ਜ਼ਮੀਨ 'ਤੇ ਕਬਜ਼ਾ ਕੀਤਾ ਗਿਆ ਹੈ, ਉਹ ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਸ਼ਰਧਾਲੂਆਂ ਨੇ ਕਰਤਾਰੁਪਰ ਸਾਹਿਬ ਨੂੰ ਦਾਨ ਵਿਚ ਦਿਤੀ ਸੀ। ਗੁਰਦਵਾਰੇ ਦੀ ਜ਼ਮੀਨ ਪਾਕਿਸਤਾਨ ਸਰਕਾਰ ਨੇ ਲਾਂਘਾ ਬਣਾਉਣ ਦੇ ਨਾਮ 'ਤੇ ਹੜੱਪ ਲਈ। ਭਾਰਤ ਨੇ ਇਹ ਜ਼ਮੀਨ ਵਾਪਸ ਕਰਨ ਦੀ ਮੰਗ ਜ਼ੋਰ-ਸ਼ੋਰ ਨਾਲ ਰੱਖੀ ਹੈ। ਭਾਰਤ ਦੇ ਇਹ ਸਪੱਸ਼ਟ ਕਰਨ ਦੇ ਬਾਵਜੂਦ ਕਿ ਉਹ 190 ਕਰੋੜ ਰੁਪਏ ਖ਼ਰਚ ਕੇ ਸਰਹੱਦ 'ਤੇ ਪੱਕੀਆਂ ਸਹੂਲਤਾਂ ਦੇ ਰਿਹਾ ਹੈ, ਪਾਕਿਸਤਾਨ ਕਰਤਾਰਪੁਰ ਸਮਝੌਤੇ ਦੀ ਮਿਆਦ ਮਹਿਜ਼ ਦੋ ਸਾਲ ਤਕ ਸੀਮਤ ਕਰਨਾ ਚਾਹੁੰਦਾ ਹੈ। 

ਅਧਿਕਾਰੀ ਨੇ ਕਿਹਾ, 'ਪਾਕਿਸਤਾਨ ਸਰਕਾਰ ਅਤੇ ਮੀਡੀਆ ਦੁਆਰਾ ਖੜੇ ਕੀਤੇ ਗਏ ਹਊਏ ਵਿਚਾਲੇ ਗੱਲਬਾਤ ਦੌਰਾਨ ਉਨ੍ਹਾਂ ਦੀ ਅਸਲ ਪੇਸ਼ਕਸ਼ ਹਾਸੋਹੀਣੀ ਸਾਬਤ ਹੋਈ। ਜੋ ਇਮਰਾਨ ਨੇ ਕਿਹਾ ਹੈ ਅਤੇ ਜੋ ਬੈਠਕ ਵਿਚ ਪੇਸ਼ਕਸ਼ ਕੀਤੀ ਗਈ, ਉਸ ਵਿਚ ਜ਼ਮੀਨ ਆਸਮਾਨ ਦਾ ਫ਼ਰਕ ਹੈ। (ਏਜੰਸੀ)