ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਦੇ ਸਬੰਧ 'ਚ ਸੁਪਰੀਮ ਕੋਰਟ ਵਿਚ ਜਵਾਬ ਦਾਖ਼ਲ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ : ਸੀਬੀਆਈ ਨੇ ਕਿਹਾ ਹੈ ਕਿ ਸਿੱਖ ਕਤਲੇਆਮ ਯਹੂਦੀਆਂ ਦੁਆਰਾ ਕੀਤੀ ਗਈ ਨਾਜ਼ੀਆਂ ਦੀ ਨਸਲਕਸ਼ੀ ਜਿਹੇ ਸਨ। ਸੀਨੀਅਰ ਵਕੀਲ ਐਚ. ਐਸ. ਫੂਲਕਾ...

Sajjan Kumar

ਅੰਮ੍ਰਿਤਸਰ : ਸੀਬੀਆਈ ਨੇ ਕਿਹਾ ਹੈ ਕਿ ਸਿੱਖ ਕਤਲੇਆਮ ਯਹੂਦੀਆਂ ਦੁਆਰਾ ਕੀਤੀ ਗਈ ਨਾਜ਼ੀਆਂ ਦੀ ਨਸਲਕਸ਼ੀ ਜਿਹੇ ਸਨ। ਸੀਨੀਅਰ ਵਕੀਲ ਐਚ. ਐਸ. ਫੂਲਕਾ ਨੇ ਬਿਆਨ ਜਾਰੀ ਕਰਦਿਆਂ ਦਸਿਆ ਕਿ ਸੀਬੀਆਈ ਨੇ ਸੁਪਰੀਮ ਕੋਰਟ ਵਿਚ ਦਿਤੇ ਅਪਣੇ ਜਵਾਬ ਵਿਚ ਇਹ ਗੱਲ ਕਹੀ ਹੈ। ਜਾਂਚ ਏਜੰਸੀ ਨੇ ਸਿੱਖ ਕਤਲੇਆਮ ਦੇ ਇਕ ਮਾਮਲੇ ਵਿਚ ਸੱਜਣ ਕੁਮਾਰ ਦੁਆਰਾ ਦਾਖ਼ਲ ਜ਼ਮਾਨਤ ਦੀ ਅਰਜ਼ੀ ਦਾ ਜਵਾਬ ਦਿਤਾ ਹੈ। ਦਿੱਲੀ ਹਾਈ ਕੋਰਟ ਨੇ 17 ਦਸੰਬਰ 2018 ਨੂੰ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਉਹ ਇਸ ਵੇਲੇ ਜੇਲ ਵਿਚ ਹੈ। 

ਫੂਲਕਾ ਨੇ ਸੀਬੀਆਈ ਦੇ ਜਵਾਬ ਦਾ ਪੈਰਾ 3 ਵੀ ਜਾਰੀ ਕੀਤਾ ਜਿਸ ਵਿਚ ਲਿਖਿਆ ਹੈ, 'ਇਹ ਅਰਜ਼ੀ ਦਿੱਲੀ ਵਿਚ 31 ਅਕਤੂਬਰ 1984 ਨੂੰ ਵਾਪਰੀ ਭਿਆਨਕ ਘਟਨਾ ਦੇ ਕੇਸ ਦੇ ਸਬੰਧ ਵਿਚ ਹੈ ਜਿਸ ਤੋਂ ਬਾਅਦ ਹਜ਼ਾਰਾਂ ਸਿੱਖਾਂ ਦੀ ਬੇਰਹਿਮੀ ਨਾਲ ਹਤਿਆ ਕੀਤੀ ਗਈ ਅਤੇ ਉਨ੍ਹਾਂ ਦੇ ਘਰਾਂ ਨੂੰ ਅੱਗਾਂ ਲਾਈਆਂ ਗਈਆਂ। ਇਹ ਹਤਿਆਵਾਂ ਬਿਨੈਕਾਰ/ਦੋਸ਼ੀ ਦੁਆਰਾ ਸਿੱਖਾਂ ਵਿਰੁਧ ਦਿਤੇ ਗਏ ਭੜਕਾਊ ਭਾਸ਼ਨਾਂ ਤੋਂ ਪ੍ਰਭਾਵਤ ਹੋ ਕੇ ਕੀਤੀਆਂ ਗਈਆਂ। ਇਸ ਮਾਮਲੇ ਵਿਚ ਪੰਜ ਬੇਗੁਨਾਹ ਸਿੱਖਾਂ ਦੀ ਹਤਿਆ ਕੋਈ ਬਦਲਾ-ਲਊ ਕਾਰਵਾਈ ਨਹੀਂ ਸੀ ਸਗੋਂ ਬਿਨੈਕਾਰ ਦੁਆਰਾ ਫੈਲਾਈ ਗਈ ਨਫ਼ਰਤ ਕਾਰਨ ਕੀਤੀ ਗਈ ਸੀ। 1984 ਵਿਚ ਸਿੱਖਾਂ ਦੀ ਬੇਰਹਿਮੀ ਨਾਲ ਹਤਿਆ, ਇਨਸਾਨੀਅਤ ਵਿਰੁਧ ਅਪਰਾਧ ਦੀ ਸ਼੍ਰੇਣੀ ਵਿਚ ਆਉਂਦੀ  ਹੈ।

ਇਹ ਕਾਂਡ ਕੁਰਦਾਂ ਤੇ ਤੁਰਕਾਂ ਦੁਆਰਾ ਅਰਮਾਨੀਆ ਵਾਸੀਆਂ ਦੀ ਵੱਡੀ ਪੱਧਰ 'ਤੇ ਹਤਿਆ, ਨਾਜ਼ੀਆਂ ਦੁਆਰਾ ਯਹੂਦੀਆਂ ਦੀ ਨਸਲਕੁਸ਼ੀ, ਪਾਕਿਸਤਾਨੀ ਫ਼ੌਜ ਦੇ ਹਮਦਰਦਾਂ ਦੁਆਰਾ ਬੰਗਲਾਦੇਸ਼ੀਆਂ ਦੀ ਸਮੂਹਕ ਹਤਿਆ ਅਤੇ ਭਾਰਤ ਵਿਚ ਵੀ ਵੱਖ-ਵੱਖ ਨਸਲੀ ਦੰਗਿਆਂ ਦੌਰਾਨ ਸਮੂਹਕ ਕਤਲੇਆਮ ਦੇ ਤੁਲ ਹੈ।  ਇਸ ਮਾਮਲੇ ਵਿਚ ਬਿਨੈਕਾਰ ਜਿਹੇ ਵੱਡੇ ਸਿਆਸੀ ਆਗੂਆਂ ਦੇ ਹਮਲਿਆਂ 'ਚ ਘੱਟ-ਗਿਣਤੀ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਇਸ ਕੰਮ ਵਿਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਵੀ ਪੂਰੀ ਮਦਦ ਕੀਤੀ। ਇਸ ਤਰ੍ਹਾਂ ਇਹ ਕੇਸ ਸਮੂਹਕ ਅਪਰਾਧਾਂ ਦੇ ਵਡੇਰੇ ਪਰਿਪੇਖ ਤੋਂ ਵੇਖਿਆ ਜਾਣਾ ਚਾਹੀਦਾ ਹੈ। ਫੂਲਕਾ ਨੇ ਦਸਿਆ ਕਿ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ 'ਤੇ ਹੁਣ 25 ਮਾਰਚ ਨੂੰ ਸੁਣਵਾਈ ਹੋਵੇਗੀ। (ਏਜੰਸੀ)