ਸ੍ਰੀ ਅਕਾਲ ਤਖ਼ਤ ਦੇ ਐਲਾਨ ਨੂੰ ਨਕਾਰਦਿਆਂ SGPC ਨੇ ਗੁਰਬਾਣੀ ਦਾ ਖੁਦ ਪ੍ਰਸਾਰਣ ਕਰਨ ਤੋਂ ਟਾਲ-ਮਟੋਲ ਕੀਤਾ: ਸਿੰਘ ਸਭਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦੋ ਹਫਤੇ ਬਾਅਦ ਵੀ ਸ਼੍ਰੋਮਣੀ ਕਮੇਟੀ ਦੇ ਆਪਣੇ ਵੈੱਬ-ਚੈਨਲ ਦਾ ਅਜੇ ਕੋਈ ਨਾਮ ਨਿਸ਼ਾਨ ਨਹੀਂ ਹੈ।

SGPC

 

ਚੰਡੀਗੜ੍ਹ: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਪ੍ਰੈਲ ਦੇ ਪਹਿਲੇ ਹਫਤੇ ਬਚਨ ਦਿੱਤਾ ਗਿਆ ਸੀ ਕਿ ਸੱਤ ਦਿਨਾਂ ਦੇ ਅੰਦਰ-ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਬਾਣੀ ਦਾ ਖੁਦ ਪ੍ਰਸਰਾਣ ਆਪਣੇ ਵੈੱਬ ਚੈਨਲ ਉੱਤੇ ਸ਼ੁਰੂ ਕਰ ਦੇਵੇਗੀ। ਪਰ ਦੋ ਹਫਤੇ ਬਾਅਦ ਵੀ ਸ਼੍ਰੋਮਣੀ ਕਮੇਟੀ ਦੇ ਆਪਣੇ ਵੈੱਬ-ਚੈਨਲ ਦਾ ਅਜੇ ਕੋਈ ਨਾਮ ਨਿਸ਼ਾਨ ਨਹੀਂ ਹੈ ਅਤੇ ਬਾਦਲਾਂ ਦੀ ਮਲਕੀਅਤ ਵਾਲੇ ਟੀਵੀ ਚੈਨਲ ਪੀਟੀਸੀ ਦੀ ਪੁਰਾਣੀ ਅਜ਼ਾਰੇਦਾਰੀ ਕਾਇਮ ਰਖਦਿਆ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦਾ ਪਹਿਲੀ ਤਰਜ਼ ਉੱਤੇ ਵਸਤੂਕਰਨ ਅਤੇ ਵਪਾਰੀਕਰਨ ਕਰ ਰਿਹਾ ਹੈ।

Kendri Singh Sabha

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਖੁਸ਼ਹਾਲ ਸਿੰਘ ਨੇ ਇਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਲਾਨ ਨੂੰ ਨਕਾਰਦਿਆਂ ਸ਼੍ਰੋਮਣੀ ਕਮੇਟੀ ਨੇ ਗੁਰਬਾਣੀ ਦਾ ਖੁਦ ਪ੍ਰਸਾਰਣ ਕਰਨ ਤੋਂ ਟਾਲ-ਮਟੋਲ ਕੀਤਾ ਹੈ। ਉਹਨਾਂ ਕਿਹਾ ਕਿ ਜਥੇਦਾਰ ਨੇ ਕਿਹਾ ਸੀ ਪੀਟੀਸੀ ਚੈਨਲ ਦੇ ਗੁਰਬਾਣੀ ਪ੍ਰਸਾਰਣ ਦੇ ਏਕਾਅਧਿਕਾਰ ਖਤਮ ਕਰਕੇ, ਸ਼੍ਰੋਮਣੀ ਕਮੇਟੀ ਆਪਣੇ ਆਈ.ਟੀ ਵਿੰਗ ਰਾਹੀ ਵੈੱਬ ਚੈਨਲ ਨੂੰ ਉਨੀ ਦੇਰ ਚਲਾਵੇਗੀ ਜਿੰਨੀ ਦੇਰ ਕਮੇਟੀ ਆਪਣਾ ਸੈਟੇਲਾਇਟ ਚੈਨਲ ਸ਼ੁਰੂ ਨਹੀਂ ਕਰ ਦਿੰਦੀ। ਜਥੇਦਾਰ ਨੇ ਇਹ ਉਮੀਦ ਵੀ ਜ਼ਾਹਿਰ ਕੀਤੀ ਕਿ ਸ਼੍ਰੋਮਣੀ ਕਮੇਟੀ ਜੂਨ ਦੇ ਪਹਿਲੇ ਹਫਤੇ ਘੱਲੂਘਾਰਾ ਦਿਵਸ ਮਨਾਉਣ ਸਮੇਂ ਆਪਣੇ ਚੈਨਲ ਉੱਤੇ ਪ੍ਰੋਗਰਾਮ ਦਾ ਪ੍ਰਸਾਰਣ ਕਰੇਗੀ।

Giani Harpreet Singh

ਸ਼੍ਰੋਮਣੀ ਕਮੇਟੀ ਦੇ ਅੰਦਰੂਨੀ ਸਰੋਤਾਂ ਅਨੁਸਾਰ, ਪੀਟੀਸੀ ਚੈਨਲ ਗੁਰਬਾਣੀ ਪ੍ਰਸਾਰਣ ਉੱਤੇ ਆਪਣਾ ਏਕਾ ਅਧਿਕਾਰ ਮੁੜ ਜਮਾਉਣ ਦੀ ਕੋਸ਼ਿਸ਼ਾਂ ਕਰ ਰਿਹਾ ਹੈ ਅਤੇ ਕਮੇਟੀ ਦਾ ਵੈੱਬ ਚੈਨਲ ਨੂੰ ਚਲਾਉਣ ਵਿਚ ਵੀ ਰੁਕਾਵਟਾਂ ਪਾ ਰਿਹਾ ਹੈ। ਕਮੇਟੀ ਦੇ ਕਈ ਕਾਰਜਕਾਰੀ ਅਹੁਦੇਦਾਰ ਵੀ ਤਰ੍ਹਾਂ ਤਰ੍ਹਾਂ ਦੇ ਬਹਾਨੇ ਘੜ੍ਹ ਕੇ ਪੀਟੀਸੀ ਦੇ ਮਨਸੂਬਿਆਂ ਦਾ ਅੰਦਰੋ ਅੰਦਰੀ ਸਾਥ ਦੇ ਰਹੇ ਹਨ। ਕਮੇਟੀ ਦੇ ਆਪਣੇ ਚੈਨਲ ਚਲਾਉਣ ਦੇ ਪ੍ਰਾਜੈਕਟ ਨੂੰ ਮੁੱਢੋਂ ਹੀ ਖਤਮ ਕਰਨ ਵਿਚ ਰੁੱਝੇ ਹੋਏ ਹਨ। ਪੀਟੀਸੀ ਦੇ ਮਾਲਕ ਵੀ ਸਮਝ ਰਹੇ ਹਨ ਕਿ ਮਿਸ ਪੀਟੀਸੀ ਪੰਜਾਬੀ ਸੈਕਸ ਸਕੈਂਡਲ ਵਿਚ ਚੈਨਲ ਦੀ ਸ਼ਮੂਲੀਅਤ ’ਚੋਂ ਪੈਦਾ ਹੋਇਆ ਸਿੱਖ ਸੰਗਤ ਦਾ ਗੁੱਸਾ ਹੌਲੀ-ਹੌਲੀ ਮੱਠਾ ਪੈ ਜਾਵੇਗਾ ਅਤੇ ਪੀਟੀਸੀ ਆਪਣੀ ਅਜ਼ਾਰੇਦਾਰੀ ਦੁਆਰਾ ਸਥਾਪਤ ਕਰ ਲਵੇਗੀ।

SGPC

ਬਿਆਨ ਵਿਚ ਕਿਹਾ ਗਿਆ ਕਿ ਸੈਕਸ ਸਕੈਂਡਲ ਤੋਂ ਬਾਅਦ ਪੀਟੀਸੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦਾ ਇਖਲਾਕੀ ਅਧਿਕਾਰ ਖੋਹ ਬੈਠਾ ਹੈ ਅਤੇ ਗੁਰਬਾਣੀ ਪ੍ਰਸਾਰਣ ਉੱਤੇ ਹੇਰਾ ਫੇਰੀ ਰਾਹੀ ਕਬਜ਼ਾ ਕਰਕੇ, ਪੀਟੀਸੀ ਨੇ ਗੁਰਬਾਣੀ ਨੂੰ ਵਸਤੂ  (ਪਰੌਡਕਟ) ਬਣਾ ਕੇ ਵੇਚਣ ਨਾਲ ਚੈਨਲ ਨੇ ਆਪਣੀ ਟੀਆਰਪੀ ਮਿਲੀਅਨ ਵਿਚ ਪਹੁੰਚਾ ਦਿੱਤੀ ਹੈ ਅਤੇ ਸ਼੍ਰੋਮਣੀ ਕਮੇਟੀ ਖਜ਼ਾਨੇ ਦੀ ਲੁੱਟ ਵੀ ਬਰਾਬਰ ਕਰ ਰਹੇ ਹਨ। ਪੀਟੀਸੀ ਦਾ ਐਮਡੀ ਰਬਿੰਦਰ ਨਾਰਾਇਣ ਨੂੰ ਮੁਹਾਲੀ ਸੈਕਸ ਸਕੈਂਡਲ ਕੇਸ ਵਿਚ ਪੰਜਾਬ ਪੁਲਿਸ ਨੇ ਗੁੜਗਾਓਂ ਤੋ ਹਿਰਾਸਤ ਵਿਚ ਲੈ ਲਿਆ ਸੀ ਉਹ ਅਜੇ ਵੀ ਜੇਲ੍ਹ ਵਿਚ ਹੈ। ਮੁਹਾਲੀ ਸੈਕਸ ਸਕੈਂਡਲ ਤੋਂ ਬਾਅਦ ਪੀਟੀਸੀ ਦੇ ਅਧਿਕਾਰੀਆਂ ਨੇ ਆਤਮ ਚਿੰਤਨ ਨਹੀਂ ਕੀਤਾ ਸਗੋਂ ਪਰਦਾਪੋਸ਼ੀ ਕਰਨ ਦੀ ਕੋਸ਼ਿਸ਼ ਵਿਚ ‘ਪ੍ਰੈਸ ਦੀ ਆਜ਼ਾਦੀ’ ਅਤੇ ਹੋਰ ਬਹਾਨੇ ਬਾਜ਼ੀਆਂ ਖੜੀਆਂ ਕੀਤੀਆਂ ਹਨ।

PTC Channel Managing Director Rabindra Narain

ਉਹਨਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਆਪਣੇ ਐਲਾਨ ਦੀ ਪਵਿੱਤਰਤਾ ਕਾਇਮ ਰੱਖਣ ਲਈ, ਸ਼੍ਰੋਮਣੀ ਕਮੇਟੀ ਤੁਰੰਤ ਵੈੱਬ ਚੈਨਲ ਸ਼ੁਰੂ ਕਰੇ ਅਤੇ ਸੈਟੇਲਾਈਟ ਚੈਨਲ ਪ੍ਰਾਜੈਕਟ ਦਾ ਕੰਮ ਸਮਾਂ-ਬੱਧ ਤਰੀਕੇ ਨਾਲ ਮੁਕੰਮਲ ਕਰੇ। ਇਸ ਸਾਂਝੇ ਬਿਆਨ ਵਿਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਪੱਤਰਕਾਰ ਜਸਪਾਲ ਸਿੰਘ ਸਿੱਧੂ,  ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਲੇਖਕ ਰਾਜਵਿੰਦਰ ਸਿੰਘ ਰਾਹੀ, ਗੁਰਬਚਨ ਸਿੰਘ (ਸੰਪਾਦਕ ਦੇਸ਼ ਪੰਜਾਬ), ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ਼ ਸਿੰਘ ਆਦਿ ਸ਼ਾਮਿਲ ਹੋਏ।