ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਸਾਹਿਤਕ ਸਰਮਾਏ ਦਾ ਮਾਮਲਾ ; ਨਹੀਂ ਬਣ ਸਕੀ ਸਬ ਕਮੇਟੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨਿਰਪੱਖ ਸ਼ਖ਼ਸੀਅਤਾਂ ਦੀ ਸਬ ਕਮੇਟੀ ਜਲਦ ਬਣੇਗੀ : ਭਾਈ ਲੌਂਗੋਵਾਲ

Sikh Reference Library

ਅੰਮ੍ਰਿਤਸਰ : ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਖ਼ੁਰਦ ਬੁਰਦ ਹੋਏ ਸਰਮਾਏ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਵਲੋਂ ਬਣਾਈ ਜਾਣ ਵਾਲੀ ਸਬ ਕਮੇਟੀ ਹਾਲੇ ਵੀ ਨਹੀਂ ਬਣਾਈ ਜਾ ਸਕੀ। ਹਾਲਾਂਕਿ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਐਲਾਨ ਕੀਤਾ ਸੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅੱਜ ਅੰਮ੍ਰਿਤਸਰ ਵਿਚ ਸਬ ਕਮੇਟੀ ਦਾ ਗਠਨ ਕਰਨਗੇ ਜੋ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਖ਼ਜ਼ਾਨੇ ਦੀ ਲੁੱਟ-ਖਸੁੱਟ ਦੀ ਜਾਂਚ ਕਰੇਗੀ। 

ਅੱਜ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਲਾਇਬ੍ਰੇਰੀ ਦਾ ਦੌਰਾ ਕੀਤਾ ਤੇ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਚੋਰੀ ਕੀਤੇ ਗਏ ਸਾਹਿਤਕ ਸਰਮਾਏ ਸਬੰਧੀ ਬੀਤੇ ਦਿਨ ਕੀਤੀ ਗਈ ਮੀਟਿੰਗ ਤੋਂ ਬਾਅਦ ਭਾਈ ਲੌਂਗੋਵਾਲ ਵਲੋਂ ਮਾਮਲੇ ਦੀ ਤਹਿ ਤਕ ਜਾਣ ਲਈ ਇਕ ਉੱਚ ਪਧਰੀ ਜਾਂਚ ਕਮੇਟੀ ਗਠਤ ਕਰਨ ਦੀ ਵਚਨਬਧਤਾ ਦੁਹਰਾਈ। ਭਾਈ ਲੌਂਗੋਵਾਲ ਨੇ ਆਖਿਆ ਕਿ ਕਮੇਟੀ ਦਾ ਗਠਨ ਜਲਦ ਹੀ ਕੀਤਾ ਜਾਵੇਗਾ ਅਤੇ ਇਸ ਕਮੇਟੀ ਵਿਚ ਵੱਡੀਆਂ ਨਿਰਪੱਖ ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਸਾਹਿਤਕ ਸਰਮਾਇਆ ਕੌਮ ਦੀ ਅਮਾਨਤ ਹੈ ਅਤੇ ਇਹ ਸਿੱਖ ਕੌਮ ਨੂੰ ਸਮੁੱਚੇ ਰੂਪ ਵਿਚ ਵਾਪਸ ਮਿਲਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਬੀਤੇ ਦਿਨਾਂ ਤੋਂ ਮੀਡੀਆ ਵਲੋਂ ਲਾਇਬ੍ਰੇਰੀ ਦਾ ਸਮਾਨ ਵਾਪਸ ਆਉਣ ਦੀਆਂ ਖ਼ਬਰਾਂ ਨਸ਼ਰ ਕੀਤੀਆਂ ਗਈਆਂ, ਜਦਕਿ ਬੀਤੇ ਦਿਨ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਤੇ ਸਾਬਕਾ ਅਧਿਕਾਰੀਆਂ ਦੀ ਮੀਟਿੰਗ ਅਤੇ ਲਾਇਬ੍ਰੇਰੀ ਦੇ ਰੀਕਾਰਡ ਅਨੁਸਾਰ ਵੱਡੀ ਗਿਣਤੀ ਵਿਚ ਸਾਹਿਤਕ ਸਰਮਾਇਆ ਅਜੇ ਤਕ ਵਾਪਸ ਨਹੀਂ ਆਇਆ।

ਉਨ੍ਹਾਂ ਆਖਿਆ ਕਿ ਵਾਪਸ ਆਏ ਸਮਾਨ ਬਾਰੇ ਜਾਂਚ ਦੌਰਾਨ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਹ ਬਖ਼ਸ਼ਿਆ ਨਹੀਂ ਜਾਵੇਗਾ ਪ੍ਰੰਤੂ ਜੇਕਰ ਛਪੀਆਂ ਖ਼ਬਰਾਂ ਦੇ ਤੱਥ ਗ਼ਲਤ ਸਾਬਤ ਹੋਣਗੇ ਤਾਂ ਸ਼੍ਰੋਮਣੀ ਕਮੇਟੀ ਵਲੋਂ ਸਬੰਧਤਾਂ ਵਿਰੁਧ ਵੀ ਮੁਕੱਦਮਾ ਦਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਬੇਹੱਦ ਸੰਜੀਦਾ ਹੈ ਜਿਸ ਦੀ ਪੜਤਾਲ ਲਈ ਜਲਦ ਹੀ ਉੱਚ ਪਧਰੀ ਕਮੇਟੀ ਕਾਇਮ ਕਰ ਦਿਤੀ ਜਾਵੇਗੀ।