ਸੁਖਬੀਰ ਬਾਦਲ ਦੀਆਂ ਅੜੀਆਂ, ਹੰਕਾਰ ਅਤੇ ਲਾਲਚ ਕਰ ਕੇ ਹੀ ਸਿੱਖ ਕੌਮ ਅੱਜ ਇਸ ਸਥਿਤੀ 'ਚ ਖੜੀ ਹੈ : ਸੁਖਜਿੰਦਰ ਸਿੰਘ ਰੰਧਾਵਾ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ, ਵੱਡੇ ਬਾਦਲ ਸਾਹਬ ਤਾਂ ਚਲੇ ਗਏ ਹੁਣ ਸੁਖਬੀਰ ਸਿੰਘ ਜੀ ਤੁਸੀਂ ਹੀ ਸਿੱਖ ਕੌਮ ਅਤੇ ਗੁਰੂ ਘਰਾਂ ਨੂੰ ਅਪਣੇ ਕਬਜ਼ੇ 'ਚੋਂ ਬਾਹਰ ਆਉਣ ਦਿਉ

Sukhjinder Singh Randhawa

ਗੁਰਬਾਣੀ ਸਰਬ ਸਾਂਝੀ, ਇਕ ਦਾ ਅਧਿਕਾਰ ਬੰਦ ਹੋਣਾ ਚਾਹੀਦੈ : ਸੁਖਜਿੰਦਰ ਸਿੰਘ ਰੰਧਾਵਾ 
ਧਾਮੀ ਸਾਹਬ ਨੇ ਅਪਣੇ ਜਥੇਦਾਰ ਦਾ ਹੁਕਮ ਤਾਂ ਮੰਨਿਆ ਨਹੀਂ ਫਿਰ ਉਹ ਹੋਰਾਂ ਨੂੰ ਕੀ ਸਿਖਿਆ ਦੇਣਗੇ : ਰੰਧਾਵਾ 

ਚੰਡੀਗੜ੍ਹ (ਕੋਮਲਜੀਤ ਕੌਰ, ਸੁਮਿਤ ਸਿੰਘ) : ਸਾਬਕਾ ਮੰਤਰੀ ਅਤੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਗੁਰਬਾਣੀ ਸਰਬ ਸਾਂਝੀ ਹੈ ਅਤੇ ਸਾਡੀ ਆਤਮਕ ਖੁਰਾਕ ਹੈ। ਗੁਰਬਾਣੀ 'ਤੇ ਇਕ ਦਾ ਅਧਿਕਾਰ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਦਾ ਧਨ ਕਦੇ ਕਿਸੇ ਨੂੰ ਹਜ਼ਮ ਨਹੀਂ ਹੁੰਦਾ। ਇਸ ਲਈ ਬਾਦਲ ਪ੍ਰਵਾਰ ਨੂੰ ਸਮਝ ਲੈਣਾ ਚਾਹੀਦਾ ਕਿ ਸਿੱਖ ਕੌਮ ਦੀ ਮਰਿਆਦਾ ਲਈ ਉਨ੍ਹਾਂ ਨੂੰ ਅੰਤਰ-ਝਾਤ ਮਾਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਇਹ 2019 ਵਿਚ ਪਹਿਲਾਂ ਹੀ 550 ਸਾਲਾ ਮੌਕੇ ਸੱਦੇ ਗਏ ਵਿਸ਼ੇਸ਼ ਇਜਲਾਸ ਵਿਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਮਤਾ ਪਾਸ ਕੀਤਾ ਜਾ ਚੁੱਕਾ ਹੈ ਜਿਸ ਦਾ ਅਕਾਲੀ ਦਲ ਵਲੋਂ ਬਾਈਕਾਟ ਕੀਤਾ ਗਿਆ ਸੀ। 2019 'ਚ ਪਾਸ ਕੀਤਾ ਗਿਆ ਮਤਾ ਐਸ.ਜੀ.ਪੀ.ਸੀ. ਨੂੰ ਭੇਜਿਆ ਗਿਆ ਸੀ ਕਿ ਅਤੇ ਕਿਹਾ ਗਿਆ ਸੀ ਕਿ ਸ੍ਰੀ ਦਰਬਾਰ ਸਾਹਿਬ ਸਭਨਾ ਦਾ ਸਾਂਝਾ ਹੈ ਇਸ ਲਈ ਇਸ ਉਪਰ ਸਿਰਫ਼ ਇਕ ਪ੍ਰਵਾਰ ਦਾ ਗ਼ਲਬਾ ਨਾ ਰਖਿਆ ਜਾਵੇ ਪਰ ਉਨ੍ਹਾਂ ਨੇ ਇਹ ਗੱਲ ਨਹੀਂ ਮੰਨੀ। 

ਇਹ ਵੀ ਪੜ੍ਹੋ:  ਅਨੁਸੂਚਿਤ ਜਾਤੀ ਦਾ ਜਾਅਲੀ ਸਰਟੀਫਿਕੇਟ ਕੀਤਾ ਰੱਦ, ਲਏ ਲਾਭ ਹੋਣਗੇ ਵਾਪਸ : ਡਾ.ਬਲਜੀਤ ਕੌਰ

ਰੰਧਾਵਾ ਨੇ ਕਿਹਾ ਕਿ ਐਸ.ਜੀ.ਪੀ.ਸੀ. ਪ੍ਰਧਾਨ ਕਹਿੰਦੇ ਹਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸੁਪ੍ਰੀਮ ਹੈ ਜਿਸ ਨੂੰ ਅਸੀਂ ਸੱਭ ਮੰਨਦੇ ਹਨ। ਸ੍ਰੀ ਅਕਾਲ ਤਖ਼ਤ ਦਾ ਹੁਕਮ ਅਲਾਹੀ ਹੁਕਮ ਹੁੰਦਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਮੇਟੀ ਨੂੰ ਅਪਣਾ ਚੈਨਲ ਸ਼ੁਰੂ ਕਰਨ ਦੀ ਗੱਲ ਆਖੀ ਸੀ ਪਰ ਧਾਮੀ ਸਾਹਬ ਨੇ ਅਪਣੇ ਜਥੇਦਾਰ ਦਾ ਹੁਕਮ ਤਾਂ ਮੰਨਿਆ ਨਹੀਂ ਫਿਰ ਉਹ ਹੋਰਾਂ ਨੂੰ ਕੀ ਸਿਖਿਆ ਦੇਣਗੇ।

ਸੁਖਬੀਰ ਬਾਦਲ 'ਤੇ ਤੰਜ਼ ਕੱਸਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੀਆਂ ਅੜੀਆਂ, ਹੰਕਾਰ ਅਤੇ ਲਾਲਚ ਕਰ ਕੇ ਹੀ ਸਿੱਖ ਕੌਮ ਅੱਜ ਇਸ ਸਥਿਤੀ 'ਚ ਖੜੀ ਹੈ। ਗੁਰਬਾਣੀ 'ਤੇ ਹੋ ਰਹੀ ਸਿਆਸਤ ਬੰਦ ਕਰਨੀ ਚਾਹੀਦੀ ਹੈ ਅਤੇ ਇਕ ਸੱਚਾ-ਸੁੱਚਾ ਸਿੱਖ ਹੋਣ ਦੇ ਨਾਤੇ ਉਨ੍ਹਾਂ ਨੂੰ ਆਪਣੀਆਂ ਗੱਲਾਂ ਵਾਪਸ ਲੈ ਲੈਣੀਆਂ ਚਾਹੀਦੀਆਂ ਹਨ। ਸੁਖਬੀਰ ਬਾਦਲ ਨੂੰ ਖ਼ੁਦ ਐਸ.ਜੀ.ਪੀ.ਸੀ. ਨੂੰ ਕਹਿਣਾ ਚਾਹੀਦਾ ਹੈ ਕਿ ਗੁਰਬਾਣੀ ਪ੍ਰਸਾਰਣ ਸਾਰੀ ਸਿੱਖ ਕੌਮ ਲਈ ਖੋਲ੍ਹ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਵੱਡੇ ਬਾਦਲ ਸਾਹਬ ਤਾਂ ਚਲੇ ਗਏ ਹਨ ਹੁਣ ਸੁਖਬੀਰ ਸਿੰਘ ਜੀ ਤੁਸੀਂ ਸਿੱਖ ਕੌਮ ਅਤੇ ਗੁਰੂ ਘਰਾਂ ਨੂੰ ਅਪਣੇ ਕਬਜ਼ੇ ਵਿਚੋਂ ਬਾਹਰ ਆਉਣ ਦਿਉ ਅਤੇ ਜੋ ਸ਼ਹਾਦਤਾਂ ਹੋਈਆਂ ਹਨ ਉਨ੍ਹਾਂ ਨੂੰ ਯਾਦ ਰਖਿਆ ਜਾਵੇ।