ਸਿੱਖ ਵਿਚਾਰ ਮੰਚ ਨੇ ਪੰਜਾਬੀ ਯੂਨੀਵਰਸਿਟੀ ਵਿਚ ਬਣੇ ਮਾਹੌਲ ’ਤੇ ਗਹਿਰੀ ਚਿੰਤਾ ਪ੍ਰਗਟ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਵਿਦਿਆਰਥਣ ਦੀ ਮੌਤ ਨਾਲ ਯੂਨੀਵਰਸਿਟੀ ਦੇ ਵਕਾਰ ਨੂੰ ਸੱਟ ਵੱਜੀ, ਕਿਹਾ, ਚਲ ਰਹੇ ਅੰਦੋਲਨ ਨੂੰ ਹੁਲੜਬਾਜ਼ੀ ਕਹਿਣਾ ਜਾਂ ਖ਼ਾਲਿਸਤਾਨ ਨਾਲ ਜੋੜਨ ਦਾ ਪ੍ਰਚਾਰ ਗ਼ਲਤ

Sikh Vichar Manch express deep concern over atmosphere in Punjabi University

 

ਚੰਡੀਗੜ੍ਹ: ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ, ‘ਸਿੱਖ ਵਿਚਾਰ ਮੰਚ’ ਵਲੋਂ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਵਿਚ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਜੋ ਮਾਹੌਲ ਬਣਿਆ ਹੈ, ਉਸ ’ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਗਈ। ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਡਾ. ਪਿਆਰਾ ਲਾਲ ਗਰਗ, ਡਾ. ਖ਼ੁਸ਼ਹਾਲ ਸਿੰਘ, ਸਿੱਖ ਚਿੰਤਕ ਰਾਜਵਿੰਦਰ ਸਿੰਘ ਰਾਹੀ, ਸ. ਸੁਰਿੰਦਰ ਸਿੰਘ ਕਿਸ਼ਨਪੁਰਾ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਮਾਲਵਿੰਦਰ ਸਿੰਘ  ਮਾਲੀ, ਡਾ. ਗੁਰਚਰਨ ਸਿੰਘ ਅਤੇ ਸਮਾਜਕ ਸੰਘਰਸ਼ ਪਾਰਟੀ ਦੇ ਆਗੂ ਜਸਵਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਜੋ ਵਿਦਿਆਰਥਣ ਜਸ਼ਨਪ੍ਰੀਤ ਕੌਰ ਦੀ ਮੌਤ ਹੋਈ ਹੈ, ਉਹ ਬਹੁਤ ਹੀ ਦੁਖਦਾਈ ਹੈ ਤੇ ਇਸ ਘਟਨਾ ਨਾਲ ਯੂਨੀਵਰਸਿਟੀ ਦੇ ਵਕਾਰ ਨੂੰ ਵੱਡੀ ਸੱਟ ਵੱਜੀ ਹੈ।

 

ਉਨ੍ਹਾਂ ਕਿਹਾ ਕਿ ਜੋ ਵਿਦਿਆਰਥਣ ਬੱਚੀਆਂ ਦੀਆਂ ਵੀਡੀਉ ਸਾਹਮਣੇ ਆਈਆਂ ਹਨ, ਉਨ੍ਹਾਂ ਤੋਂ ਇਹ ਪ੍ਰਤੱਖ ਰੂਪ ਵਿਚ ਸਾਹਮਣੇ ਆ ਰਿਹਾ ਹੈ ਕਿ ਲੜਕੀ ਦੀ ਮੌਤ ਦਾ ਕਾਰਨ ਪ੍ਰੋਫ਼ੈਸਰ ਸੁਰਜੀਤ ਸਿੰਘ ਹੈ। ਕੁੱਝ ਦਿਨ ਪਹਿਲਾਂ ਬੁੱਧੀਜੀਵੀਆਂ ਵਲੋਂ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ ਤਾਂ ਵਿਦਿਆਰਥੀਆਂ ਨੇ ਦਸਿਆ ਕਿ ਪ੍ਰੋਫ਼ੈਸਰ ਸੁਰਜੀਤ ਸਿੰਘ ਦਾ ਅਪਣੇ ਵਿਦਿਆਰਥੀਆਂ ਪ੍ਰਤੀ ਰਵਈਆ ਬਹੁਤ ਹੀ ਇਤਰਾਜ਼ਯੋਗ ਰਿਹਾ ਹੈ। ਵਿਦਿਆਰਥਣਾਂ ਨੂੰ ਜ਼ਲੀਲ ਕਰਨ, ਉਨ੍ਹਾਂ ਨਾਲ ਬਦਜ਼ੁਬਾਨੀ ਕਰਨੀ, ਇਸ ਬਦਇਖ਼ਲਾਕੀ, ਬਦਦਿਮਾਗੀ ਦਾ ਜ਼ਿਕਰ ਉਸ ਦੇ ਮਿੱਤਰ ਰਜਿੰਦਰਪਾਲ ਸਿੰਘ ਬਰਾੜ ਵਲੋਂ ਉਸ ਬਾਰੇ ਲਿਖੇ ਗਏ ਸਕੈੱਚ ਵਿਚ ਵੀਂ ਕੀਤਾ ਗਿਆ ਹੈ।

 

ਉਨ੍ਹਾਂ ਕਿਹਾ ਕਿ, ਪ੍ਰੋਫ਼ੈਸਰ ਸੁਰਜੀਤ ਸਿੰਘ ਵਲੋਂ ਜੋ ਐਫ਼.ਆਈ.ਆਰ ਲਿਖਵਾਈ ਗਈ ਹੈ, ਉਸ ਮੁਤਾਬਕ ਕੋਈ ਜੁਰਮ ਹੀ ਨਹੀਂ ਬਣਦਾ ਹੈ ਕਿਉਂਕਿ ਇਹ ਮਹਿਜ਼ ਆਪਸੀ ਗਰਮ ਬੋਲਚਾਲ ਦੀ ਘਟਨਾ ਹੀ ਹੈ। ਪਰ ਪ੍ਰੋਫ਼ੈਸਰ ਦੇ ਕੁਕਰਮਾਂ ਤੇ ਪਰਦਾ ਪਾਉਣ ਵਾਲੇ ਬੁੱਧੀਜੀਵੀਆਂ ਵਲੋਂ ਕਿਹਾ ਜਾ ਰਿਹਾ ਹੈ ਉਹ ਆਈ.ਸੀ. ਯੂ ਵਿਚ ‘ਜ਼ਿੰਦਗੀ ਮੌਤ’ ਦੀ ਲੜਾਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਪੀ.ਜੀ.ਆਈ ਦੇ ਡਾਕਟਰਾਂ ਦੇ ਬੋਰਡ ਵਲੋਂ ਕਰਵਾਈ ਜਾਣੀ ਚਾਹੀਦੀ ਹੈ। ਯੂਨੀਵਰਸਿਟੀ ਵਿਚ ਚਲ ਰਹੇ ਅੰਦੋਲਨ ਬਾਰੇ ਬੁਲਾਰਿਆਂ ਨੇ ਕਿਹਾ ਕਿ ਕੁੱਝ ਲੋਕਾਂ ਵਲੋਂ ਇਸ ਨੂੰ ਹਜੂਮੀ ਹਿੰਸਾ, ਹੁਲੜਬਾਜ਼ੀ ਕਿਹਾ ਜਾ ਰਿਹਾ ਹੈ ਜੋ ਕਿ ਗੁਮਰਾਹਕੁਨ ਹੈ। ਇਸ ਦੀ ਨਿਖੇਧੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਵਲੋਂ ਇਸ ਨੂੰ ਖ਼ਾਲਿਸਤਾਨੀਆਂ ਅਥਵਾ ਸਿੱਖਾ ਦਾ ਮਸਲਾ ਬਣਾਇਆ ਜਾ ਰਿਹਾ ਹੈ, ਉਹ ਵੀ ਨਿੰਦਣਯੋਗ ਹੈ।