ਹਰਪ੍ਰੀਤ ਸਿੰਘ ਦੇ ਸਿਆਸੀ ਵਿਖਿਆਨ ਤੇ ਸਾਰੇ ਸਿੱਖਾਂ ਨੂੰ ਬਾਦਲ ਦਲ ਪਿਛੇ ਲੱਗ ਜਾਣ ਦਾ ਵਿਆਪਕ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਲ ਖ਼ਾਲਸਾ ਨੇ ਵੀ 'ਜਥੇਦਾਰ' ਵਿਰੁਧ ਝੰਡਾ ਚੁਕਿਆ

Harpal Singh Cheema

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਗਿਆਨੀ ਹਰਪ੍ਰੀਤ ਸਿੰਘ ਉਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਪਦਵੀ ਨੂੰ ਛੁਟਿਆਉਣ ਦਾ ਇਲਜ਼ਾਮ ਲਾਉਂਦਿਆਂ, ਦਲ ਖ਼ਾਲਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ 100 ਸਾਲਾ ਸਮਾਗਮ ਵਿਚ ਇਹ ਦੇਖ ਦੇ ਡਾਢਾ ਦੁੱਖ ਲੱਗਾ ਕਿ ਕਿਵੇਂ ਸਿੱਖਾਂ ਦੀ ਰਾਜਸੀ ਲੀਡਰਸ਼ਿਪ ਨੇ ਧਾਰਮਕ ਲੀਡਰਸ਼ਿਪ ਨੂੰ ਅਪਣੀ ਪਕੜ ਵਿਚ ਜਕੜ ਰਖਿਆ ਹੈ।

ਦਲ ਖ਼ਾਲਸਾ ਜਥੇਬੰਦੀ ਦਾ ਮੰਨਣਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਬਾਦਲੀਕਰਨ ਹੀ ਸੰਸਥਾ ਦੇ ਨਿਘਾਰ ਲਈ ਜ਼ਿੰਮੇਵਾਰ ਹੈ। ਜਥੇਬੰਦੀ ਦੇ  ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਦੀ ਰਾਜਸੀ ਤਾਕਤ ਸਾਹਵੇਂ ਬੇਬੱਸ ਗਿਆਨੀ ਹਰਪ੍ਰੀਤ ਸਿੰਘ ਨੇ ਅਪਣੇ ਆਪ ਨੂੰ ਅਕਾਲੀ ਦਲ ਬਾਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਦੇ ਪੱਧਰ 'ਤੇ ਲਿਆ ਖੜਾ ਕੀਤਾ ਹੈ, ਜਿਸ ਦੀ ਡਿਊਟੀ ਪਾਰਟੀ ਦੇ ਹਿਤ ਸੁਰੱਖਿਅਤ ਕਰਨਾ ਹੈ।  

ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਵਲੋਂ ਬਿਨਾਂ ਨਾਮ ਲਏ ਸਿੱਖ ਜਥੇਬੰਦੀਆਂ ਨੂੰ 'ਪੰਥ-ਦੋਖੀ' ਦੱਸਣ ਉਤੇ ਟਿਪਣੀ ਕਰਦਿਆਂ ਪੁਛਿਆ ਕਿ ਉਹ ਵਿੰਗੇ-ਟੇਢੇ ਇਲਜ਼ਾਮ ਲਾਉਣ ਦੀ ਥਾਂ ਬਿਨਾਂ ਝਿਜਕ ਉਨ੍ਹਾਂ ਜਥੇਬੰਦੀਆਂ ਦੇ ਨਾਮ ਦਸਣ ਜਿਹੜੇ ਉਨ੍ਹਾਂ ਦੀ ਮੱਤ ਅਨੁਸਾਰ 'ਪੰਥ-ਦੋਖੀ' ਹਨ। ਉਨ੍ਹਾਂ ਕਿਹਾ ਕਿ ਇਹ ਦਿਲਚਸਪ ਗੱਲ ਹੈ ਕਿ 'ਜਥੇਦਾਰ' ਨੇ ਅਕਾਲੀ ਦਲ ਬਾਦਲ ਦੇ ਅੱਜ ਦੀ ਤਰੀਕ ਤਕ ਪੰਥਕ ਨਾ ਹੋਣ ਦੇ ਸੱਚ ਨੂੰ ਸਵੀਕਾਰਿਆ ਹੈ ਜਦੋਂ ਉਨ੍ਹਾਂ ਨੇ ਅਪਣੇ ਭਾਸ਼ਣ ਮੌਕੇ ਅਕਾਲੀ ਦਲ ਨੂੰ ਪੰਜਾਬ ਤੋਂ ਪੰਥ ਦਾ ਸਫ਼ਰ ਆਰੰਭ ਕਰਨ ਦੀ ਨਸੀਹਤ ਦਿਤੀ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ 100 ਸਾਲਾ ਸਮਾਗਮ ਕੇਵਲ ਬਾਦਲ ਦਲ ਦਾ ਸ਼ੋਅ ਸੀ ਜਿਸ ਵਿਚ ਦੂਜੇ ਅਕਾਲੀ ਦਲਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਅਨੁਸਾਰ ਅਕਾਲੀ ਦਲ (ਬਾਦਲ) ਸ਼੍ਰੋਮਣੀ ਕਮੇਟੀ ਦਾ ਪੁੱਤਰ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਨੂੰ ''ਮਾਂ ਦੇ ਦੂਜੇ ਪੁੱਤ ਜੋ ਪ੍ਰਮੁੱਖ ਧੜੇ ਤੋਂ ਵੱਖ ਹੋ ਚੁੱਕੇ ਹਨ, ਨਜ਼ਰ ਹੀ ਨਹੀਂ ਆਏ।''

ਉਨ੍ਹਾਂ ਕਿਹਾ ਕਿ ਦੂਜਿਆਂ ਵਲ ਉਂਗਲ ਚੁੱਕਣ ਨਾਲੋਂ ਚੰਗਾ ਹੁੰਦਾ ਜੇਕਰ 'ਜਥੇਦਾਰ', ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਅੰਦਰ ਦੀਆਂ ਉਣਤਾਈਆਂ ਅਤੇ ਗ਼ਲਤੀਆਂ ਦੀ ਨਿਸ਼ਾਨਦੇਹੀ ਕਰਦੇ ਅਤੇ ਉਨ੍ਹਾਂ ਨੂੰ ਦਰੁਸਤ ਕਰਨ ਦੀ ਤਾਕੀਦ ਕਰਦੇ। ਉਨ੍ਹਾਂ ਬੀਤੇ ਦਿਨ ਦੇ ਸਮਾਗਮ ਵਿਚ ਵਾਰ-ਵਾਰ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਨੂੰ ਤੋੜਣ ਅਤੇ ਨੁਕਸਾਨ ਪਹੁੰਚਾਉਣ ਦੀਆਂ ਗੱਲਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਕੋਈ ਵੀ ਸਮਝਦਾਰ ਅਤੇ ਸ਼ਰਧਾਵਾਨ ਸਿੱਖ ਅਜਿਹੀ ਈਮਾਕਤ ਕਰਨ ਬਾਰੇ ਸੋਚ ਵੀ ਨਹੀਂ ਸਕਦਾ।

ਉਨ੍ਹਾਂ ਕਿਹਾ ਕਿ ਸੌਦਾ ਸਾਧ ਨੂੰ ਮਾਫ਼ੀ ਦੇਣ ਤੋਂ ਲੈ ਕੇ 328 ਲਾਪਤਾ ਪਾਵਨ ਸਰੂਪ ਤਕ ਦੀਆਂ ਘਟਨਾਵਾਂ ਨੇ ਨਾ ਸਿਰਫ਼ ਸਿੱਖਾਂ ਨੂੰ ਸ਼ਰਮਸਾਰ ਕੀਤਾ ਹੈ ਬਲਕਿ ਸ਼੍ਰੋਮਣੀ ਕਮੇਟੀ ਨੂੰ ਵੀ ਗ੍ਰਹਿਣ ਲਗਾਇਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਪਣਾ ਵਕਾਰ ਅਤੇ ਭਰੋਸਾ ਸਿੱਖ ਮਨਾਂ ਅੰਦਰੋਂ ਗਵਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਹਾਊਸ ਦੀ ਇਕਲੌਤੀ ਅਤੇ ਆਖ਼ਰੀ ਉਪਲੱਬਧੀ ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ 2012 ਨੂੰ ਸਥਾਪਤ ਕਰਨਾ ਹੈ।