ਬੇਨਜ਼ੀਰ ਭੁੱਟੋ ਦੇ ਕਸਬੇ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੁੱਜਾ
ਕਿਹਾ - ਕਾਸ਼! ਸਾਨੂੰ ਸੁਲਤਾਨਪੁਰ ਲੋਧੀ ਦੇ ਵੀ ਦਰਸ਼ਨ ਕਰਨ ਦਾ ਮੌਕਾ ਮਿਲਦਾ ਪਰ ਸਾਡਾ ਵੀਜ਼ਾ ਕੇਵਲ ਅੰਮ੍ਰਿਤਸਰ ਸਾਹਿਬ ਦਾ ਹੀ ਹੈ।
ਅੰਮ੍ਰਿਤਸਰ : ਪਾਕਿਸਤਾਨ ਵਿਚਲੇ ਸਿੰਧ ਸੂਬੇ ਦੇ ਕਸਬਾ ਲਾੜਕਿਆਨਾ ਤੋਂ 40 ਪਾਕਿਸਤਾਨੀ ਗੁਰੂ ਨਾਨਕ ਨਾਮ ਲੇਵਾ ਸਿੱਖ ਵਿਅਕਤੀਆਂ ਅਧਾਰਤ ਸਿੱਖ ਸ਼ਰਧਾਲੂਆਂ ਦਾ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਗੁਰਦੁਆਰਾ ਸਾਹਿਬਾਨ ਅਤੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਦੇ ਦਰਸ਼ਨਾਂ ਲਈ ਭਾਈ ਲਛਮਣ ਸਿੰਘ ਅਤੇ ਭਾਈ ਮਨਤਾਰ ਸਿੰਘ ਦੀ ਅਗਵਾਈ ਵਿਚ ਏਥੇ ਪੁਜਾ ਹੈ।
ਭਾਈ ਲਛਮਣ ਸਿੰਘ ਤੇ ਭਾਈ ਮਨਤਾਰ ਸਿੰਘ ਨੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਦੇ ਦਰਸ਼ਨਾਂ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਇਹ 40 ਮੈਬਰਾਂ ਅਧਾਰਤ ਜਥਾ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਏਥੇ ਪੁਜਾ ਹੈ।ਉਨ੍ਹਾਂ ਕਿਹਾ ਕਿ ਕਸਬਾ ਲਾੜਕਿਆਨਾ ਜਿਥੋਂ ਅਸੀ ਆਏ ਹਾਂ ਇਥੋ ਦੇ ਹੀ ਪਾਕਿਸਤਾਨ ਦੇ ਹੀ ਵਜ਼ੀਰ-ਏ- ਆਜ਼ਮ ਪ੍ਰਧਾਨ ਮੰਤਰੀ ਜੁਲਫ਼ੀਕਾਰ ਅਲੀ ਭੂਟੋ ਤੇ ਬੇਗਮ ਬੇਨਜ਼ੀਰ ਭੁੱਟੋ ਇਸੇ ਸ਼ਹਿਰ ਦੇ ਰਹਿਣ ਵਾਲੇ ਹਨ। ਉਨ੍ਹਾਂ ਹੋਰ ਦਸਿਆ ਕਿ ਇਸ ਖ਼ੇਤਰ ਦੇ ਨਾਲ ਹੀ ਜੇਕਮਬਾਦ, ਨਸ਼ੀਰਾਬਾਦ, ਹੈਦਰਾਬਾਦ, ਕਰਾਚੀ ਆਦਿ ਥਾਵਾਂ ਵਿਖੇ ਜਿਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਰਹਿੰਦੇ ਹਨ ਉਥੇ ਗੁਰੂਘਰ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਜਥੇ ਵਿਚ ਲਾੜਕਿਆਨਾ, ਮੇਰਠ, ਨਵਾਂਸ਼ਾਹ, ਨਾਊਸਰਾਫਰੋਸ਼ ਦੇ ਲੋਕ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਸਾਂ ਕਿ ਸਾਨੂੰ ਸੁਲਤਾਨਪੁਰ ਲੋਧੀ ਦੇ ਵੀ ਦਰਸ਼ਨ ਕਰਨ ਦਾ ਮੌਕਾ ਮਿਲਦਾ ਪਰ ਸਾਡਾ ਵੀਜ਼ਾ ਕੇਵਲ ਅੰਮ੍ਰਿਤਸਰ ਸਾਹਿਬ ਦਾ ਹੀ ਹੈ। ਜਥੇ ਦੇ ਆਗੂ ਭਾਈ ਲਛਮਣ ਸਿੰਘ ਨੇ ਕਿਹਾ ਕਿ ਅਸੀਂ ਭਾਈ ਗੋਬਿੰਦ ਸਿੰਘ ਲੋਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਧੰਨਵਾਦੀ ਹਾਂ ਜੋ ਸਾਨੂੰ ਪੂਰਨ ਸਹਿਯੋਗ ਦੇ ਰਹੇ ਹਨ। ਜਥੇ ਵਿਚਲੀ ਸਾਰੀ ਸੰਗਤ ਨੇ ਗੁਰਦੁਆਰਾ ਮੱਲ੍ਹਅਖਾੜਾ ਜੀ ਪਾਤਸ਼ਾਹੀ ਛੇਵੀ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਵਿਖੇ ਨਤਮਸਤਕ ਹੋਈ। ਜਿਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਨੇ ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ ਵਲੋਂ ਜਥੇ ਦੇ ਮੁਖੀਆਂ ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ ਅਤੇ ਗੁਰਦੁਆਰਾ ਮੱਲ੍ਹ ਅਖਾੜਾ ਪਾਤਸ਼ਾਹੀ ਛੇਵੀਂ ਅਤੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਅੰਮ੍ਰਿਤਸਰ ਸ਼ਹਿਰ ਦੇ ਇਤਿਹਾਸ ਸਬੰਧੀ ਸੰਗਤ ਨੂੰ ਜਾਣੂ ਕਰਵਾਇਆ। ਇਸ ਸਮੇਂ ਬਾਬਾ ਭਗਤ ਸਿੰਘ ਫਰਲੇਵਾਲੇ, ਬਾਬਾ ਮਨਜੀਤ ਸਿੰਘ ਬੇਦੀ ਡੇਹਰਾ ਬਾਬਾ ਨਾਨਕ, ਬਾਬਾ ਕਰਨਜੀਤ ਸਿੰਘ ਬੇਦੀ, ਬਾਬਾ ਸਤਿੰਦਰਪਾਲ ਸਿੰਘ ਬੇਦੀ, ਸ੍ਰ. ਗੁਰਦੇਵ ਸਿੰਘ ਢਿਲੋ, ਬਾਬਾ ਦਲਜੀਤ ਸਿੰਘ ਦੁੱਲਾ, ਬਾਬਾ ਹਰਭਜਨ ਸਿੰਘ ਆਦਿ ਹਾਜ਼ਰ ਸਨ।