ਹਰ ਸਾਲ ਕਰਤਾਰਪੁਰ ਸਾਹਿਬ ਜਾਣਗੇ 18 ਲੱਖ ਸ਼ਰਧਾਲੂ, ਪਾਕਿ ਕਮਾਵੇਗਾ 2.19 ਲੱਖ ਡਾਲਰ
ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਤੋਂ ਪਾਕਿ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਕਿ ਸਰਵਿਸ ਫ਼ੀਸ ਦੇ ਨਾਂ 'ਤੇ 20 ਡਾਲਰ ਪ੍ਰਤੀ ਵਿਅਕਤੀ ਵਸੂਲਣ 'ਤੇ ਅੜਿਆ ਹੋਇਆ ਹੈ।
ਪਠਾਨਕੋਟ (ਤੇਜਿੰਦਰ ਸਿੰਘ): ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਤੋਂ ਪਾਕਿ ਸਰਵਿਸ ਫ਼ੀਸ ਦੇ ਨਾਂ 'ਤੇ 20 ਡਾਲਰ ਪ੍ਰਤੀ ਵਿਅਕਤੀ ਵਸੂਲਣ 'ਤੇ ਅੜਿਆ ਹੋਇਆ ਹੈ। ਭਾਰਤ ਵਲੋਂ ਕਈ ਵਾਰ ਕਹਿਣ ਦੇ ਬਾਵਜੂਦ ਪਾਕਿਸਤਾਨ ਨੇ ਫ਼ੀਸ ਹਟਾਉਣ ਤੋਂ ਸਾਫ਼ ਇਨਕਾਰ ਕਰ ਦਿਤਾ ਹੈ। ਹਾਲਾਂਕਿ ਇਸ ਮੁੱਦੇ 'ਤੇ ਸਿਆਸਤ ਵੀ ਹੋ ਰਹੀ ਹੈ ਪਰ ਫ਼ੀਸ 'ਤੇ ਕੋਈ ਕਦਮ ਨਹੀਂ ਚੁਕਿਆ ਜਾ ਰਿਹਾ ਹੈ।
ਹਰ ਸਾਲ 18 ਲੱਖ ਸ਼ਰਧਾਲੂ ਜਾਣਗੇ ਤਾਂ ਪਾਕਿ ਨੂੰ ਫ਼ੀਸ ਦੇ ਰੂਪ ਵਿਚ 259 ਕਰੋੜ ਰੁਪਏ ਮਿਲਣਗੇ। ਪਾਕਿ ਨੇ ਰੋਜ਼ਾਨਾ 5000 ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਵਿਚ ਮੱਥਾ ਟੇਕਣ ਦੀ ਇਜਾਜ਼ਤ ਦਿਤੀ ਹੈ। ਇਸ ਹਿਸਾਬ ਨਾਲ ਪਾਕਿ ਨੂੰ ਪ੍ਰਤੀ ਵਿਅਕਤੀ 20 ਡਾਲਰ ਫ਼ੀਸ ਮੁਤਾਬਕ ਹਰ ਸਾਲ 569 ਕਰੋੜ ਰੁਪਏ ਦੀ ਆਮਦਨ ਹੋਵੇਗੀ, ਭਾਵ 2.19 ਲੱਖ ਡਾਲਰ। ਪਾਕਿਸਤਾਨ ਵਿਚ 1 ਡਾਲਰ, 156 ਰੁਪਏ ਦਾ ਹੈ। ਉਥੇ ਹੀ ਭਾਰਤੀ ਰੁਪਏ ਦੇ ਹਿਸਾਬ ਨਾਲ 259 ਕਰੋੜ ਬਣਦਾ ਹੈ (1 ਡਾਲਰ 71 ਭਾਰਤੀ ਰੁਪਏ) ਭਾਵ ਪਾਕਿ ਸਰਕਾਰ ਸਰਵਿਸ ਫ਼ੀਸ ਮਾਫ਼ ਨਹੀਂ ਕਰਦੀ ਤਾਂ ਭਾਰਤ ਤੋਂ ਹਰ ਸਾਲ 259 ਕਰੋੜ ਰੁਪਏ ਪਾਕਿਸਤਾਨ ਨੂੰ ਜਾਣਗੇ।
ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਜਾਣ ਵਾਲੇ ਸ਼ਰਧਾਲੂ ਸਵੇਰ ਤੋਂ ਸ਼ਾਮ ਤਕ ਆ-ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਸਿੱਖ ਸ਼ਰਧਾਲੂ ਬਿਨਾਂ ਵੀਜ਼ਾ ਦਰਸ਼ਨ ਕਰ ਸਕਣਗੇ ਪਰ ਪਾਸਪੋਰਟ ਦਿਖਾਉਣਾ ਹੋਵਾਗਾ। 4.2 ਕਿਲੋਮੀਟਰ ਲੰਬੇ ਲਾਂਘੇ ਦਾ ਕੰਮ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਯੰਤੀ ਤੋਂ ਇਕ ਹਫ਼ਤਾ ਪਹਿਲਾਂ 31 ਅਕਤੂਬਰ ਤਕ ਪੂਰਾ ਹੋਵੇਗਾ। ਕਰਤਾਰਪੁਰ ਗੁਰਦੁਆਰਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਾਰੋਵਾਲ ਜ਼ਿਲ੍ਹੇ ਵਿਚ ਹੈ ਜੋ ਕਿ ਡੇਰਾ ਬਾਬਾ ਨਾਨਕ ਦੇ ਨੇੜੇ ਸਰਹੱਦ ਤੋਂ 4.5 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।