SGPC ਦਾ ਪ੍ਰਧਾਨ ਇਸ ਵਾਰ ਵੀ ਨਿਕਲੇਗਾ ਬਾਦਲ ਦੇ ਖੀਸੇ 'ਚੋਂ, ਤੀਜੀ ਵਾਰ ਲੱਗ ਸਕਦੈ ਲੌਂਗੋਵਾਲ ਦਾ ਦਾਅ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਹੁਦੇਦਾਰਾਂ ਦੀ ਚੋਣ 27 ਨਵੰਬਰ ਨੂੰ ਪਰ ਸਰਬਸੰਮਤੀ ਦੇ ਆਸਾਰ ਵਧੇਰੇ

Bhai Gobind Singh Longwal

ਲੌਂਗੋਵਾਲ ਨੂੰ ਪਹਿਲੀ ਵਾਰ ਪ੍ਰਧਾਨਗੀ ਮਿਲੀ ਸੀ ਡੇਰਾ ਸਾਧ ਦੀਆਂ ਵੋਟਾਂ ਦੁਆਉਣ ਕਰ ਕੇ, ਹੁਣ ਰਿਵਾਰਡ ਮਿਲੇਗਾ ਪ੍ਰਕਾਸ਼ ਪੁਰਬ 'ਤੇ ਬਾਦਲਾਂ ਨੂੰ ਚਮਕਾਉਣ ਦਾ

ਚੰਡੀਗੜ੍ਹ  (ਕਮਲਜੀਤ ਸਿੰਘ ਬਨਵੈਤ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਇਕ ਹਫ਼ਤਾ ਰਹਿ ਗਿਆ ਹੈ ਪਰ ਬਾਦਲ ਧਿਰ ਨੂੰ ਛੱਡ ਕੇ ਵਿਰੋਧੀ ਧੜੇ ਵਿਚ ਕੋਈ ਸਰਗਰਮੀ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਨੇ ਅਗਲੇ ਪ੍ਰਧਾਨ ਦੀ ਚੋਣ ਬਾਰੇ ਵਿਚਾਰ ਕਰਨ ਲਈ 25 ਨਵੰਬਰ ਨੂੰ ਮੀਟਿੰਗ ਸੱਦ ਲਈ ਹੈ। ਉਸ ਦਿਨ ਪ੍ਰਧਾਨਗੀ ਦੇ ਉਮੀਦਵਾਰ ਦੀ ਚੋਣ ਦੇ ਸਾਰੇ ਅਧਿਕਾਰ ਸੁਖਬੀਰ ਸਿੰਘ ਬਾਦਲ ਨੂੰ ਦੇ ਦਿਤੇ ਜਾਣਗੇ। ਚੋਣ ਦੇ ਦਿਨ ਸੁਖਬੀਰ ਵਲੋਂ ਭੇਜੇ ਜਾਣ ਵਾਲੇ ਲਿਫ਼ਾਫ਼ੇ ਵਿਚੋਂ ਪ੍ਰਧਾਨ ਦਾ ਨਾਂ ਬੋਲੇਗਾ।

ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਸੂਤਰ ਦਸਦੇ ਹਨ ਕਿ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਂ 'ਤੇ ਤੀਜੀ ਵਾਰ ਗੁਣਾ ਪੈਣ ਦੇ ਪੂਰੇ ਆਸਾਰ ਹਨ। ਸੂਤਰ ਇਹ ਵੀ ਪੁਸ਼ਟੀ ਕਰਦੇ ਹਨ ਕਿ ਬਾਦਲਕਿਆਂ ਲਈ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲੋਂ ਵੱਧ ਬੀਬਾ ਪ੍ਰਧਾਨ ਲੱਭਣਾ ਸੌਖਾ ਨਹੀਂ ਹੈ। ਦਲ ਦੇ ਅੰਦਰੂਨੀ ਸੂਤਰ ਇਸ ਗੱਲ ਦੀ ਵੀ ਪੁਸ਼ਟੀ ਕਰਦੇ ਹਨ ਕਿ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਹੋਏ ਸਮਾਗਮ ਵਿਚ ਭਾਈ ਲੌਂਗੋਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਟੇਜ 'ਤੇ ਜਿਵੇਂ ਬਾਦਲਕਿਆਂ ਨੂੰ ਚਮਕਾਇਆ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੁੱਠੇ ਲਾਈ ਰਖਿਆ,

ਇਸ ਦਾ ਇਨਾਮ ਮਿਲਣਾ ਪੱਕਾ ਹੈ। ਭਾਈ ਲੌਂਗੋਵਾਲ ਦੀ ਰਣਨੀਤੀ ਕਰ ਕੇ ਹੀ ਦੇਸ਼ ਦੇ ਰਾਸ਼ਟਰਪਤੀ ਸ਼੍ਰੋਮਣੀ ਕਮੇਟੀ ਦੀ ਸਟੇਜ 'ਤੇ ਆਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨ ਮੰਤਰੀ ਵਾਲੀ ਸਟੇਜ ਦੇ ਨੇੜੇ ਢੁਕਣ ਲਈ ਦਿੱਲੀ ਦਰਬਾਰ ਤਕ ਪਹੁੰਚ ਕਰਨੀ ਪਈ ਸੀ। ਭਾਈ ਲੌਂਗੋਵਾਲ ਦੀ ਇਹ ਵੀ ਖਾਸੀਅਤ ਹੈ ਕਿ ਉਹ ਵਿਵਾਦ ਤੋਂ ਬਚ ਕੇ ਚਲੇ ਹਨ। ਇਸ ਤੋਂ ਪਹਿਲਾਂ ਜਦੋਂ ਭਾਈ ਲੌਂਗੋਵਾਲ 2012 ਵਿਚ ਪਹਿਲੀ ਵਾਰ ਪ੍ਰਧਾਨ ਬਣੇ ਸਨ ਤਾਂ ਉਨ੍ਹਾਂ ਉਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਸੌਦਾ ਸਾਧ ਕੋਲ ਜਾ ਕੇ ਵੋਟਾਂ ਮੰਗਣ ਦਾ ਦੋਸ਼ ਲੱਗਿਆ ਸੀ।

ਭਾਈ ਲੌਂਗੋਵਾਲ ਸਿਰ ਲੱਗਿਆ ਇਹ ਦੋਸ਼ ਬਾਅਦ ਵਿਚ ਉਸ ਦੇ ਸਿਰ ਦਾ ਤਾਜ ਬਣਿਆ ਸੀ। ਪ੍ਰਧਾਨ ਦੇ ਅਹੁਦੇ ਲਈ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਵੀ ਕਤਾਰ ਵਿਚ ਹਨ ਪਰ ਦੋਵੇਂ ਨੇਤਾ ਵਿਵਾਦਾਂ ਵਿਚ ਘਿਰੇ ਹੋਣ ਕਰ ਕੇ ਦੂਰੀ 'ਤੇ ਰੱਖੇ ਜਾਣ ਨੂੰ ਪਹਿਲ ਦਿਤੀ ਜਾ ਰਹੀ ਹੈ। ਉਂਜ ਪ੍ਰਧਾਨ ਮੰਤਰੀ ਦੀ ਸੁਲਤਾਨਪੁਰ ਲੋਧੀ ਦੀ ਫੇਰੀ ਵੇਲੇ ਜਗੀਰ ਕੌਰ ਅਤੇ ਜਥੇਦਾਰ ਤੋਤਾ ਸਿੰਘ ਦਾ ਪ੍ਰਧਾਨ ਮੰਤਰੀ ਨੂੰ ਇਸਕੌਟ ਕਰਨਾ ਇਸ ਵਲ ਇਕ ਇਸ਼ਾਰਾ ਸਮਝਿਆ ਜਾਣ ਲੱਗਾ ਸੀ। ਸ਼੍ਰੋਮਣੀ ਕਮੇਟੀ ਦੇ 190 ਮੈਂਬਰ ਹਨ।

ਇਨ੍ਹਾਂ ਵਿਚੋਂ 170 ਚੁਣੇ ਹੋਏ ਅਤੇ 15 ਨਾਮਜ਼ਦ ਹੁੰਦੇ ਹਨ। ਪੰਜ ਤਖ਼ਤਾਂ ਦੇ ਜਥੇਦਾਰ ਚੋਣ ਮੀਟਿੰਗ ਵਿਚ ਸ਼ਾਮਲ ਹੁੰਦੇ ਹਨ ਪਰ ਵੋਟ ਦਾ ਹੱਕ ਨਹੀਂ ਦਿਤਾ ਗਿਆ ਹੈ। ਅਗਲੇ ਹਫ਼ਤੇ ਹੋਣ ਵਾਲੀ ਮੀਟਿੰਗ ਵਿਚ ਕਮੇਟੀ ਚਾਰ ਅਹੁਦੇਦਾਰਾਂ ਲਈ ਚੋਣ ਹੋਵੇਗੀ ਜਿਸ ਵਿਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਸ਼ਾਮਲ ਹੈ। ਕਮੇਟੀ ਦਾ ਵਿੱਤ, ਚੀਫ਼ ਸੈਕਟਰੀ ਦੇਖਦਾ ਹੈ।

ਕਮੇਟੀ ਸਿਰ ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਦੇ ਗੁਰਦਵਾਰਿਆਂ ਦੀ ਸਾਂਭ ਸੰਭਾਲ ਦਾ ਜਿੰਮਾ ਹੈ ਅਤੇ ਇਸ ਦਾ ਬਜਟ 12 ਅਰਬ ਦੇ ਕਰੀਬ ਹੈ। ਪਿਛਲੀਆਂ ਚੋਣਾਂ ਵਿਚ ਸਰਬਸੰਮਤੀ ਹੋ ਗਈ ਸੀ। ਉਸ ਤੋਂ ਪਹਿਲਾਂ 2017 ਵਿਚ ਪੰਥਕ ਫ਼ਰੰਟ ਨੇ ਚੋਣ ਲੜੀ ਸੀ ਪਰ ਪਲੇ ਸਿਰਫ਼ 15 ਵੋਟਾਂ ਪਈਆਂ ਸਨ। ਇਸ ਵਾਰ ਹਾਲ ਦੀ ਘੜੀ ਇਹੋ ਲੱਗਦਾ ਹੈ ਕਿ ਬਾਦਲ ਦੀ ਜੇਬ ਵਿਚੋਂ ਨਿਕਲਣ ਵਾਲੇ ਲਿਫ਼ਾਫ਼ੇ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਪੈਣ ਵਾਲੀ ਹੈ।