ਬਾਦਲ ਆਰ.ਐਸ.ਐਸ. ਵਾਸਤੇ ਕੰਮ ਕਰ ਰਹੇ ਹਨ : ਇੰਦਰਜੀਤ ਸਿੰਘ ਜ਼ੀਰਾ
ਬਾਦਲ ਰਾਜ ਦੌਰਾਨ ਹਮੇਸ਼ਾ ਪੰਥ ਵਿਰੋਧੀ ਵਿਸ਼ੇਸ਼ ਤੌਰ 'ਤੇ ਨਿਵਾਜੇ ਗਏ
ਸ੍ਰੀ ਮੁਕਤਸਰ ਸਾਹਿਬ : ਪੰਥਕ ਹਲਕੇ ਪੂਰੀ ਤਰ੍ਹਾਂ ਜਾਣ ਚੁਕੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਆਰ.ਐਸ.ਐਸ. ਵਾਸਤੇ ਕੰਮ ਕਰ ਰਹੇ ਹਨ, ਸਿੱਖ ਕੌਮ ਦਾ ਜਿੰਨਾ ਨੁਕਸਾਨ ਬਾਦਲ ਦੀ ਅਗਵਾਈ ਦੌਰਾਨ ਹੋਇਆ ਅਤੇ ਜਿਸ ਤਰ੍ਹਾਂ ਸਿੱਖ ਵਿਰੋਧੀ ਖ਼ੇਮੇ ਵਿਚ ਮੋਹਰੀ ਰੋਲ ਅਦਾ ਕਰਨ ਵਾਲੇ ਵਿਅਕਤੀਆਂ ਨੂੰ ਨਿਵਾਜਿਆ ਗਿਆ ਉਹ ਹੁਣ ਇਤਿਹਾਸ ਦਾ ਹਿੱਸਾ ਬਣ ਚੁਕਿਆ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ. ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ ਸਰਕਾਰ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਹ ਅੱਜ ਇਥੇ ਹਰਪਾਲ ਸਿੰਘ ਕਾਨਿਆਂ ਵਾਲੀ ਦੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਨੂੰ ਮਿਲਣ ਲਈ ਪਹੁੰਚੇ ਸਨ। ਸ. ਜ਼ੀਰਾ ਨੇ ਅੱਗੇ ਕਿਹਾ ਕਿ ਬਾਦਲ ਪਰਵਾਰ ਦੀਆਂ ਨੀਤੀਆਂ ਦਾ ਸ਼ਿਕਾਰ ਹੋ ਚੁਕੀਆਂ ਪੰਥਕ ਸੰਸਥਾਵਾਂ ਵਿਸ਼ੇਸ਼ ਕਰ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੇਤ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਖ਼ਤਮ ਹੋਣ ਤੋਂ ਬਚਾਉਣ ਵਾਸਤੇ ਸਿੱਖ-ਪੰਥ ਨੂੰ ਯੋਜਨਾਬਧ ਸੰਘਰਸ਼ ਕਰਨਾ ਪਵੇਗਾ।
ਉਨ੍ਹਾਂ ਕਿਹਾ ਕਿ ਧਰਮ-ਯੁੱਧ ਮੋਰਚੇ, ਜੂਨ-84 ਅਤੇ ਉਸ ਤੋਂ ਬਾਅਦ ਸਿੱਖ ਵਿਰੋਧੀ ਖ਼ੇਮੇ ਵਿਚ ਮੋਹਰੀ ਰੋਲ ਅਦਾ ਕਰਨ ਵਾਲੇ ਵਿਅਕਤੀ ਬਾਦਲ ਰਾਜ ਦੌਰਾਨ ਵਿਸ਼ੇਸ਼ ਤੌਰ ਨਿਵਾਜੇ ਗਏ ਜਿਸ ਸਦਕਾ ਉਨ੍ਹਾਂ ਹੌਂਸਲੇ ਵਧੇ ਅਤੇ ਇਨ੍ਹਾਂ ਦੇ ਜ਼ੁਲਮਾਂ ਦੇ ਸ਼ਿਕਾਰ ਹੋਏ ਸਿੱਖਾਂ ਨੂੰ ਨਾਮੋਸ਼ੀਆਂ ਦਾ ਸਾਹਮਣਾ ਕਰਨਾ ਪਿਆ।