ਹਿਮਾਲਿਆ ਦੀਆਂ ਰਮਣੀਕ ਵਾਦੀਆਂ 'ਚ ਸ਼ੁਸ਼ੋਭਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਕ ਕਮਰੇ ਤੋਂ ਲੈ ਕੇ ਸਟੀਲ ਦਾ ਗੁਰਦੁਆਰਾ ਬਣਨ ਤੱਕ ਦੀ ਦਾਸਤਾਂ

Hemkund Sahib

ਹੇਮਕੁੰਟ ਸਾਹਿਬ- ਉਚੇ-ਉਚੇ ਬਰਫ਼ ਨਾਲ ਢਕੇ ਹੋਏ ਪਰਬਤ, ਪਰਬਤਾਂ 'ਤੇ ਘੁੰਮਦੇ ਬੱਦਲ, ਚਾਰੇ ਪਾਸੇ ਹਰਿਆਲੀ ਹੀ ਹਰਿਆਲੀ, ਜੰਨਤ ਵਰਗਾ ਨਜ਼ਾਰਾ ਪੇਸ਼ ਕਰਦੀ ਇਹ ਫ਼ਿਜ਼ਾ ਹਿਮਾਲਿਆ ਦੇ ਉਹ ਪਰਬਤ ਨੇ ਜਿਨ੍ਹਾਂ ਵਿਚਕਾਰ ਸਿੱਖਾਂ ਦਾ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਸੁਸ਼ੋਭਿਤ ਹੈ। ਸ੍ਰੀ ਹੇਮਕੁੰਟ ਸਾਹਿਬ ਉਤਰਾਂਚਲ ਦੇ ਜ਼ਿਲ੍ਹਾ ਚਮੌਲੀ ਵਿਚ ਹਿਮਾਲਿਆ ਦੀਆਂ ਚੋਟੀਆਂ ਵਿਚਾਲੇ 15,200 ਫੁੱਟ 'ਤੇ ਸੁਸ਼ੋਭਿਤ ਕੀਤਾ ਹੋਇਆ ਹੈ।

ਇਸ ਅਸਥਾਨ 'ਤੇ ਇਹ ਮਜ਼ਬੂਤ ਅਤੇ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਾਉਣ ਪਿੱਛੇ ਦੇਸ਼ ਦੇ ਬਿਹਤਰ ਆਰਕੀਟੈਕਟਰਾਂ ਦੀ ਸਾਲਾਂ ਦੀ ਮਿਹਨਤ ਲੱਗੀ ਹੋਈ ਹੈ। ਇਸ ਪਾਵਨ ਸਥਾਨ ਦੀ ਖੋਜ ਤੋਂ ਬਾਅਦ ਸੰਨ 1937 ਵਿਚ ਇੱਥੇ ਇਕ ਝੌਂਪੜੀਨੁਮਾ ਕਮਰਾ ਬਣਾ ਕੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਸੰਨ 1960 ਵਿਚ ਇਸੇ ਅਸਥਾਨ 'ਤੇ 10 ਵਰਗ ਫੁੱਟ ਦਾ ਕਮਰਾ ਬਣਾ ਕੇ ਉਸ ਨੂੰ ਗੁਰਦੁਆਰਾ ਸਾਹਿਬ ਦਾ ਰੂਪ ਦਿਤਾ ਗਿਆ।

ਜੋਸ਼ੀਮਠ-ਬਦਰੀਨਾਥ ਮੁੱਖ ਸੜਕ ਤੋਂ ਕਰੀਬ 22 ਕਿਲੋਮੀਟਰ ਪਹਾੜਾਂ ਦੇ ਊਭੜ-ਖਾਭੜ੍ਹ ਰਸਤਿਆਂ ਤੋਂ ਗੁਜ਼ਰਦੇ ਹੋਏ ਸ੍ਰੀ ਹੇਮਕੁੰਟ ਸਾਹਿਬ ਜੀ ਮੁੱਖ ਗੁਰਦੁਆਰਾ ਸਾਹਿਬ ਤਕ ਪਹੁੰਚਿਆ ਜਾਂਦਾ। ਸਾਲ ਵਿਚ ਜ਼ਿਆਦਾਤਰ ਇੱਥੇ ਬਰਫ਼ ਤੇ ਬਾਰਿਸ਼ ਨਾਲ ਪੂਰਾ ਇਲਾਕਾ ਠੰਡੀਆਂ ਹਵਾਵਾਂ ਨਾਲ ਸਰਦ ਰਹਿੰਦਾ ਹੈ। ਇਸ ਤਰ੍ਹਾਂ ਮੌਸਮ ਕਰਕੇ ਆਰਕੀਟੈਕਟਰਾਂ ਤੇ ਸਰਵੇਅਰ ਟੀਮ ਨੇ ਇਸ ਸਥਾਨ ਦਾ ਕਈ ਵਾਰ ਦੌਰਾ ਕਰਕੇ ਪਤਾ ਲਾਇਆ

ਕਿ ਇੱਥੇ ਕਿਸ ਤਰ੍ਹਾਂ ਦਾ ਮਜ਼ਬੂਤ ਢਾਂਚਾ ਬਣਾਇਆ ਜਾ ਸਕਦਾ ਜੋ ਹਰ ਮੌਸਮ ਦੀ ਮਾਰ ਨੂੰ ਆਸਾਨੀ ਨਾਲ ਝੱਲ ਸਕਣ ਦੇ ਸਮਰੱਥ ਹੋਵੇ ਫਿਰ ਇਸ ਵਿਚ ਆਰਕੀਟੈਕਟ ਮਨਮੋਹਨ ਸਿੰਘ ਸਿਆਲੀ, ਸੀਪੀ ਘੋਸ਼, ਸਾਹਿਬ ਸਿੰਘ, ਗੁਰਸ਼ਰਨ ਸਿੰਘ, ਕੇਏ ਪਟੇਲ, ਮੇਜਰ ਜਨਰਲ ਹਕੀਕਤ ਸਿੰਘ ਸਮੇਤ ਕਈ ਲੋਕਾਂ ਨੇ ਇਸ ਪਵਿੱਤਰ ਅਸਥਾਨ 'ਤੇ ਸਟੀਲ ਦਾ ਪੱਕਾ ਢਾਂਚਾ ਤਿਆਰ ਕਰਨ ਵਿਚ ਯੋਗਦਾਨ ਪਾਇਆ।

ਸੰਨ 1967 ਵਿਚ ਆਰਕੀਟੈਕਟ ਮਨਮੋਹਨ ਸਿੰਘ ਨੇ ਸਾਥੀਆਂ ਦੀ ਮਦਦ ਨਾਲ ਗੁਰਦੁਆਰਾ ਸਾਹਿਬ ਦੇ ਢਾਂਚੇ ਦਾ ਡਿਜ਼ਾਈਨ ਤਿਆਰ ਕੀਤਾ। ਇਹ ਢਾਂਚਾ ਇਸ ਤਰ੍ਹਾਂ ਬਣਾਇਆ ਗਿਆ ਸੀ ਕਿ ਇਸ 'ਤੇ ਬਰਫ਼, ਤੇਜ਼ ਹਵਾਵਾਂ ਤੇ ਬਰਫ਼ੀਲੀ ਜਲਵਾਯੂ ਦਾ ਕੋਈ ਅਸਰ ਨਾ ਹੋ ਸਕੇ। ਉਸ ਤੋਂ ਬਾਅਦ ਦਿੱਲੀ ਦੇ ਠੇਕੇਦਾਰ ਨੂੰ ਇਸ ਦਾ ਨਿਰਮਾਣ ਕਾਰਜ ਸੌਪਿਆ ਗਿਆ। ਦਿੱਲੀ ਦੇ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਨੇੜੇ ਇਸ ਦਾ ਪੂਰਾ ਢਾਂਚਾ ਅਸੈਂਬਲ ਕੀਤਾ ਗਿਆ ਸੀ।

ਫਿਰ ਇਸ ਢਾਂਚੇ ਨੂੰ ਮੰਜ਼ਲ ਤਕ ਲੈ ਕੇ ਜਾਣਾ ਸਭ ਤੋਂ ਵੱਡੀ ਚੁਣੌਤੀ ਬਣ ਗਿਆ ਸੀ ਕਿ ਇਸ ਨੂੰ ਇੰਨੀ ਉਚਾਈ 'ਤੇ ਕਿਵੇਂ ਪਹੁੰਚਾਇਆ। ਇਸ ਕਰਕੇ ਢਾਂਚੇ ਦੇ ਵੱਖ-ਵੱਖ ਹਿੱਸੇ ਬਣਾਏ ਗਏ ਅਤੇ ਕਈ ਮਜ਼ਦੂਰਾਂ ਨੇ ਆਪਣੇ ਮੋਢਿਆਂ 'ਤੇ ਚੁੱਕ ਕੇ ਢਾਂਚੇ ਨੂੰ ਗੁਰਦੁਆਰਾ ਗੋਬਿੰਦਘਾਟ ਦੇ ਪਥਰੀਲੇ ਰਾਹ ਤੋਂ ਹੋ ਕੇ ਉਸ ਪਵਿੱਤਰ ਅਸਥਾਨ ਤਕ ਪਹੁੰਚਾਇਆ। ਅਣਥੱਕ ਮਿਹਨਤ ਤੋਂ ਬਾਅਦ ਢਾਂਚੇ ਨੂੰ 14 ਸਾਲਾਂ ਦੇ ਲੰਬੇ ਅਰਸੇ ਮਗਰੋਂ 1981-82 ਵਿਚ ਮੁਸ਼ਕਲ ਸਥਿਤੀ ਵਿਚ ਇੱਥੇ ਇੰਸਟਾਲ ਕੀਤਾ ਗਿਆ।

43 ਤੋਂ 50 ਫੁੱਟ ਉੱਚੇ ਢਾਲਨੁਮਾ ਸਟੀਲ ਦੇ ਢਾਂਚੇ 'ਤੇ ਕਿਸੇ ਵੀ ਮੌਸਮ ਦਾ ਅਸਰ ਬੇਅਸਰ ਹੈ। ਇਸ ਵਾਰ ਇੱਥੇ ਕਾਫ਼ੀ ਬਰਫ਼ ਜਮੀ ਹੋਈ ਹੈ। ਫ਼ੌਜ ਵਲੋਂ ਪਿਛਲੇ ਕਈ ਦਿਨਾਂ ਤੋਂ ਇਸ ਬਰਫ਼ ਨੂੰ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਪਹਿਲੀ ਜੂਨ ਤੋਂ ਸ਼ੁਰੂ ਹੋ ਰਹੀ ਹੈ।  ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਦੇ ਮੈਨੇਜਰ ਦਰਸ਼ਨ ਸਿੰਘ ਨੇ ਦੱਸਿਆ ਕਿ ਪਹਿਲੀ ਜੂਨ ਤੋਂ ਸ਼ੁਰੂ ਹੋਣ ਵਾਲੀ ਯਾਤਰਾ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸ਼ਰਧਾਲੂਆਂ ਵਿਚ ਵੀ ਯਾਤਰਾ 'ਤੇ ਜਾਣ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।