ਇਕ ਪਾਸੇ ਸੋਨੇ ਤੇ ਦੂਜੇ ਪਾਸੇ ਮਲਬੇ ਦੀਆਂ ਇੱਟਾਂ ਨਾਲ ਹੋ ਰਿਹੈ ਦਰਬਾਰ ਸਾਹਿਬ ਦਾ ਸ਼ਿੰਗਾਰ
ਇਕ ਪਾਸੇ ਸ਼੍ਰੋਮਣੀ ਕਮੇਟੀ ਦਰਬਾਰ ਸਾਹਿਬ ਦੀ ਸੁੰਦਰਤਾ ਵਿਚ ਵਾਧਾ ਕਰਨ ਲਈ ਦਰਸ਼ਨੀ ਦਰਵਾਜਿਆਂ ਦੇ ਗੁੰਬਦਾ 'ਤੇ ਸੇਨਾ ਲਗਵਾ ਰਹੀ ਹੈ...........
ਤਰਨਤਾਰਨ: ਇਕ ਪਾਸੇ ਸ਼੍ਰੋਮਣੀ ਕਮੇਟੀ ਦਰਬਾਰ ਸਾਹਿਬ ਦੀ ਸੁੰਦਰਤਾ ਵਿਚ ਵਾਧਾ ਕਰਨ ਲਈ ਦਰਸ਼ਨੀ ਦਰਵਾਜਿਆਂ ਦੇ ਗੁੰਬਦਾ 'ਤੇ ਸੇਨਾ ਲਗਵਾ ਰਹੀ ਹੈ। ਦੂਜੇ ਪਾਸੇ ਗੁਰੂ ਰਾਮ ਦਾਸ ਲੰਗਰ ਹਾਲ ਦੀ ਇਮਾਰਤ ਦੀ ਸਜਾਵਟ ਲਈ ਵਰਤੀਆਂ ਜਾ ਰਹੀਆਂ ਨਾਨਕਸ਼ਾਹੀ ਇਟਾਂ ਵੀ ਮਲਬੇ ਵਿਚੋਂ ਲਭੀਆਂ ਜਾ ਰਹੀਆਂ ਹਨ। ਇਹ ਪਹਿਲੀ ਵਾਰ ਹੈ ਕਿ ਦਰਬਾਰ ਸਾਹਿਬ ਜਾਂ ਉਸ ਦੇ ਨਾਲ ਲਗਦੀ ਕਿਸੇ ਇਮਾਰਤ 'ਤੇ ਵਰਤਿਆ ਸਮਾਨ ਮੁੜ ਵਰਤਿਆ ਜਾ ਰਿਹਾ ਹੈ। ਦਰਬਾਰ ਸਾਹਿਬ ਲੰਗਰ ਹਾਲ ਦੀ ਇਮਾਰਤ ਨੂੰ ਮਲਬੇ ਵਾਲੀਆਂ ਇੱਟਾਂ ਲਗਾਉਣ ਦੀ ਸੇਵਾ ਬਾਬਾ ਹਰਬੰਸ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਦੇ ਜਾਨਸ਼ੀਨ ਬਾਬਾ ਬਚਨ ਸਿੰਘ ਨੂੰ ਸੌਂਪੀ ਗਈ ਹੈ।
ਪਹਿਲਾਂ ਇਹ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਦਿਤੀ ਗਈ ਸੀ ਜਿਨ੍ਹਾਂ ਭਠੇ ਤੋਂ ਇੱਟਾਂ ਮੰਗਵਾ ਕੇ ਉਨ੍ਹਾਂ ਇੱਟਾਂ ਨੂੰ ਰਗੜ ਕੇ ਮੁਲਾਇਮ ਕਰ ਕੇ ਕਟਵਾ ਕੇ ਛੋਟੀਆਂ ਇੱਟਾਂ ਦੇ ਰੂਪ ਵਿਚ ਲਗਾਈਆਂ ਸਨ ਪਰ ਸ਼ਾਇਦ ਉਹ ਖ਼ੂਬਸੂਰਤ ਸੁਪਨੇ ਵੇਖਣ ਵਾਲੇ ਰਾਜਨੀਤਕਾਂ ਨੂੰ ਪਸੰਦ ਨਹੀਂ ਆਇਆ ਜਿਸ ਤੋਂ ਬਾਅਦ ਨਵੀਂ ਦਿਖ ਦੇਣ ਲਈ ਇਹ ਜੁਗਤ ਵਰਤੀ ਗਈ। ਮਲਬੇ ਦੀਆਂ ਇੱਟਾਂ ਦਾ ਇਕ ਛੋਟਾ ਟਰੱਕ ਲੈ ਕੇ ਆਏ ਬਾਬਾ ਬਚਨ ਸਿੰਘ ਦੇ ਸੇਵਾਦਾਰ ਨੇ ਨਾਂ ਨਾ ਛਾਪੇ ਜਾਣ ਦੀ ਸ਼ਰਤ 'ਤੇ ਦਸਿਆ
ਕਿ ਇਹ ਇੱਟਾਂ ਅਸੀ ਪਿੰਡਾਂ ਸ਼ਹਿਰਾਂ ਦੀਆਂ ਪੁਰਾਣੀਆਂ ਇਮਾਰਤਾਂ ਦਾ ਮਲਬਾ ਖ਼ਰੀਦਣ ਵਾਲਿਆਂ ਤੋਂ ਲੈ ਕੇ ਆ ਰਹੇ ਹਾਂ। ਉਨ੍ਹਾਂ ਕਿਹਾ ਕਿ ਹੁਣ ਨਾਨਕਸ਼ਾਹੀ ਇੱਟਾਂ ਤਾਂ ਬਣਦੀਆਂ ਨਹੀਂ, ਇਸ ਲਈ ਮਲਬੇ ਵਾਲੀਆਂ ਇੱਟਾਂ ਨਾਲ ਕੰਮ ਚਲਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਸੀ ਕਿ ਨਾਨਕਸ਼ਾਹੀ ਇੱਟਾਂ ਦੇ ਨਿਰਮਾਣ ਲਈ ਵਖਰਾ ਭੱਠਾ ਲਗਾਇਆ ਜਾਵੇਗਾ।