ਜਥੇਦਾਰ ਗਰਜੇ, ਅਕਾਲੀ-ਭਾਜਪਾ ਗਠਜੋੜ ਇਨਸਾਫ਼ ਮੋਰਚੇ ਨੂੰ ਤਾਰਪੀਡੋ ਕਰਨ ਲਈ ਯਤਨਸ਼ੀਲ
ਬਰਗਾੜੀ ਮੋਰਚੇ ਦੇ 50ਵੇਂ ਦਿਨ ਭਾਈ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਅਤੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਮੀਡੀਏ 'ਚ ਉੱਠ ਰਹੀਆਂ ਅਫਵਾਹਾਂ ਦਾ ...........
ਕੋਟਕਪੂਰਾ :- ਬਰਗਾੜੀ ਮੋਰਚੇ ਦੇ 50ਵੇਂ ਦਿਨ ਭਾਈ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਅਤੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਮੀਡੀਏ 'ਚ ਉੱਠ ਰਹੀਆਂ ਅਫਵਾਹਾਂ ਦਾ ਜੋਰਦਾਰ ਖੰਡਨ ਕਰਦਿਆਂ ਸਪੱਸ਼ਟ ਕੀਤਾ ਕਿ ਬਰਗਾੜੀ ਮੋਰਚੇ 'ਚ ਸੰਗਤ ਨਗਦੀ ਜਾਂ ਰਾਸ਼ਨ ਦੇ ਰੂਪ 'ਚ ਜੋ ਕੁਝ ਵੀ ਭੇਂਟ ਕਰਦੀ ਹੈ, ਉਸ ਦਾ ਨਾਮ ਰਾਸ਼ੀ ਜਾਂ ਰਾਸ਼ਨ ਸਮੇਤ ਬਕਾਇਦਾ ਸਟੇਜ ਤੋਂ ਬੋਲਿਆ ਜਾਂਦਾ ਹੈ ਤੇ ਇੱਥੇ ਸੰਗਤ ਤੋਂ ਕੁਝ ਵੀ ਲੁਕਾ ਕੇ ਨਹੀਂ ਰੱਖਿਆ ਜਾਂਦਾ। ਉਨ੍ਹਾਂ ਕਿਹਾ ਕਿ ਅੱਜ 50 ਦਿਨ ਬੀਤ ਜਾਣ ਦੇ ਬਾਵਜੂਦ ਸਰਕਾਰ ਸਿੱਖਾਂ ਦੀਆਂ ਤਿੰਨ ਮੁੱਖ ਮੰਗਾਂ ਦੇ ਹੱਲ ਲਈ ਗੰਭੀਰ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਡੇਢ ਸਾਲ ਦੀ ਕਾਰਗੁਜਾਰੀ ਵੀ ਨਿਰਾਸ਼ਾਜਨਕ ਹੈ, ਜਿਸ ਕਰਕੇ ਸਿੱਖਾਂ ਨੂੰ ਇਨਸਾਫ ਲੈਣ ਲਈ ਮੋਰਚਾ ਲਾਉਣਾ ਪਿਆ ਹੈ ਪਰ ਸੂਬਾ ਸਰਕਾਰ ਦਾ ਮੋਰਚੇ ਦੇ 50 ਦਿਨ ਬੀਤ ਜਾਣ ਦੇ ਬਾਵਜੂਦ ਵੀ ਇਨਸਾਫ ਨਾ ਦੇਣਾ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਆਸ ਨਾਲ ਵੋਟਾਂ ਪਾਈਆਂ ਸਨ ਕਿ ਇਨ੍ਹਾਂ ਨੇ ਜੋ ਵਾਅਦੇ ਲੋਕਾਂ ਨਾਲ ਕੀਤੇ ਹਨ,
ਉਨ੍ਹਾਂ ਨੂੰ ਹਰ ਹਾਲ 'ਚ ਪੂਰਾ ਕਰੇਗਾ ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਕੈਪਟਨ ਨੇ ਕੀਤੇ ਵਾਅਦੇ ਵੀ ਪੂਰੇ ਨਹੀ ਕੀਤੇ। ਉਨਾ ਦੋਸ਼ ਲਾਇਆ ਕਿ ਅਕਾਲੀ ਭਾਜਪਾ ਗਠਜੋੜ ਅਤੇ ਹੋਰ ਪੰਥ ਵਿਰੋਧੀ ਸ਼ਕਤੀਆਂ ਬਰਗਾੜੀ ਮੋਰਚੇ ਨੂੰ ਤਾਰਪੀਡੋ ਕਰਨ ਲਈ ਯਤਨਸ਼ੀਲ ਹਨ ਪਰ ਉਨਾ ਦੀਆਂ ਉਕਤ ਆਸਾਂ ਨੂੰ ਬੂਰ ਨਹੀਂ ਪਵੇਗਾ। ਕਿਉਂਕਿ ਬਰਗਾੜੀ ਮੋਰਚੇ ਦੀਆਂ ਤਿੰਨ ਪ੍ਰਮੁੱਖ ਪੰਥਕ ਮੰਗਾਂ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ।