ਤਖਤ ਸ੍ਰ੍ਰੀ ਕੇਸਗੜ੍ਹ ਸਾਹਿਬ ਵਿਖੇ ਜਥੇਦਾਰਾਂ 'ਤੇ ਰੰਗ ਪਾ ਕੇ ਧੂੰਮਾ ਨੇ ਮਨਾਈ 'ਹੋਲੀ'

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਨੇ ਨਹੀਂ ਪੁਆਇਆ ਰੰਗ

Takht Sri Kesgarh Sahib holi

ਸ੍ਰੀ ਅਨੰਦਪੁਰ ਸਾਹਿਬ : ਭਾਵੇਂ ਸਿੱਖ ਵਿਦਵਾਨ ਸਟੇਜਾਂ ਤੋਂ ਕਹਿੰਦੇ ਹਨ ਕਿ ਹੋਲੀ ਦਾ ਸਿੱਖਾਂ ਨਾਲ ਕੋਈ ਸਬੰਧ ਨਹੀਂ ਤੇ ਸਿੱਖ ਕੌਮ ਨੂੰ ਦਸਮ ਪਾਤਸ਼ਾਹ ਨੇ ਹੋਲਾ ਬਖ਼ਸ਼ਿਆ ਹੈ ਪਰ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਖ਼ਤਾਂ ਦੇ ਜਥੇਦਾਰਾਂ 'ਤੇ ਰੰਗ ਪਾ ਕੇ ਹੋਲੀ ਮਨਾਈ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਦਮਦਮੀ ਟਕਸਾਲ ਦੇ ਮੁਖੀ ਭਾਈ ਹਰਨਾਮ ਸਿੰਘ ਧੂੰਮਾ ਵਲੋਂ ਅਕਾਲ ਤਖ਼ਤ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ. ਰਘੁਬੀਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ. ਸੁਰਿੰਦਰ ਸਿੰਘ ਦੀਆਂ ਦਸਤਾਰਾਂ 'ਤੇ ਰੰਗ ਪਾਇਆ ਗਿਆ ਜਦਕਿ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਨੇ ਰੰਗ ਪੁਆਉਣ ਤੋਂ ਇਨਕਾਰ ਕਰ ਦਿਤਾ।

ਕਾਬਿਲੇਗੌਰ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸਿੱਖ ਪ੍ਰਚਾਰਕ ਇਹ ਪ੍ਰਚਾਰ ਕਰਦੇ ਆਏ ਹਨ ਕਿ ਰੰਗ ਸੁਟਣ ਦੀ ਪਿਰਤ ਸਿੱਖ ਕੌਮ ਦੀ ਨਹੀਂ ਹੈ ਤੇ ਗੁਰੂ ਕੇ ਸਿੱਖਾਂ ਨੂੰ ਇਕ ਦੂਜੇ ਉਪਰ ਰੰਗ ਨਹੀਂ ਸੁਟਣਾ ਚਾਹੀਦਾ ਪਰ ਤਖ਼ਤ ਸਾਹਿਬ ਵਿਖੇ ਇਸ ਤਰ੍ਹਾਂ ਰੰਗ ਸੁਟਿਆ ਜਾਣਾ ਸੰਗਤ ਵਿਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਥੇ ਦਸਣਾ ਬਣਦਾ ਹੈ ਕਿ ਸਟੇਜ ਤੇ ਦਸਮ ਗ੍ਰੰਥ ਹੱਕੀ ਬਾਬਿਆਂ ਦਾ ਬੋਲਬਾਲਾ ਰਿਹਾ। 

ਇਸ ਸਬੰਧੀ ਸਿੱਖ ਕੌਮ ਦੇ ਵਿਦਵਾਨ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਕਿਹਾ ਕਿ ਸਾਲ 2005 ਤੋਂ ਅਸੀਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਰੰਗ ਪਾਉਣ ਵਿਰੁਧ ਲੜਦੇ ਰਹੇ ਹਾਂ ਅਤੇ ਇਹ ਪ੍ਰਸ਼ਾਸਨ ਵਲੋਂ ਬਕਾਇਦਾ ਮੁਨਾਦੀ ਨਾਲ ਬੰਦ ਵੀ ਕਰਵਾਏ ਜਾਂਦੇ ਸਨ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਤਖ਼ਤ ਸਾਹਿਬ ਦੇ ਰੰਗਾਂ ਨਾਲ ਹੋਲੀ ਖੇਡੀ ਗਈ ਹੈ ਜਦਕਿ ਸਾਨੂੰ ਤਖ਼ਤ ਸਾਹਿਬ ਦੀਆਂ ਪਰਪੰਰਾਵਾਂ ਨੂੰ ਕਾਇਮ ਰਖਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਮੈਂ ਜਦੋ ਸਟੇਜ ਤੋਂ ਸੰਦੇਸ਼ ਦੇ ਕੇ ਹਟਿਆ ਤਾਂ ਉੁਨ੍ਹਾਂ ਨੂੰ ਬਾਬਾ ਧੁੰਮਾ ਨੇ ਆਵਾਜ਼ ਮਾਰੀ ਅਤੇ ਮੈਂ ਸਮਝਿਆ ਕਿ ਸ਼ਾਇਦ ਕੋਈ ਗੱਲ ਕਰਨੀ ਹੈ ਅਤੇ ਜਦ ਮੈਂ ਲਾਗੇ ਗਿਆ ਤਾ ਮੇਰੇ ਤੇ ਰੰਗ ਪਾ ਦਿਤਾ ਜਿਸ ਨੂੰ ਵੇਖ ਕੇ ਪ੍ਰੋ. ਮਨਜੀਤ ਸਿੰਘ ਸੁਚੇਤ ਹੋ ਗਏ ਅਤੇ ਉਨ੍ਹਾਂ ਦੂਰੋ ਹੀ ਰੰਗ ਪਾਉਣ ਤੋਂ ਇਨਕਾਰ ਕਰ ਦਿਤਾ। ਜਦੋ ਉਨ੍ਹਾਂ ਨੂੰ ਪੁਛਿਆ ਗਿਆ ਕਿ ਤੁਸੀਂ ਵਿਰੋਧ ਕਿਉਂ ਨਹੀਂ ਕੀਤਾ ਤਾ ਉਨ੍ਹਾਂ ਕਿਹਾ ਕਿ ਉਹ ਸਟੇਜ ਤੇ ਕਿਸੇ ਤਰ੍ਹਾਂ ਦਾ ਕੋਈ ਬਖੇੜਾ ਨਹੀ ਖੜਾ ਕਰਨਾ ਚਾਹੁੰਦੇ ਸਨ ਕਿਉਂਕਿ ਇਹ ਸਾਡਾ ਕੌਮੀ ਤਿਉਹਾਰ ਹੈ। 

ਇਸ ਸਬੰਧੀ ਜਦ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਗੱਲ ਕਰਨੀ ਚਾਹੀ ਤਾਂ ਫ਼ੋਨ ਉਨ੍ਹਾਂ ਦੇ ਪੀ.ਏ. ਦਰਸ਼ਨ ਸਿੰਘ ਵਲੋਂ ਚੁਕਿਆ ਗਿਆ ਤੇ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੇ ਹਲਕੇ ਵਿਚ ਆਉਣ ਕਰਕੇ ਲੌਂਗੋਵਾਲ ਬਿਜੀ ਹਨ। ਜਦੋ ਉਨ੍ਹਾਂ ਨੂੰ ਰੰਗ ਸੁਟਣ ਸਬੰਧੀ ਸਵਾਲ ਪੁÎਛਿਆ ਗਿਆ ਤਾ ਉਨ੍ਹਾਂ ਕਿਹਾ ਕਿ ਉਹ ਉਥੇ ਨਹੀਂ ਸਨ।