Bargari Morcha News: ਬਰਗਾੜੀ ਮੋਰਚਾ ਮੁੜ ਸੁਰਜੀਤ; ਇਨਸਾਫ਼ ਲਈ ਜਸਕਰਨ ਸਿੰਘ ਦੀ ਅਗਵਾਈ ’ਚ 8 ਸਿੰਘਾਂ ਨੇ ਦਿਤੀ ਗ੍ਰਿਫ਼ਤਾਰੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਵਿਚ 8 ਸਿੰਘਾਂ ਵਲੋਂ ਗ੍ਰਿਫ਼ਤਾਰੀ ਦੇ ਕੇ ਹਰ ਮਹੀਨੇ ਵਿਚ ਦੋ ਦਿਨ ਗ੍ਰਿਫ਼ਤਾਰੀਆਂ ਦੇਣ ਦਾ ਸਿਲਸਿਲਾ ਸ਼ੁਰੂ ਕਰਨ ਦਾ ਐਲਾਨ ਕੀਤਾ।

Bargari Morcha News

Bargari Morcha News ਕੋਟਕਪੂਰਾ (ਗੁਰਿੰਦਰ ਸਿੰਘ) : ਬੇਅਦਬੀ ਮਾਮਲਿਆਂ ਦੇ ਇਨਸਾਫ਼ ਲਈ ਲੱਗੇ ਬਰਗਾੜੀ ਮੋਰਚੇ ਨੂੰ ਮੁੜ ਸੁਰਜੀਤ ਕਰਦਿਆਂ ਅਕਾਲੀ ਦਲ ਫ਼ਤਿਹ ਦੇ ਕੌਮੀ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਵਿਚ 8 ਸਿੰਘਾਂ ਵਲੋਂ ਗ੍ਰਿਫ਼ਤਾਰੀ ਦੇ ਕੇ ਹਰ ਮਹੀਨੇ ਵਿਚ ਦੋ ਦਿਨ ਗ੍ਰਿਫ਼ਤਾਰੀਆਂ ਦੇਣ ਦਾ ਸਿਲਸਿਲਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ।

ਸੰਬੋਧਨ ਦੌਰਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਆਖਿਆ ਕਿ ਕੇਂਦਰੀ ਏਜੰਸੀਆਂ ਅਤੇ ਬਾਦਲ ਸਰਕਾਰ ਦੀ ਸ਼ਹਿ ’ਤੇ 12 ਅਕਤੂਬਰ 2015 ਨੂੰ ਡੇਰਾ ਸਿਰਸਾ ਦੇ ਮੁਖੀ ਸੋਦਾ ਸਾਧ ਦੀ ਅਗਵਾਈ ਵਿਚ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਵਾਲੀਆਂ ਵਾਪਰੀਆਂ ਘਟਨਾਵਾਂ ਲਈ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦੀਆਂ ਸਰਕਾਰਾਂ ਦੀ ਤਰ੍ਹਾਂ ਮੌਜੂਦਾ ਸੱਤਾਧਾਰੀ ਧਿਰ ਵੀ ਬਰਾਬਰ ਜ਼ਿੰਮੇਵਾਰ ਹੈ, ਕਿਉਂਕਿ ਕਿਸੇ ਵੀ ਸਰਕਾਰ ਨੇ ਬੇਅਦਬੀ ਮਾਮਲਿਆਂ ਦੇ ਦੋਸ਼ੀ ਫੜਨ ਦੀ ਬਜਾਇ ਸਿਰਫ਼ ਰਾਜਨੀਤੀ ਹੀ ਕੀਤੀ ਹੈ।

ਉਨ੍ਹਾਂ ਦਸਿਆ ਕਿ ਅਕਾਲੀ ਦਲ ਫ਼ਤਿਹ ਵਲੋਂ ਮਹੀਨੇ ਦੇ ਦੋ ਦਿਨ ਅਰਥਾਤ 2 ਅਤੇ 16 ਤਰੀਕ ਨੂੰ 8 ਸਿੰਘ ਗ੍ਰਿਫ਼ਤਾਰੀ ਦਿਆ ਕਰਨਗੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਸ਼ਤਾਬਦੀ ਸਮਾਗਮਾ ਮੌਕੇ ਐਲਾਨ ਕੀਤਾ ਸੀ ਕਿ ਬੰਦੀ ਸਿੰਘਾਂ ਦੀ ਜਲਦ ਰਿਹਾਈ ਹੋਵੇਗੀ ਪਰ ਉਕਤ ਐਲਾਨ ਸਿਰਫ਼ ਮੀਡੀਆ ਦੀਆਂ ਸੁਰਖੀਆਂ ਤਕ ਸੀਮਤ ਹੋ ਕੇ ਰਹਿ ਗਿਆ। ਗ੍ਰਿਫ਼ਤਾਰੀ ਦੇਣ ਵਾਲਿਆਂ ਵਿਚ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸੁਖਚੈਨ ਸਿੰਘ ਅਤਲਾ, ਸੁਰਿੰਦਰ ਸਿੰਘ ਨਥਾਣਾ, ਜਗਦੇਵ ਸਿੰਘ ਰਾਏਪੁਰ, ਅੰਮ੍ਰਿਤਪਾਲ ਸਿੰਘ ਜਲਾਲ, ਬਲਜਿੰਦਰ ਸਿੰਘ, ਗੁਰਦੀਪ ਸਿੰਘ ਲੱਭੀ, ਨਵਦੀਪ ਸਿੰਘ ਢੱਡੇ ਆਦਿ ਸ਼ਾਮਲ ਸਨ।