ਸ਼੍ਰੋਮਣੀ ਕਮੇਟੀ ਵਿਰੁਧ ਮਾਮਲਾ ਦਰਜ ਕਰਵਾਵਾਂਗਾ ਤੇ 'ਜਥੇਦਾਰ' ਦੇ ਦਫ਼ਤਰ ਬਾਹਰ ਧਰਨਾ ਦੇਵਾਂਗਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਰੈਫ਼ਰੈਂਸ ਲਾਇਬ੍ਰੇਰੀ ਮਾਮਲੇ 'ਤੇ ਅਹਿਮ ਭੂਮਿਕਾ ਅਦਾ ਕਰਨ ਵਾਲੇ ਸਤਿੰਦਰ ਸਿੰਘ ਨੇ ਕਿਹਾ 

Satinder Singh

ਅੰਮ੍ਰਿਤਸਰ : ਸਿੱਖ ਰੈਫ਼ਰੈਂਸ ਲਾਇਬ੍ਰੇਰੀ ਮਾਮਲੇ 'ਤੇ ਅਹਿਮ ਭੂਮਿਕਾ ਅਦਾ ਕਰਨ ਵਾਲੇ ਸਤਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਵਿਰੁਧ ਮਾਮਲਾ ਦਰਜ ਕਰਵਾਉਣਗੇ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਦਫ਼ਤਰ ਦੇ ਬਾਹਰ ਧਰਨਾ ਲਗਾਉਣਗੇ। ਅੱਜ ਜਾਰੀ ਬਿਆਨ ਵਿਚ ਸਤਿੰਦਰ ਸਿੰਘ ਨੇ ਕਿਹਾ ਕਿ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੀ ਲਗਭਗ ਦੋ ਮਹੀਨੇ ਤੋਂ ਬਣੀ ਅਖੌਤੀ ਜਾਂਚ ਕਮੇਟੀ ਦੀ ਦੂਸਰੀ ਮੀਟਿੰਗ ਦਾ ਸ. ਕ੍ਰਿਪਾਲ ਸੰਘ ਬਡੂੰਗਰ ਵਲੋਂ ਹੈਰਾਨੀਜਨਕ ਵੇਰਵਾ ਜਾਰੀ ਕੀਤਾ ਗਿਆ ਕਿ ਕੁੱਝ ਅਣਦਸੀਆਂ ਸ਼ਖ਼ਸੀਅਤਾਂ ਨਾਲ ਵਿਚਾਰ ਕਰਨੀ ਹੈ ਤੇ ਉਹ ਵਿਦੇਸ਼ ਹਨ ਇਸ ਲਈ ਅਗਲੀ ਮੀਟਿੰਗ ਸਤੰਬਰ ਵਿਚ ਹੋਵੇਗੀ। ਪਰ ਇਥੇ ਇਹ ਨਹੀਂ ਦਸਿਆ ਉਹ ਕਿਹੜੀਆਂ ਸ਼ਖ਼ਸੀਅਤਾਂ ਹਨ ਉਨ੍ਹਾਂ ਦੇ ਨਾਮ ਕੀ ਹਨ।

ਉਨ੍ਹਾਂ ਕਿਹਾ ਕਿ ਇਹ ਜਾਂਚ ਕਮੇਟੀ ਨਹੀਂ ਵਿਚਾਰ ਕਮੇਟੀ ਬਣ ਚੁਕੀ ਹੈ। ਵਿਚਾਰ ਕਰਨੀ ਹੈ ਵੀਡੀਉ ਕਾਨਫ਼ਰੰਸ ਜਾਂ ਫ਼ੋਨ 'ਤੇ ਵਿਚਾਰ ਕਿਉਂ ਨਹੀਂ ਹੋ ਸਕਦੀ? ਸਮੇਂ ਦੀ ਬਰਬਾਦੀ ਕਿਉਂ? ਦਿਲਮੇਘ ਸਿੰਘ ਜੋ ਇਸ ਜਾਂਚ ਕਮੇਟੀ ਦਾ ਮੈਂਬਰ ਵੀ ਹੈ, ਨੂੰ ਕਿਸੇ ਨੇ ਪੁਛਿਆ ਕਿ ਉਨ੍ਹਾਂ ਦੇ ਅਲੱਗ-ਅਲੱਗ ਸਮੇਂ ਦੇ ਬਿਆਨਾਂ ਵਿਚ ਜੋ ਗਿਣਤੀਆਂ ਦਿਤੀਆਂ ਗਈਆਂ ਉਨ੍ਹਾਂ ਦਾ ਆਧਾਰ ਕੀ ਸੀ? ਉਸ ਨੇ 10 ਸਾਲ ਰੀਪੋਰਟ ਕਿਉਂ ਦਬਾਅ ਕੇ ਰੱਖੀ ਬਲਕਿ ਭੁਲੇਖਾ ਪਾਊ ਬਿਊਰੇ ਪ੍ਰੈਸ ਵਿਚ ਦਿਤੇ। ਇਕ ਸ਼ੱਕੀ ਵਿਅਕਤੀ ਕਮੇਟੀ ਮੈਂਬਰ ਕਿਵੇਂ ਬਣ ਸਕਦਾ? ਇਹ ਸੁਪਰੀਮ ਕੋਰਟ ਦੇ ਹੁਕਮ ਦੀ ਉਲੰਘਣਾ ਹੈ।

ਉਨ੍ਹਾਂ ਕਿਹਾ ਕਿ ਲਗਭਗ 40 ਦਿਨ ਬੀਤ ਜਾਣ 'ਤੇ ਵੀ ਲਾਇਬ੍ਰੇਰੀ ਦਾ ਇੰਨਾ ਵੱਡਾ ਸਟਾਫ਼ ਕੁਲ 25 ਹਜ਼ਾਰ (ਤੁਹਾਡੀ ਕਹਿਣ ਮੁਤਾਬਕ) ਕਿਤਾਬਾਂ/ਖਰੜੇ ਤਕ ਗਿਣਕੇ ਰਜਿਸਟਰਾਂ ਨਾਲ ਮਿਲਾਣ ਨਹੀਂ ਕਰ ਸਕਿਆ? ਉਨ੍ਹਾਂ ਕਿਹਾ ਕਿ ਡਾ. ਅਮਰ ਸਿੰਘ ਜੋ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਸਾਥੀ ਹਨ, ਨੂੰ ਕਮੇਟੀ ਮੈਂਬਰ ਕਿਉਂ ਬਣਾਇਆ ਹੈ।? ਕੀ ਉਨ੍ਹਾਂ ਅਤੇ ਜਥੇਦਾਰ ਵੇਦਾਂਤੀ ਨੇ ਦੋ ਸਾਲ ਦੀ ਐਡਵਾਂਸ ਤਨਖ਼ਾਹ 56 ਲੱਖ ਰੁਪਇਆ ਲੈ ਕੇ ਅੱਜ 4 ਸਾਲ ਬਾਅਦ ਇਕ ਸੈਂਚੀ ਦੀ ਖੋਜ ਪੱਲੇ ਪਾਈ ਹੈ? ਉਨ੍ਹਾਂ ਸਵਾਲ ਕੀਤਾ ਕਿ 35 ਸਾਲ ਸਰਕਾਰ ਤੋਂ ਕਿਸ ਲਿਸਟ ਦੇ ਸਹਾਰੇ ਸਮਾਨ ਮੰਗਦੇ ਰਹੇ ਉਹ ਤਾਂ ਦਿਖਾਉ?