ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਤੋਂ ਸੁਲਤਾਨਪੁਰ ਲੋਧੀ ਲਈ ਨਗਰ ਕੀਰਤਨ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪ੍ਰਕਾਸ਼ ਦਿਹਾੜੇ ਮੌਕੇ ਸੰਗਤ ਸਰਬਸਾਂਝੀਵਾਲਤਾ ਦੇ ਸੁਨੇਹੇ ਨੂੰ ਅਮਲੀਜਾਮਾ ਪਹਿਨਾਵੇ : ਬਾਬਾ ਬਲਬੀਰ ਸਿੰਘ

Nagar Kirtan arrives From Gurdwara Sri Dhunivarna Sahib to Sultanpur Lodhi

ਪਟਿਆਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਤੋਂ ਸੁਲਤਾਨਪੁਰ ਲੋਧੀ ਲਈ ਰਵਾਨਾ ਕੀਤਾ ਗਿਆ। ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਖ਼ਾਲਸਾ ਸ਼ਤਾਬਦੀ ਕਮੇਟੀ ਅਤੇ ਬੁੱਢਾ ਦਲ ਦੇ ਸਹਿਯੋਗ ਨਾਲ ਕਢਿਆ ਗਿਆ।

ਨਗਰ ਕੀਰਤਨ ਦੀ ਆਰੰਭਤਾ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਵਲੋਂ ਅਰਦਾਸ ਉਪਰੰਤ ਹੋਈ। ਨਗਰ ਕੀਰਤਨ ਨੂੰ ਰਵਾਨਾ ਕਰਨ ਮੌਕੇ ਪੰਜਵਾਂ ਤਖ਼ਤ ਬੁੱਢਾ ਦਲ 96ਵੇਂ ਕਰੋੜੀ ਜਥੇਦਾਰ ਬਾਬਾ ਬਲਬੀਰ ਸਿੰਘ, ਸੁਰਜੀਤ ਸਿੰਘ ਰੱਖੜਾ, ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸੁਰਜੀਤ ਸਿੰਘ ਕੋਹਲੀ, ਸੁਰਜੀਤ ਸਿੰਘ ਅਬੋਲਵਾਲ, ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਸ਼ਵਿੰਦਰ ਸਿੰਘ ਸੱਭਰਵਾਲ, ਬਾਬਾ ਮੋਹਨ ਸਿੰਘ ਬਾਰਨ ਵਾਲੇ, ਸਕੱਤਰ ਬੁੱਢਾ ਦਲ ਦਿਲਜੀਤ ਸਿੰਘ ਬੇਦੀ, ਮੈਨੇਜਰ ਕਰਨੈਲ ਸਿੰਘ ਨਾਭਾ ਅਤੇ ਸ਼ਹਿਰ ਦੀਆਂ ਵੱਖ-ਵੱਖ ਧਾਰਮਕ ਸੁਸਾਇਟੀਆਂ ਆਦਿ ਸ਼ਾਮਲ ਹੋਈਆਂ। ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਏ ਨਗਰ ਕੀਰਤਨ ਦੌਰਾਨ ਫੁੱਲਾਂ ਨਾਲ ਸਜੀ ਪਾਲਕੀ ਦੇ ਨਾਲ-ਨਾਲ ਸੰਗਤਾਂ ਸਿਮਰਨ ਕਰਦੀਆਂ ਹੋਈਆਂ ਨਾਲ-ਨਾਲ ਚੱਲ ਰਹੀਆਂ ਸਨ।

ਇਸ ਮੌਕੇ ਵੱਡੀ ਗਿਣਤੀ 'ਚ ਕਾਰਾਂ, ਜੀਪਾਂ ਕਾਫ਼ਲੇ ਦੇ ਰੂਪ 'ਚ ਸ਼ਾਮਲ ਹੋਈਆਂ। ਸੰਗਤਾਂ ਫੁੱਲਾਂ ਦੀ ਵਰਖਾ ਨਾਲ ਪੰਜ ਪਿਆਰਿਆਂ ਅਤੇ ਗੁਰੂ ਸਾਹਿਬ ਦੀ ਪਾਲਕੀ ਦਾ ਸਵਾਗਤ ਕਰ ਰਹੀਆਂ ਸਨ। ਨਗਰ ਕੀਰਤਨ ਦੌਰਾਨ ਨਿਹੰਗ ਸਿੰਘ ਬਾਣੇ ਰੂਪੀ ਪਹਿਰਾਵੇ 'ਚ ਖਿੱਚ ਦਾ ਕੇਂਦਰ ਬਣੇ ਰਹੇ। ਇਸ ਮੌਕੇ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਨੇ ਅਪਣੀ ਬਾਣੀ ਰਾਹੀਂ ਸਮੁੱਚੀ ਮਾਨਵਤਾ ਨੂੰ ਸਰਬਸਾਂਝੀਵਾਲਤਾ ਦਾ ਸੁਨੇਹਾ ਦਿਤਾ ਅਤੇ ਸੰਗਤ ਪ੍ਰਕਾਸ਼ ਦਿਹਾੜੇ ਮੌਕੇ ਭਾਈਚਾਰਕ ਸਾਂਝ ਏਕਤਾ ਦੀ ਮਿਸਾਲ ਦਿੰਦੇ ਹੋਏ ਗੁਰੂ ਸਾਹਿਬ ਦੀਆਂ ਸਿਖਿਆਵਾਂ ਨੂੰ ਅਮਲੀਜਾਮਾ ਪਹਿਨਾਵੇ। ਇਸ ਦੌਰਾਨ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪ੍ਰਕਾਸ਼ ਦਿਹਾੜੇ ਮੌਕੇ ਵੱਖ-ਵੱਖ ਧਾਰਮਕ ਜਥੇਬੰਦੀਆਂ ਦਾ ਸ਼੍ਰੋਮਣੀ ਕਮੇਟੀ ਨੂੰ ਕੀਤਾ ਜਾ ਰਿਹਾ ਸਹਿਯੋਗ ਚੰਗਾ ਉਪਰਾਲਾ ਹੈ।